Site icon Sikh Siyasat News

ਡਾ. ਧਰਮਵੀਰ ਗਾਂਧੀ ਨੇ ਪੰਜਾਬ ਮੰਚ ਬਣਾਉਣ ਦਾ ਕੀਤਾ ਐਲਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ (‘ਆਪ’) ਵਿੱਚੋਂ ਮੁਅੱਤਲ ਕੀਤੇ ਪਟਿਆਲਾ ਹਲਕੇ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਨਵਾਂ ‘ਪੰਜਾਬ ਮੰਚ’ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਨੂੰ ਭਵਿੱਖ ਵਿੱਚ ਸਿਆਸੀ ਪਾਰਟੀ ਵਜੋਂ ਵਿਕਸਿਤ ਕੀਤਾ ਜਾਵੇਗਾ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗਾਂਧੀ ਅਤੇ ਹੋਰ

ਡਾ. ਗਾਂਧੀ ਨੇ ਕਿਹਾ ਕਿ ਪੰਜਾਬੀ ਹਿਤੈਸ਼ੀਆਂ ’ਤੇ ਆਧਾਰਿਤ ਬਣਾਏ ਇਸ ਮੰਚ ਦਾ ਉਦੇਸ਼ ‘ਫੈਡਰਲ ਭਾਰਤ, ਜਮਹੂਰੀ ਪੰਜਾਬ’ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਕਿਸੇ ਵੇਲੇ ਪੰਜਾਬੀਆਂ ਦੀ ਆਵਾਜ਼ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਨੂੰ ਬੇਦਾਵਾ ਦੇ ਕੇ ਦਿੱਲੀ ਦੀ ਅਧੀਨਗੀ ਮੰਨ ਲਈ ਹੈ ਅਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਪਹਿਲਾਂ ਹੀ ਦਿੱਲੀ ਦਰਬਾਰ ਦੀਆਂ ਪਿਛਲੱਗ ਪਾਰਟੀਆਂ ਹਨ। ਇਸ ਕਾਰਨ ਸੂਬੇ ਵਿੱਚ ਪੰਜਾਬੀਆਂ ਦੀ ਆਵਾਜ਼ ਉਠਾਉਣ ਵਾਲੀ ਕੋਈ ਵੀ ਖੇਤਰੀ ਆਵਾਜ਼ ਨਹੀਂ ਬਚੀ ਅਤੇ ਉਨ੍ਹਾਂ ਨੇ ਪੰਜਾਬੀਅਤ ਦੇ ਇਸੇ ਖਲਾਅ ਨੂੰ ਪੂਰਨ ਲਈ ਪੰਜਾਬ ਮੰਚ ਬਣਾਇਆ ਹੈ।

ਪੰਜਾਬ ਮੰਚ ਦੀ ਮੁੱਢਲੀ ਟੀਮ ਵਿੱਚ ਡਾ. ਗਾਂਧੀ ਸਮੇਤ ਡਾ. ਜਗਜੀਤ ਚੀਮਾ, ਪ੍ਰੋ. ਬਾਵਾ ਸਿੰਘ, ਪ੍ਰੋ. ਮਲਕੀਅਤ ਸਿੰਘ ਸੈਣੀ, ਪ੍ਰੋ. ਰੌਣਕੀ ਰਾਮ, ਪੱਤਰਕਾਰ ਸੁਖਦੇਵ ਸਿੰਘ, ਹਰਮੀਤ ਕੌਰ ਬਰਾੜ, ਗੁਰਪ੍ਰੀਤ ਕੌਰ ਗਿੱਲ, ਦਿਲਪ੍ਰੀਤ ਗਿੱਲ ਅਤੇ ਡਾ. ਹਰਿੰਦਰ ਸਿੰਘ ਜ਼ੀਰਾ ਨੂੰ ਸ਼ਾਮਲ ਕੀਤਾ ਗਿਆ ਹੈ। ਡਾ. ਗਾਂਧੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ‘ਆਪ’ ਦੀ ਹਾਈਕਮਾਂਡ ਨੂੰ ਉਨ੍ਹਾਂ ਉਪਰ ਲੱਗੇ ਦੋਸ਼ਾਂ ਦੇ ਜਵਾਬ ਢਾਈ ਸਾਲ ਪਹਿਲਾਂ ਦੇ ਚੁੱਕੇ ਹਨ ਅਤੇ ਇਹ ਹੁਣ ਲੀਡਰਸ਼ਿਪ ਦੇ ਹੱਥ ਹੈ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਰੱਖਣਾ ਹੈ ਜਾਂ ਕੱਢਣਾ ਹੈ ਪਰ ਉਹ ਖ਼ੁਦ ਅਸਤੀਫ਼ਾ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਨੇ ਲੋਕਾਂ ਦੀ ਪੰਜ ਸਾਲ ਸੇਵਾ ਕਰਨ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਕਿਹਾ ਕਿ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸਵਰਾਜ, ਪਾਰਦਰਸ਼ਤਾ ਅਤੇ ਧਰਮ ਦੀ ਆੜ ਹੇਠ ਸਿਆਸਤ ਨਾ ਕਰਨ ਦੇ ਨਿਰਧਾਰਿਤ ਮੁੱਢਲੇ ਅਸੂਲਾਂ ਨੂੰ ਛੱਡ ਚੁੱਕੇ ਹਨ, ਇਸ ਲਈ ਉਹ ਕੇਜਰੀਵਾਲ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਦੇ।

ਡਾ. ਗਾਂਧੀ ਨੇ ਕਿਹਾ ਕਿ ਉਹ ਸੂਬੇ ਦੇ ਸਿੱਖਾਂ, ਹਿੰਦੂਆਂ ਤੇ ਦਲਿਤਾਂ ਨੂੰ ਇਕਜੁੱਟ ਕਰਕੇ ਪੰਜਾਬ ਦੀ ਆਵਾਜ਼ ਬਣਨਗੇ। ਉਹ ਪਾਕਿਸਤਾਨ ਨਾਲ ਦੋਸਤੀ ਤੇ ਵਪਾਰਕ ਸਾਂਝ ਪੈਦਾ ਕਰਨ ਅਤੇ ਜੰਗ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਇਸ ਮੰਚ ਰਾਹੀਂ ਖੇਤਰੀ ਪੱਧਰ ’ਤੇ ਪੈਦਾ ਹੋਏ ਸਿਆਸੀ ਖਲਾਅ ਨੂੰ ਭਰਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version