ਲੇਖ

ਕੀ ਸਿੱਖ ਕੌਮ, ਕੁਲਦੀਪ ਨਈਅਰ ਦੇ ‘ਮਾਫੀ ਜਾਲ’ ਵਿੱਚ ਫਸੇਗੀ? – ਡਾ. ਅਮਰਜੀਤ ਸਿੰਘ

By ਸਿੱਖ ਸਿਆਸਤ ਬਿਊਰੋ

July 18, 2012

ਸਿੱਖ ਕੌਮ ਵਿੱਚ ਅਜੇ ਕੁਲਦੀਪ ਨਈਅਰ ਦੀ 18 ਜੂਨ ਦੀ ਲਿਖਤ ਸਬੰਧੀ ਰੋਸ ਅਤੇ ਅਤੇ ਅਫਸੋਸ ਦਾ ਦੌਰ ਚੱਲ ਹੀ ਰਿਹਾ ਸੀ ਕਿ ਉਸ ਦੀ ਸੱਜਰੀ ਪ੍ਰਕਾਸ਼ਤ ਪੁਸਤਕ ‘ਬਿਟਵੀਨ ਦੀ ਲਾਈਨਜ਼’ ਨੇ, ਸਿੱਖ ਰੋਸ ਨੂੰ ਇੱਕ ਤੂਫਾਨ ਵਿੱਚ ਪ੍ਰਚੰਡ ਕਰ ਦਿੱਤਾ ਹੈ। ਇਸ ਪੁਸਤਕ ਵਿੱਚ, ਜਿਸਨੂੰ ਨਈਅਰ ਆਪਣੀ ‘ਸ੍ਵੈ-ਜੀਵਨੀ’ ਕਹਿੰਦਾ ਹੈ, ਪੰਜਾਬ ਮਸਲੇ ਤੇ ਸਿੱਖ ਸ਼ਖਸੀਅਤਾਂ ਸਬੰਧੀ ਬਹੁਤ ਗਲਤ ਬਿਆਨੀਆਂ ਕੀਤੀਆਂ ਗਈਆਂ ਹਨ। ਇਸ ਪੁਸਤਕ ਵਿਚਲਾ ਇੱਕ 17-18 ਸਫਿਆਂ ਦਾ ਚੈਪਟਰ, 1980ਵਿਆਂ ਦੇ ਪੰਜਾਬ-ਦੌਰ ਸਬੰਧੀ ਹੈ, ਜਿਸ ਦਾ ਨਾਂ ‘ਪੰਜਾਬ ਵਿੱਚ ਰੌਲਾ-ਰੱਪਾ’ (ਟਰਮੌਇਲ ਇਨ ਪੰਜਾਬ) ਰੱਖਿਆ ਗਿਆ ਹੈ। ਇਸ ਚੈਪਟਰ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ, ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਸਬੰਧੀ ਬਹੁਤ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ, ਉੱਥੇ ਖਾਲਿਸਤਾਨ ਦੀ ਝੰਡਾ ਬਰਬਾਦਰ ਜਥੇਬੰਦੀ ਦਲ ਖਾਲਸਾ ਨੂੰ ਵੀ ਗਿਆਨੀ ਜ਼ੈਲ ਸਿੰਘ ਦੀ ਉਪਜ ਦੱਸਣ ਦਾ ਕੋਝਾ ਯਤਨ ਕੀਤਾ ਗਿਆ ਹੈ। ਇਤਿਹਾਸਕ ਹਵਾਲਿਆਂ ਨਾਲ ਇਸ ਲਿਖਤ ਵਿੱਚ ਹੋਰ ਬਹੁਤ ਸਾਰੀਆਂ ਤਰੁੱਟੀਆਂ ਹਨ। ਪਾਠਕਾਂ ਦੀ ਜਾਣਕਾਰੀ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਪਣੀ 20 ਜੂਨ, 2012 ਦੀ ਲਿਖਤ ਵਿੱਚ ਕੁਲਦੀਪ ਨਈਅਰ ਨੂੰ ਲੰਬੇ ਹੱਥੀਂ ਲੈਂਦਿਆਂ ਅਸੀਂ ਲਿਖਿਆ ਸੀ – ‘‘18 ਜੂਨ ਦੀ ‘ਇੰਗਲਿਸ਼ ਟ੍ਰਿਬਿਊਨ’ ਵਿੱਚ ਕੁਲਦੀਪ ਨਈਅਰ ਦਾ ਇੱਕ ਲੰਮਾ ਚੌੜਾ ਆਰਟੀਕਲ ‘ਪੰਜਾਬ ਵਿੱਚ ਅੱਗ ਨਾਲ ਖੇਡਿਆ ਜਾ ਰਿਹਾ ਹੈ – ਅਕਾਲੀ ਭਾਰਤੀ ਰਾਸ਼ਟਰ ਨੂੰ ਜਵਾਬਦੇਹ’ ਦੇ ਸਿਰਲੇਖ ਹੇਠ ਛਪਿਆ ਹੈ। ਸਾਨੂੰ ਲਗਭਗ 18 ਵਰ੍ਹੇ ਪਹਿਲਾਂ ਸਤਿਗੁਰੂ ਨੇ ਇਹ ਮਾਣ ਬਖਸ਼ਿਆ ਸੀ ਕਿ ਸ਼ਿਕਾਗੋ (ਗੁਰਦੁਆਰਾ ਸਾਹਿਬ, ਪੈਲੇਟਾਇਨ) ਵਿਖੇ, ਸੰਗਤ ਦੇ ਸਾਹਮਣੇ ਹੋਈ ਇੱਕ ਖੁੱਲ੍ਹੀ ਵਿਚਾਰ ਚਰਚਾ ਦੌਰਾਨ ਕੁਲਦੀਪ ਨਈਅਰ ਦੇ ਬੁੱਲਾਂ ’ਤੇ ਸਿੱਕਰੀ ਜੰਮੀ ਸੀ ਅਤੇ ਮੱਥੇ ਤੋਂ ਪਸੀਨੇ ਦਾ ਹੜ੍ਹ ਵਗਿਆ ਸੀ। ਯਾਦ ਰਹੇ ਕਿ ਇਹ ਕੁਲਦੀਪ ਨਈਅਰ ਇੰਗਲੈਂਡ ਵਿੱਚ ਭਾਰਤ ਦਾ ਰਾਜਦੂਤ ਵੀ ਰਿਹਾ ਹੈ ਅਤੇ 1996 ਵਿੱਚ ਇਹ ਉਦੋਂ ਪ੍ਰਧਾਨ ਮੰਤਰੀ ਦੇਵਗੌੜਾ ਦੇ ਵਿਸ਼ੇਸ਼ ਦੂਤ ਦੇ ਰੂਪ ਵਿੱਚ, ਸਿੱਖਾਂ ਨੂੰ ਗੁੰਮਰਾਹ ਕਰਨ ਲਈ, ਅਮਰੀਕਾ ਦੇ ਦੌਰੇ ’ਤੇ ਆਇਆ ਹੋਇਆ ਸੀ। ਸੋ, ਸਾਨੂੰ ਤਾਂ ਇਸ ‘ਫਿਰਕੂ ਹਿੰਦੂ ਰਾਸ਼ਟਰਵਾਦੀ’ ਬਾਰੇ ਕਦੀ ਕੋਈ ਭੁਲੇਖਾ ਨਹੀਂ ਰਿਹਾ ਪਰ ਜਿਹੜੇ ਸਾਡੇ ਅਕਾਲੀ ਵੀਰ, ਇਸ ਨਈਅਰ ਨੂੰ ਮੰਜੀ ਸਾਹਿਬ – ਅੰਮ੍ਰਿਤਸਰ ਵਿਖੇ ਸਨਮਾਨਦੇ ਰਹੇ ਹਨ ਅਤੇ ਪੰਜਾਬ ਵਿੱਚ ਥਾਂ-ਥਾਂ ’ਤੇ ਸੱਦ ਕੇ ਗਲ ਵਿੱਚ ਸਿਰੋਪਾਓ ਪਾਉਂਦੇ ਰਹਿੰਦੇ ਹਨ, ਉਨ੍ਹਾਂ ਨੂੰ ਨਈਅਰ ਦਾ ਇਹ ਲੇਖ ਜ਼ਰੂਰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।’’

‘‘ਅਸੀਂ ਨਈਅਰ ਦੇ ਸਾਰੇ ਲੇਖ ਦਾ ‘ਅਨੁਵਾਦ’ ਕਰਕੇ, ਉਸ ਨੂੰ ਮਾਨਤਾ ਨਹੀਂ ਦੇਣਾ ਚਾਹੁੰਦੇ। ਨਈਅਰ ਦੀ ਲਿਖਤ ਵਿੱਚ ਜਿਥੇ ਭਾਰਤੀ ਏਕਤਾ-ਅਖੰਡਤਾ ਤੋੜਨ ਲਈ ‘ਅਕਾਲੀਆਂ’ (ਇਸ ਨੂੰ ਸਿੱਖ ਪੜ੍ਹਿਆ ਜਾਵੇ) ਨੂੰ ਪੇਸ਼ਕਦਮੀਂ ਕਰਦਿਆਂ ਦਰਸਾਇਆ ਗਿਆ ਹੈ, ਉਥੇ ਬਲਵੰਤ ਸਿੰਘ ਰਾਜੋਆਣੇ ਲਈ ਪਟੀਸ਼ਨ ਕਰਨ ਨੂੰ ਵੀ ਦੇਸ਼-ਧ੍ਰੋਹ ਦੇ ਖਾਤੇ ਵਿੱਚ ਹੀ ਪਾਇਆ ਗਿਆ ਹੈ। ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਅਜ਼ਾਦੀ -ਘੁਲਾਟੀਆਂ ਦੀ ਰੱਜ ਕੇ ਭੰਡੀ ਕਰਦਿਆਂ, ‘ਸ਼ਹੀਦੀ-ਯਾਦਗਾਰ’ ਨੂੰ ਪੰਜਾਬ ਦੇ ਅਮਨ-ਚੈਨ ਲਈ ਖਤਰਾ ਗਰਦਾਨਿਆ ਗਿਆ ਹੈ। ਭਾਰਤੀ ਗ੍ਰਹਿ ਮੰਤਰੀ ਨੂੰ ਫਿਟਕਾਰ ਪਾਈ ਗਈ ਹੈ ਕਿ ਹੁਣ ਤੱਕ ਉਸ ਨੇ ਪੰਜਾਬ ਸਰਕਾਰ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਦਲੀਲੀ ਤੇ ਈਮਾਨਦਾਰੀ ਦੇ ਸਾਰੇ ਹੱਦ-ਬੰਨ੍ਹੇ ਤੋੜਦਿਆਂ, ਇਹ ਨਈਅਰ ਭਾਰਤ ਸਰਕਾਰ ਨੂੰ ਕਹਿੰਦਾ ਹੈ ਕਿ ਸਿੱਖਾਂ ਦੀ ਸ਼੍ਰੋਮਣੀ ਕਮੇਟੀ, ਜਿਸ ਬ੍ਰਿਟਿਸ਼ ਐਕਟ (ਗੁਰਦੁਆਰਾ ਐਕਟ, 1925) ਹੇਠ ਹੋਂਦ ਵਿੱਚ ਆਈ ਸੀ, ਇਸ ਐਕਟ ਨੂੰ ਖਤਮ ਕਰਕੇ, ਸ਼੍ਰੋਮਣੀ ਕਮੇਟੀ ਭੰਗ ਕਰ ਦਿੱਤੀ ਜਾਵੇ!’’

‘‘ਉਸ ਮੁਤਾਬਿਕ ਫਿਰ ‘ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ।’ ਸਿੱਖਾਂ ਦੇ ਮੀਰੀ-ਪੀਰੀ ਦੇ ਇਲਾਹੀ ਸਿਧਾਂਤ ’ਤੇ ਸਿੱਧਾ ਵਾਰ ਕਰਦਿਆਂ, ਇਹ ਘਾਹ ਦਾ ਸੱਪ ਕਹਿੰਦਾ ਹੈ ਕਿ ਅਕਾਲੀਆਂ ਨੇ ਧਰਮ ਤੇ ਸਿਆਸਤ ਨੂੰ ਇੱਕ ਰੱਖਣ ਦਾ ਜਿਹੜਾ ਸਿੱਖੀ-ਸਿਧਾਂਤ ਅਪਣਾਇਆ ਹੋਇਆ ਹੈ, ਇਹ ਵੇਲਾ-ਵਿਹਾ ਚੁੱਕਾ ਤੇ ਫਜ਼ੂਲ ਸਿਧਾਂਤ’ ਹੈ, ਇਸ ਦਾ ਭੋਗ ਪਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸੈਕੂਲਰਿਜ਼ਮ ਦੀ ਕੁਵਰਤੋਂ ਹੈ। ਪਾਠਕਜਨ! ਸਾਨੂੰ ਆਪਣੇ ਦੋਸਤ ਤੇ ਦੁਸ਼ਮਣ ਦੀ ਸਮਝ ਕਦੋਂ ਆਵੇਗੀ? ਕੀ ਅਸੀਂ ਸਦਾ ਸੱਪਾਂ ਨੂੰ ਦੁੱਧ ਪਿਲਾਉਂਦੇ ਰਹਾਂਗੇ ਤੇ ਸ਼ਹੀਦ ਸਿੱਖਾਂ ਦੀ ਥਾਂ, ਮਰੀਆਂ ਗਊਆਂ ਦੀ ਯਾਦਗਾਰ ਬਣਾਉਣ ਵਿੱਚ ਹੀ ਮਾਣ ਮਹਿਸੂਸ ਕਰਦੇ ਰਹਾਂਗੇ? …ਆਖਰ ਕਦੋ ਤੱਕ?’’

ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰ ਕੁਲਦੀਪ ਨਈਅਰ ਸੁੱਕਾ ਨਹੀਂ ਬਚ ਸਕਿਆ ਅਤੇ ਸਿੱਖ ਵਿਦਵਾਨਾਂ ਅਤੇ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖਾਲਸਾ ਆਦਿਕ ਪੰਥਕ ਜਥੇਬੰਦੀਆਂ ਨੇ ਉਸ ਦੀ ਲਿਖਤ ਦਾ ਗੰਭੀਰ ਨੋਟਿਸ ਲੈਂਦਿਆਂ, ਉਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਚੈਲੰਜ ਕੀਤਾ। ਹੋਰ ਤਾਂ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਵੀ ਇਸ ਸਬੰਧੀ ਨਈਅਰ ਨੂੰ ਰੋਸ-ਪੱਤਰ ਲਿਖਿਆ ਅਤੇ ਉਸ ਨੂੰ ‘ਸਿੱਖ ਵਿਰੋਧੀ’ ਹੋਣ ਦੀ ਸੰਗਿਆ ਦਿੱਤੀ। ਸਿੱਖ ਵਿਦਵਾਨ ਸ. ਗੁਰਤੇਜ ਸਿੰਘ ਹੋਰਾਂ ਨੇ ਨਈਅਰ ਦੀ ਲਿਖਤ ਦਾ ਨੁਕਤਾ-ਬ-ਨੁਕਤਾ ਵਿਸ਼ਲੇਸ਼ਣ ਕਰਦਿਆਂ ਉਸ ਦੇ ਹਿੰਦੂਤਵੀ ਚਿਹਰੇ ਨੂੰ ਉਜਾਗਰ ਕੀਤਾ। ਦਲ ਖਾਲਸਾ ਜਥੇਬੰਦੀ ਦੀ ਪ੍ਰਤੀਕ੍ਰਿਆ ਵੀ ਬੌਧਿਕ ਪੱਧਰ ’ਤੇ ਨਈਅਰ ਦੀ ਸਿੱਖ-ਵਿਰੋਧੀ ਮਾਨਸਿਕਤਾ ਨੂੰ ਬੇ-ਪਰਦ ਕਰਦੀ ਸੀ। ਉਨ੍ਹਾਂ ਨੇ ਨਈਅਰ ਤੋਂ ਮੰਗ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਵਲੋਂ ਲਿਆ ਗਿਆ ਐਵਾਰਡ ਤੇ ਪੈਸੇ ਵਾਪਸ ਕਰੇ।

ਉਪਰੋਕਤ ਚੈਲੰਜ ਦੇ ਚੱਲਦਿਆਂ, ਨਈਅਰ ਨੇ ਆਪਣੀ ‘ਸ੍ਵੈ-ਜੀਵਨੀ’ ਦੀ ਘੁੰਡ ਚੁਕਾਈ ਕੀਤੀ। ਪੁਸਤਕ ਵਿਚਲੀਆਂ ਸਿੱਖ ਵਿਰੋਧੀ ਟਿੱਪਣੀਆਂ ਨੇ ਅੱਗ ’ਤੇ ਤੇਲ ਪਾਉਣ ਦਾ ਕੰਮ ਕੀਤਾ। ਇਸ ਦੇ ਵਿਰੋਧ ਵਿੱਚ ਲੁਧਿਆਣੇ ਤੇ ਸ੍ਰੀਨਗਰ ਵਿੱਚ ਰੋਸ ਵਿਖਾਵੇ ਹੋਏ ਅਤੇ ਕਿਤਾਬ ਨੂੰ ਦਿੱਲੀ ਵਿੱਚ ਨਈਅਰ ਦੇ ਘਰ ਦੇ ਬਾਹਰ ਸਾੜਨ ਦਾ ਐਲਾਨ ਵੀ ਕੀਤਾ ਗਿਆ। ਖਾਲਸਾ ਐਕਸ਼ਨ ਕਮੇਟੀ ਨੇ ਇਸ ਸਬੰਧੀ 20 ਜੁਲਾਈ ਨੂੰ ਹੰਗਾਮੀ ਮੀਟਿੰਗ ਸੱਦਣ ਦਾ ਐਲਾਨ ਕੀਤਾ। ਦਲ ਖਾਲਸਾ ਦੇ ਸਾਬਕਾ ਪ੍ਰਧਾਨ ਸ. ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ, ਨਈਅਰ ਨੂੰ ਸਿੱਧੀ ਟੀ. ਵੀ. ਬਹਿਸ ਵਿੱਚ ਵੰਗਾਰਿਆ। ਭਿੱਜੀ ਬਿੱਲੀ ਬਣੇ ਨਈਅਰ ਨੇ ਮੰਨਿਆ ਕਿ ਉਸ ਨੇ ਤੱਥਾਂ ਦੀ ਪੜਚੋਲ ਕੀਤੇ ਬਿਨਾਂ ਇੱਕ-ਪਾਸੜ ਲਿਖਤ ਲਿਖੀ ਹੈ। ਨਈਅਰ ਦੀ ਇਹ ‘ਖੂਬਸੂਰਤੀ’ ਹੈ ਕਿ ਆਪਣੀ ਲਿਖੀ ਗੱਲ ਨੂੰ ਸੱਚ ਸਾਬਤ ਕਰਨ ਲਈ ਉਹ ਹਮੇਸ਼ਾਂ ‘ਮਰ-ਚੁੱਕੇ’ ਵਿਅਕਤੀਆਂ ਦਾ ਹਵਾਲਾ ਦੇਂਦਾ ਹੈ ਕਿਉਂਕਿ ਮੋਇਆਂ ਨੇ ਮੜ੍ਹੀਆਂ ’ਚੋਂ ਆ ਕੇ ਤਾਂ ਆਪਣੀ ਸਫਾਈ ਦੇਣੀ ਨਹੀਂ।

ਕੁਲਦੀਪ ਨਈਅਰ ਨੇ ਸਿੱਖ ਕੌਮ ਵਿਚਲੇ ਵਿਆਪਕ ਰੋਹ ਨੂੰ ਵੇਖਦਿਆਂ, ਆਪਣੇ ‘ਚਾਣਕਿਆ ਭੱਥੇ’ ਵਿੱਚੋਂ ‘ਮਾਫੀ ਤੀਰ’ ਕੱਢ ਕੇ ਚਲਾਇਆ। 16 ਜੁਲਾਈ ਦੀ ਅਖਬਾਰੀ ਖਬਰ ਅਨੁਸਾਰ ਨਈਅਰ ਸਾਹਬ ਨੇ ਫੁਰਮਾਇਆ, ‘ਮੇਰੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਮੇਰੀ ਸ੍ਵੈ-ਜੀਵਨੀ ਦੇ ਕੁਝ ਹਿੱਸਿਆਂ ’ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸਖਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਮੈਂ ਹਮੇਸ਼ਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਦਈ ਰਿਹਾ ਹਾਂ ਅਤੇ ਇਸ ਸਬੰਧੀ ਮੇਰੀਆਂ ਲਿਖਤਾਂ ਅਤੇ ਸਰਗਰਮੀਆਂ ਦਾ ਇੱਕ ਲੰਮਾ ਇਤਿਹਾਸ ਹੈ। …….ਮੇਰਾ ਸਿੱਖਾਂ ਦੇ ਕਿਸੇ ਵੀ ਹਿੱਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ, ਇਸ ਲਈ ਆਪਣੀ ਸ੍ਵੈ-ਜੀਵਨੀ ਵਿੱਚੋਂ ਉਹ ਹਿੱਸੇ, ਜਿਨ੍ਹਾਂ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ, ਉਨ੍ਹਾਂ ਨੂੰ ਕਿਤਾਬ ਦੇ ਅਗਲੇ ਅੰਕਾਂ ਵਿੱਚ ਹਟਾ ਦਿੱਤਾ ਜਾਵੇਗਾ। ਫੇਰ ਵੀ ਇਸ ਕਾਰਨ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਇਸ ਦਾ ਬੇਹੱਦ ਅਫਸੋਸ ਹੈ ਅਤੇ ਮੈਂ ਇਸ ਲਈ ਮਾਫੀ ਮੰਗਦਾ ਹਾਂ।’

ਪਾਠਕਜਨ! ਕੁਲਦੀਪ ਨਈਅਰ ਦੇ ਉਪਰੋਕਤ ਅਖੌਤੀ ‘ਮਾਫੀਨਾਮੇ’ ’ਤੇ ਪੰਜਾਬੀ ਦਾ ਇਹ ਅਖਾਣ ਬਿਲਕੁਲ ਢੁਕਦਾ ਹੈ –

‘ਰੋਟੀ ਖਾਓ ਸ਼ੱਕਰ ਨਾਲ।

ਦੁਨੀਆਂ ਲੁੱਟੋ ਮੱਕਰ ਨਾਲ।’

ਜ਼ਾਹਰ ਹੈ ਕਿ ਬੀਤੇ ਦੌਰ ਦੇ ਸਿਆਣੇ ਬਜ਼ੁਰਗ ਚੰਗੀ ਤਰ੍ਹਾਂ ਸਮਝਦੇ ਸਨ ਕਿ ਮੱਕਾਰ ਲੋਕ ਕਿਵੇਂ ਮੋਮੋਠੱਗਣੀਆਂ ਗੱਲਾਂ ਨਾਲ ਲੋਕਾਂ ਨੂੰ ਭਰਮਾ ਲੈਂਦੇ ਹਨ ਅਤੇ ਖੁਦ ਮੌਜ ਮੇਲੇ ਦੀ ਜ਼ਿੰਦਗੀ ਗੁਜ਼ਾਰਦੇ ਹਨ। ਸਾਨੂੰ ਇਉਂ ਲਗਦਾ ਹੈ ਕਿ ਕੁਲਦੀਪ ਨਈਅਰ ਨੇ ਆਪਣੀ 18 ਜੂਨ ਦੀ ਸਿੱਖ ਵਿਰੋਧੀ ਲਿਖਤ ਅਤੇ ਇੱਕਦਮ ਬਾਅਦ ਆਪਣੀ ਪੁਸਤਕ ਦੀ ਰਿਲੀਜ਼ ਦਾ ਟਾਇਮ, ਗਿਣ-ਮਿੱਥ ਕੇ ਹੀ ਨਿਰਧਾਰਤ ਕੀਤਾ। ਦੁਨੀਆਂ ਜਾਣਦੀ ਹੈ ਕਿ ਜਿਸ ਪੁਸਤਕ ਸਬੰਧੀ ਵਾਦ-ਵਿਵਾਦ ਖੜਾ ਹੋ ਜਾਵੇ ਜਾਂ ਜਿਸ ’ਤੇ ਪਾਬੰਦੀ ਲੱਗ ਜਾਵੇ, ਉਸ ਦੀ ਵਿੱਕਰੀ ਕਈ ਗੁਣਾਂ ਜ਼ਿਆਦਾ ਹੁੰਦੀ ਹੈ, ਕਿਉਂਕਿ ਵਾਦ-ਵਿਵਾਦ ਕਿਸੇ ਵੀ ਮੁੱਦੇ ਨੂੰ ਲੋਕਾਂ ਵਿੱਚ ਪ੍ਰਚੱਲਤ ਕਰ ਦੇਂਦਾ ਹੈ। ਕਿਸੇ ਵੀ ਨਵੀਂ ਰਿਲੀਜ਼ ਹੋਈ ਪੁਸਤਕ ਦੀ ਪਹਿਲੀ ਐਡੀਸ਼ਨ, ਪ੍ਰਕਾਸ਼ਕਾਂ ਵਲੋਂ ਅੱਡ-ਅੱਡ ਲਾਇਬਰੇਰੀਆਂ, ਸੰਸਥਾਵਾਂ ਆਦਿ ਨੂੰ ਵੀ ਭੇਜੀ ਜਾਂਦੀ ਹੈ ਅਤੇ ਇਸ ਤਰ੍ਹਾਂ ਇਹ ਪੁਸਤਕ ਉਨ੍ਹਾਂ ਦੇ ‘ਪੁਸਤਕ ਸੂਚੀ ਪੱਤਰ’ (ਬੁੱਕ ਕੈਟਾਲੌਗ) ਦਾ ਹਿੱਸਾ ਬਣਦੀ ਹੈ। ਬਾਅਦ ਦੀਆਂ ਐਡੀਸ਼ਨਾਂ ਦਾ ਇਸ ਹਵਾਲੇ ਨਾਲ ਕੋਈ ਮਤਲਬ ਨਹੀਂ ਹੁੰਦਾ।

ਜੇ ਕੁਲਦੀਪ ਨਈਅਰ ਸੱਚਮੁੱਚ ‘ਪਛਤਾਵੇ’ ਵਿੱਚ ਹੁੰਦਾ ਤਾਂ ਉਸ ਦਾ ਸਟੈਂਡ ਇਹ ਹੋਣਾ ਚਾਹੀਦਾ ਸੀ ਕਿ ‘ਪੁਸਤਕ ਦੀਆਂ ਮਾਰਕੀਟ ਵਿੱਚ ਗਈਆਂ ਕਾਪੀਆਂ ਵਾਪਸ ਮੰਗਵਾ ਲਈਆਂ ਗਈਆਂ ਹਨ ਅਤੇ ਅੱਗੋਂ ਲਈ ਇਸ ਦੀ ਵਿੱਕਰੀ ’ਤੇ ਰੋਕ ਲਾ ਦਿੱਤੀ ਗਈ ਹੈ।’ ਉਹ ਪੁਸਤਕ ਵਿਚਲੀਆਂ ਆਪਣੀਆਂ ਗਲਤੀਆਂ ਸੁਧਾਰ ਕੇ, ਕੁਝ ਹਫਤਿਆਂ ਬਾਅਦ ਮੁੜ ਇਸਨੂੰ ਰਿਲੀਜ਼ ਕਰਦਾ। ਪਰ ਇਹ ਮੱਕਾਰ ਆਦਮੀ ਤਾਂ ਆਪਣੀ ਧੋਖਾਧੜੀ ਦੀ ਖੇਡ ਖੇਡ ਰਿਹਾ ਹੈ। ਹੁਣ ਕਿਤਾਬ ਵੀ ਧੜਾਧੜ ਵਿਕ ਰਹੀ ਹੈ ਅਤੇ ਸਾਡੇ ਕੁਝ ਨਾ ਸਮਝ ਵੀਰ-ਭੈਣਾਂ ਵੀ ਖੁਸ਼ ਹੋ ਕੇ ਕਹਿਣਗੇ ਕਿ ‘ਵੇਖੋ ਜੀ, ਹੁਣ ਨਈਅਰ ਨੇ ਮਾਫੀ ਮੰਗ ਲਈ ਹੈ, ਇਸ ਲਈ ਗੱਲ ਨੂੰ ਹੁਣ ਜਾਣ ਦਿਓ।’ ਕੁਝ ਸਿੱਖ ਅਣਜਾਣਪੁਣੇ ’ਚ ਅਤੇ ਨਈਅਰ ਦੇ ਕੁਝ ਬੇਈਮਾਨ ਯਾਰ ਤਾਂ ਹੁਣ ਤੋਂ ਹੀ ਉਸ ਨੂੰ ਕਲੀਨ ਚਿੱਟਾਂ ਦੇ ਬਿਆਨ ਦਾਗਣ ਲੱਗ ਵੀ ਪਏ ਹਨ ਤਾਂ ਕਿ ਗੱਲ ਆਈ-ਗਈ ਹੋ ਜਾਵੇ ਅਤੇ ਕਿਤਾਬ ਦਾ ਪਹਿਲਾ ਐਡੀਸ਼ਨ, ਜਿਸ ਵਿੱਚ ਵਿਵਾਦਤ ਸਮੱਗਰੀ ਛਪੀ ਹੈ, ਦੇਸ਼-ਵਿਦੇਸ਼ ਦੀਆਂ ਲਾਇਬਰੇਰੀਆਂ ਤੇ ਬੁੱਧੀਜੀਵੀਆਂ ਦੇ ਘਰਾਂ ਦਾ ਸ਼ਿੰਗਾਰ ਬਣ ਜਾਵੇ।

ਅਸੀਂ ਆਪਣੇ ਜਾਗਰੂਕ ਵੀਰਾਂ-ਭੈਣਾਂ, ਵਿਸ਼ੇਸ਼ਕਰ ਪੰਥਕ ਜਥੇਬੰਦੀਆਂ (ਬਾਦਲ ਦਲੀਆਂ ਤੋਂ ਕੋਈ ਤਵੱਕੋ ਨਹੀਂ ਕਿਉਂਕਿ ਇਨ੍ਹਾਂ ਨੇ ਤਾਂ ਅਡਵਾਨੀ ਦੀ ਕਿਤਾਬ ਦਾ ਵੀ ਵਿਰੋਧ ਨਹੀਂ ਸੀ ਕੀਤਾ) ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਉਹ ਨਈਅਰ ਦੇ ਮਾਫੀ ਜਾਲ ਵਿੱਚ ਨਾ ਫਸਣ ਅਤੇ ਉਸ ਨੂੰ ਸਪੱਸ਼ਟਤਾ ਨਾਲ ਕਹਿਣ ਕਿ ਉਹ ਆਪਣੀ ਪੁਸਤਕ ਦੀਆਂ ਸਾਰੀਆਂ ਕਾਪੀਆਂ ਮਾਰਕੀਟ ਵਿੱਚੋਂ ਵਾਪਸ ਮੰਗਵਾਏ ਅਤੇ ਕਿਤਾਬ ਨੂੰ ਦਰੁੱਸਤ ਕਰਕੇ ਮੁੜ ਛਾਪਿਆ ਜਾਵੇ। ਉਦੋਂ ਤੱਕ ਨਈਅਰ ਦਾ ਵਿਰੋਧ ਜਾਰੀ ਰੱਖਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: