ਨਾਗਪੁਰ (3 ਅਕਤੂਬਰ, 2014): ਭਾਰਤ ਦੇ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਬਾਜਪਾ ਸਰਕਾਰ ਦੇ ਬਨਣ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਰਹਿਣ ਵਾਲੀ ਕੱਟੜ ਹਿੰਦੂਵਾਦੀ ਸੰਸਥਾ ਆਰ. ਐੱਸ. ਐੱਸ ਦੇ ਮੁਖੀ ਮੋਹਨ ਭਾਗਵਤ ਦੇ ਸਲਾਨਾ ਦੁਸਹਿਰੇ ਦੇ ਸਮਾਗਮ ਵਿੱਚ ਦਿੱਤੇ ਭਾਸ਼ਣ ਦਾ ਇਤਿਹਾਸ ‘ਚ ਪਹਿਲੀ ਵਾਰ ਦੂਰਦਰਸ਼ਨ ਵੱਲੋਂ ਨਾਗਪੁਰ ਤੋਂ ਸਿੱਧਾ ਪ੍ਰਸਾਰਨ ਕੀਤਾ ਗਿਆ।
ਦੂਰਦਰਸ਼ਨ ਦੇ ਇਸ ਕਦਮ ਤੇ ਭਾਸ਼ਣ ਦੀ ਵਿਸ਼ਾ ਵਸਤੂ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।ਮੀਡੀਆ ਵਿੱਚ ਨਸ਼ਰ ਰਿਪੋਰਟਾਂ ਵਿੱਚ ਇਤਰਾਜ਼ ਯੋਗ ਵਿਸ਼ਾ-ਵਸਤੂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਣ ਇਹ ਵਿਵਾਦ ਦਾ ਖੜਾ ਹੋਣਾ ਦੱਸਿਆ ਜਾ ਰਿਹਾ ਹੈ।
ਗੌਰਤਲਬ ਹੈ ਕਿ ਆਰ.ਐਸ.ਐਸ ਦੀ ਵਿਜੇਦਸ਼ਮੀ ਰੈਲੀ ਦਾ ਟੀ.ਵੀ. ‘ਤੇ ਕਦੀ ਵੀ ਸਿੱਧਾ ਪ੍ਰਸਾਰਨ ਨਹੀਂ ਕੀਤਾ ਗਿਆ। ਇਥੋਂ ਤੱਕ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਵੀ ਅਜਿਹਾ ਨਹੀਂ ਕੀਤਾ ਗਿਆ ਸੀ। ਦੂਰਦਰਸ਼ਨ ਦੇ ਇਸ ਪ੍ਰਸਾਰਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਕਈ ਸਿਆਸੀ ਆਗੂਆਂ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਸਿੱਧੇ ਪ੍ਰਸਾਰਨ ‘ਤੇ ਸਖ਼ਤ ਵਿਰੋਧ ਜਤਾਇਆ ਹੈ।