ਲੇਖ » ਸਿੱਖ ਖਬਰਾਂ

ਵਾਹੀਕਾਰਾਂ ਦੇ ਦਿੱਲੀ ਕੂਚ ਦੀ ਧਮਕ ਅਤੇ ਧੂੜ

November 30, 2020 | By

ਲੇਖਕ: ਸੇਵਕ ਸਿੰਘ

ਬਹੁਤੇ ਲੋਕ ਇਹ ਕਲਪਨਾ ਨਹੀਂ ਕਰਦੇ ਕਿ ਮਨੁਖਤਾ ਦੇ ਕੁਲ ਤਾਰਕਿਕ ਸਿਧਾਂਤ ਮੂਲ ਰੂਪ ਵਿਚ ਕਲਪਨਾ ਦੀ ਉਪਜ ਹੀ ਹੁੰਦੇ ਹਨ।ਪਿਛਲੀ ਸਦੀ ਦੇ ਮੁਢ ਵਿਚ ਵਿਗਿਆਨਕ ਦਰਸ਼ਨ ਦੇ ਦਾਅਵੇਦਾਰ ਲੈਨਿਨ ਨੇ ਕਿਹਾ ਕਿ ਕਦੇ ਇਤਿਹਾਸ ਵਿਚ ਅਜਿਹਾ ਮੌਕਾ ਆਉਂਦਾ ਹੈ ਕਿ ਜਦ ਤਾਜ ਰੁਲਦੇ ਫਿਰਦੇ ਹੁੰਦੇ ਆ ਪਰ ਕੋਈ ਚੁਕਣ ਵਾਲਾ ਚਾਹੀਦਾ ਹੁੰਦਾ ਹੈ।ਇਹ ਕਲਪਨਾ ਨੂੰ ਕਿਸੇ ਨੇ ਸਿਧਾਂਤ ਨਹੀਂ ਮੰਨਣਾ ਸੀ ਜੇ ਇਹ ਗੱਲ ਇਕ ਤੋਂ ਵੱਧ ਵਾਰ ਨਾ ਵਾਪਰੀ ਹੁੰਦੀ।ਜੋ ਕੁਝ ਪਿਛਲੇ ਤਿੰਨ ਦਿਨਾਂ ਤੋਂ ਵਾਪਰ ਰਿਹਾ ਹੈ ਉਹਦੇ ਬਾਰੇ ਕਿਸੇ ਭਾਰਤੀ ਦਰਸ਼ਨ ਜਾਂ ਪਦਾਰਥਵਾਦੀ ਦਰਸ਼ਨ ਦੇ ਵਿਗਿਆਨਵਾਦੀ ਸੱਜਣਾਂ ਦੀ ਕੋਈ ਕਲਪਨਾ ਵੇਖਣ ਨੂੰ ਨਹੀਂ ਮਿਲੀ ਇਸ ਕਰਕੇ ਹਕੂਮਤੀ ਖਬਰਖਾਨਾ ਦੀ ਕਲਪਨਾ ਤੋਂ ਹੀ ਗੱਲ ਸ਼ੁਰੂ ਕਰਨੀ ਬਣਦੀ ਹੈ ਜੋ ਕਿਸਾਨਾਂ ਦੇ ਮਾਮਲੇ ਨੂੰ ਪਹਿਲਾਂ ਪੰਜਾਬ ਤੱਕ ਸੀਮਤ ਕਰਕੇ ਫਿਰ ਖਾਲਸਤਾਨੀਆਂ ਦੀ ਚਾਲ ਸਿੱਧ ਕਰਨ ਲਈ ਜੋਰ ਲਾ ਰਿਹਾ ਹੈ।ਇਹ ਮਾਮਲੇ ਬਾਰੇ ਕਿਸਾਨ ਜਾਂ ਓਹਨਾਂ ਦੇ ਹਿਮਾਇਤੀ ਕਹਿ ਰਹੇ ਹਨ ਕਿ ਉਹ ਪੰਜਾਬ ਦੇ ਸਿੱਖਾਂ, ਖਾਸ ਕਰਕੇ ਸਭ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ।ਓਹ ਸੰਘਰਸ਼ ਨੂੰ ਬਦਨਾਮ ਕਰਨਾ ਅਤੇ ਤੋੜਣਾ ਚਾਹੁੰਦੇ ਹਨ।ਗੱਲ ਇਸ ਤੋਂ ਅਗਾਂਹ ਹੈ ਇਹਦੀ ਕੁਝ ਕਲਪਨਾ ਕਰਨੀ ਜਰੂਰੀ ਹੈ।

ਪੰਜਾਬ ਵਿਚ ਕਿਸਾਨਾਂ ਅਤੇ ਮਜਦੂਰਾਂ ਦੀਆਂ ਲਗਭਗ ਸਭ ਛੋਟੀਆਂ ਵੱਡੀਆਂ, ਨਵੀਆਂ ਪੁਰਾਣੀਆਂ ਜਥੇਬੰਦੀਆਂ ਮਾਰਕਸੀ ਖਿਆਲ ਦਾ ਦਮ ਭਰਦੀਆਂ ਹਨ।ਓਹਨਾਂ ਦੀ ਕਲਪਨਾ ਦਾ ਅਸਮਾਨ ਦੋ ਗੱਲਾਂ ਨਾਲ ਬਹੁਤ ਸਖਤ ਬਣ ਗਿਆ ਹੈ ਜਿਸ ਕਰਕੇ ਉਹ ਫੈਲ ਨਹੀਂ ਰਿਹਾ ਹੈ।ਇਕ ਤਾਂ ਉਹਨਾਂ ਦਾ ਆਮ ਰੁਝਾਣ ਹਰ ਮਸਲੇ ਵਿਚ ਸਿੱਖਾਂ ਦੇ ਸ਼ਾਮਲ ਹੋਣ ਨੂੰ ਸ਼ੱਕ ਨਾਲ ਵੇਖਣਾ ਹੈ ਜਿਸ ਕਰਕੇ ਉਹ ਘਟਾਉਵਾਦੀ ਕਲਪਨਾ ਵਿਚ ਪੈ ਜਾਂਦੇ ਹਨ ਕਿ ਸੰਘਰਸ਼ ਦੀ ਅਗਵਾਈ ਜਾਂ ਜਿਤ ਉਹ ਨਾ ਲੈ ਜਾਣ।ਦੂਜਾ ਉਹ ਆਪਣੇ ਆਪ ਨੁੰ ਭਾਰਤੀ ਢਾਂਚੇ ਵਿਚ ਦੂਜੀ ਥਾਂ ਉਤੇ ਰੱਖ ਕੇ ਵੇਖਣ ਦੇ ਅਭਿਆਸੀ ਹਨ ਭਾਵੇਂ ਇਹ ਗੱਲ ਉਹ ਕਦੇ ਮੰਨਣਗੇ ਨਹੀਂ ਪਰ ਏਹਨਾਂ ਦੋਵਾਂ ਗੱਲਾਂ ਕਾਰਣ ਹੀ ਕਿਸੇ ਖੱਬੇਪੱਖੀ ਸੱਜਣ ਨੇ ਸੱਜੇਪੱਖੀਆਂ ਉਤੇ ਸ਼ੱਕ ਕਰਨ ਦੀ ਥਾਂ ਸਿੱਧੇ ਝਾਕਣ ਦੀ ਕੋਸ਼ਿਸ਼ ਅਤੇ ਕਲਪਨਾ ਨਹੀਂ ਕੀਤੀ ਜਿਵੇਂ ਕਾਰਲ ਮਾਰਕਸ ਨੇ 1860 ਵਿਚ 1960 ਦੇ ਭਾਰਤ ਦੀ ਕਲਪਨਾ ਕੀਤੀ ਸੀ।ਕੋਈ ਵੀ ਸਾਦਾ ਬੰਦਾ ਹੇਠ ਲਿਖੇ ਕੁਝ ਨੁਕਤਿਆਂ ਨੂੰ ਜੋੜ ਕੇ ਕਲਪਨਾ ਕਰ ਸਕਦਾ ਹੈ।

ਗਿਣਤੀ ਦਾ ਮਾਮਲਾ: ਮੋਟੇ ਅੰਦਾਜੇ ਮੁਤਾਬਿਕ ਭਾਰਤੀ ਰਾਜ ਵਿਚ 67 ਫੀਸਦੀ ਅਬਾਦੀ ਪਿੰਡਾਂ ਵਿਚ ਵਸਦੀ ਹੈ ਜਿਸ ਕਾਰਣ ਇਹ ਮੰਨਿਆ ਗਿਆ ਹੈ ਕਿ 65% ਵਸੋਂ ਖੇਤੀ ਉਤੇ ਨਿਰਭਰ ਹੈ।ਜੇ ਕੋਈ ਏਹਨੂੰ ਘਟਾ ਕੇ 60% ਤੱਕ ਵੀ ਮੰਨ ਲਵੇ ਤਾਂ ਵੀ 138 ਕਰੋੜ ਦੀ ਅਬਾਦੀ ਵਿਚੋਂ 80 ਕਰੋੜ ਤੋਂ ਵੱਧ ਲੋਕ ਖੇਤੀ ਉਤੇ ਨਿਰਭਰ ਬਣਦੇ ਹਨ।ਅਮਰੀਕਾ ਦੁਨੀਆ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਮੁਲਕ ਹੈ ਪਰ ਭਾਰਤ ਵਿਚ ਖੇਤੀ ਨਾਲ ਜੁੜੇ ਲੋਕਾਂ ਦੀ ਗਿਣਤੀ ਉਹਦੀ ਅਬਾਦੀ ਨਾਲੋਂ ਦੁਗਣੀ ਤੋਂ ਵੱਧ ਹੈ।ਇਹ ਅੰਕੜਾ ਏਨਾ ਵੱਡਾ ਹੈ ਕਿ ਯੂਰਪ ਦੀ ਕੁੱਲ ਅਬਾਦੀ ਨਾਲੋਂ ਜਿਆਦਾ ਹੈ।ਵਰਲਮੀਟਰ ਬਿਜਾਲ ਪਤੇ ਦੇ ਅੰਦਾਜੇ ਮੁਤਾਬਿਕ ਸਾਰੀ ਧਰਤੀ ਉਤੇ ਵਸਦੀ ਮਨੁਖਤਾ ਲਗਭਗ 8 ਅਰਬ ਹੈ।ਇਸ ਹਿਸਾਬ ਨਾਲ ਭਾਰਤ ਵਿਚ ਖੇਤੀ ਅਧਾਰਤ ਲੋਕ ਮਨੁਖਤਾ ਦਾ ਘੱਟੋ ਘੱਟ 10% ਹਿੱਸਾ ਬਣਦੇ ਹਨ।ਜਿੰਨੇ ਲੋਕ ਦਿੱਲੀ ਧਰਨੇ ਵਿਚ ਆ ਗਏ ਹਨ ਉਹ ਨਿਸ਼ਚਿਤ ਰੂਪ ਵਿਚ ਸਭ ਕਿਸਾਨਾਂ ਦੇ ਨੁਮਾਇੰਦੇ ਹੋਣ ਦੇ ਦਾਅਵੇਦਾਰ ਹਨ।ਜੇ ਏਨੀ ਵੱਡੀ ਗਿਣਤੀ ਹਕੂਮਤ ਨਾਲ ਵਿਰੋਧ ਵਿਚ ਉਤਰ ਆਈ ਤਾਂ ਕੀ ਇਹ ਦੁਨੀਆ ਵਿਚ ਇਕ ਹੋਰ ਇਨਕਲਾਬ ਦਾ ਸਮਾਂ ਨਹੀਂ ਹੈ।ਘਟਾਓਵਾਦੀ ਕਲਪਨਾ ਵੱਖ ਵੱਖਾਂ ਸਿਧਾਂਤਾਂ ਅਤੇ ਜਮੀਨੀ ਹਕੀਕਤ ਦੇ ਨਾਂ ਹੇਠ ਇਨਕਲਾਬ ਨਾ ਹੋਣ ਦੇ ਹਜਾਰ ਕਾਰਣ ਗਿਣਾ ਸਕਦੀ ਹੈ ਪਰ ਇਨਕਲਾਬ ਖੂਹ ਵਿਚ ਛਾਲ ਮਾਰਣ ਵਾਲਾ ਕੰਮ ਹੁੰਦਾ ਹੈ।ਏਨੀ ਵੱਡੀ ਗਿਣਤੀ ਦੇ ਸਿਰ ਉਤੇ ਦੁਨੀਆ ਨੂੰ ਪਲਟ ਦੇਣ ਦੀ ਕਲਪਨਾ ਕੀਤੀ ਜਾ ਸਕਦੀ ਹੈ।ਇਹਦੇ ਲਈ ਕੁਝ ਹੋਰ ਨੁਕਤੇ ਵੀ ਮਦਾਦੀ ਹਨ।

ਲੋਕਤੰਤਰੀ ਢਾਂਚੇ ਦਾ ਸਵਾਲ: ਭਾਰਤ ਆਪਣੇ ਲੋਕਤੰਤਰੀ ਢਾਂਚੇ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵੇਦਾਰ ਹੈ।ਜਮੀਨੀ ਹਕੀਕਤ ਜੋ ਮਰਜੀ ਹੋਵੇ ਪਰ ਜਦ ਤੱਕ ਚੋਣਾਂ ਹੋ ਰਹੀਆਂ ਹਨ ਇਹਨੇ ਦੁਨੀਆ ਵਿਚ ਲੋਕਤੰਤਰ ਹੀ ਵੱਜਣਾ ਹੈ।ਜਦੋਂ ਲੋਕਤੰਤਰੀ ਢਾਂਚੇ ਵਿਚ ਬਹੁਗਿਣਤੀ ਧਿਰ (ਇਥੇ ਖੇਤੀ ਅਧਾਰਤ ਪੇਂਡੂ ਵਸੋਂ) ਵਿਰੋਧ ਵਿਚ ਉਠ ਖੜਦੀ ਹੈ ਤਾਂ ਰਾਜ ਪਲਟਾ ਜਾਂ ਰਾਜ ਦਾ ਖਿੰਡਾਓ ਬਹੁਤ ਸੰਭਵ ਹੋ ਜਾਂਦਾ ਹੈ।ਜੇ ਇਸ ਲੋਕਤੰਤਰੀ ਢਾਂਚੇ ਵਿਚ ਕੋਈ ਵੀ ਤਬਦੀਲੀ ਹੁੰਦੀ ਹੈ ਤਾਂ ਇਹ ਤਬਦੀਲੀ ਆਪਣੀ ਗਿਣਤੀ ਕਰਕੇ, ਰਾਜਸੀ ਢਾਂਚੇ ਦੀ ਬਣਤਰ ਕਰਕੇ ਅਤੇ ਇਹ ਢਾਂਚੇ ਦੀ ਦੁਨੀਆਂ ਵਿਚ ਸਰਦਾਰੀ ਕਰਕੇ ਨਿਸ਼ਚਿਤ ਰੂਪ ਵਿਚ ਪੂਰੀ ਦੁਨੀਆ ਉਤੇ ਅਸਰ ਪਾਉਣ ਦੇ ਸਮਰਥ ਹੈ ਕਿਉਂਕਿ ਇਸ ਵੇਲੇ ਦੁਨੀਆ ਦੀ ਭਾਰੂ ਧਿਰ ਯੂਰਪ ਅਤੇ ਅਮਰੀਕਾ ਲੋਕਤੰਤਰੀ ਢਾਂਚੇ ਹੀ ਹਨ।ਜੇ ਕਿਸੇ ਵੀ ਕੀਮਤ ਉਤੇ ਬਦਲਾਓ ਹੁੰਦਾ ਹੈ ਤਾਂ ਲੋਕਤੰਤਰੀ ਰਾਜਾਂ ਸਮੇਤ ਪੂਰੀ ਦੁਨੀਆ ਵਿਚ ਬਦਲਾਅ ਆ ਜਾਏਗਾ[ਜੇ ਇਹ ਲਹਿਰ ਦਬਦੀ ਹੈ ਤਾਂ ਪੂਰੀ ਦੁਨੀਆ ਵਿਚ ਖੇਤੀ ਦੇ ਪਰੰਪਰਾਗਤ ਤਰੀਕੇ ਦਾ ਖਾਤਮਾ ਹੋਰ ਨੇੜੇ ਹੋ ਜਾਏਗਾ।

ਭੂਗੋਲਕ ਹਸਤੀ ਦਾ ਮਾਮਲਾ: ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਮੁਲਕ ਆਪਸੀ ਗੁਆਂਢੀ ਹਨ ਅਤੇ ਜੰਗ ਲੜਣ ਵਾਲੀ ਹਾਲਤ ਵਿਚ ਹਨ।ਚੀਨ ਦਾ ਬਰਫੀਲੇ ਖਿਤੇ ਉਤੇ ਕਬਜਾ ਵਧੇਰੇ ਹੈ ਜੋ ਭਾਰਤ ਵਿਚ ਦਰਿਆਵਾਂ ਦੇ ਵਹਿਣ ਉਤੇ ਅਸਰ ਪਾਉਣ ਦੇ ਸਮਰਥ ਹੈ।ਭਾਰਤੀ ਸਰਹੱਦ ਦਾ ਵੱਡਾ ਅਤੇ ਔਖਾ ਹਿੱਸਾ ਪਾਕਿਸਤਾਨ ਅਤੇ ਚੀਨ ਨਾਲ ਲਗਦਾ ਹੈ ਜਿਥੇ ਸਦਾ ਖਿਚੋਤਾਣ ਜਾਂ ਜੰਗ ਵਰਗੀ ਹਾਲਤ ਬਣੀ ਰਹਿੰਦੀ ਹੈ।

ਪੁਰਾਣੀ ਤਸਵੀਰ

ਅੰਦਰੂਨੀ ਰੂਪ ਵਿਚ ਸਾਰੇ ਸਭਿਆਚਾਰਾਂ ਦਾ ਆਪਸੀ ਰਾਬਤਾ ਕਿਸਾਨ ਅੰਦੋਲਨ ਵਿਚ ਸਭ ਤੋਂ ਅਹਿਮ ਤੱਤ ਬਣ ਜਾਣਾ ਹੈ।ਸਭੇ ਰਾਹ ਦਿੱਲੀ ਨੂੰ ਜਾਂਦੇ ਹਨ ਤਾਂ ਦੂਰ ਦੇ ਰਾਜਾਂ ਲਈ ਵੀ ਪਰਬਤ ਜੰਗਲ ਵਰਗੀਆਂ ਰੋਕਾਂ ਨਹੀਂ ਹਨ ਜਾਂ ਸੌੜੇ ਰਸਤੇ ਨਹੀਂ ਹਨ ਜਿਥੇ ਵੱਡੇ ਇਕੱਠਾਂ ਨੂੰ ਆਪਣੇ ਸਾਧਨਾਂ ਸਮੇਤ ਚਲਣਾ ਔਖਾ ਹੋਵੇ ਜਿਵੇਂ ਮਾਓ ਨੂੰ ਚੀਨ ਵਿਚ ਲੰਮੇ ਕਾਫਲੇ ਨਾਲ ਔਖ ਆਈ ਸੀ।

ਪੰਜਾਬ ਹਰਿਆਣਾ ਇਸ ਵੇਲੇ ਸਭ ਤੋਂ ਉਪਜਾਉ ਰਾਜਾਂ ਵਿਚੋਂ ਹਨ ਜੋ ਵਿਰੋਧ ਵਿਚ ਸਭ ਤੋਂ ਵੱਧ ਹਿੱਸਾ ਲੈਣ ਵਾਲੇ ਰਾਜ ਹਨ।ਦੂਜੇ ਪਾਸੇ ਪੰਜਾਬ ਦੁਨੀਆਂ ਦੇ ਪੰਜਵੇਂ ਵੱਡੇ ਦੇਸ਼ ਪਾਕਿਸਤਾਨ ਨਾਲ ਲਗਦਾ ਹੈ ਅੱਧਾ ਪੰਜਾਬ 1947 ਵੇਲੇ ਜੀਹਦੇ ਕਬਜੇ ਹੇਠ ਆ ਗਿਆ।ਪੱਛਮੀ ਪੰਜਾਬ ਇਹ ਪੰਜਾਬ ਨਾਲੋਂ ਵੀ ਵੱਧ ਖੇਤੀ ਉਤੇ ਨਿਰਭਰ ਹੈ ਅਤੇ ਉਸ ਮੁਲਕ ਦਾ ਸਭ ਤੋਂ ਵੱਡਾ ਸੂਬਾ ਹੈ।ਗਿਣਤੀ ਪੱਖੋ ਇਹ ਪੰਜਾਬ ਨਾਲੋਂ ਤਿਗੁਣਾ ਹੈ।ਪੰਜਾਬ ਵਿਚਲੀ ਹਲਚਲ ਦੀ ਅਸਰ ਉਥੇ ਵੀ ਪੈਣਾ ਲਾਜਮੀ ਹੈ।ਪੰਜਾਬ ਜੰਮੂ ਕਸ਼ਮੀਰ ਨਾਲ ਵੀ ਲਗਦਾ ਹੈ ਉਥੇ ਵੀ ਇਹ ਮੁਹਿੰਮ ਦਾ ਅਸਰ ਪੈਣਾ ਹੈ।

ਸਭਿਆਚਾਰ ਦਾ ਮਾਮਲਾ: ਪੰਜਾਬ ਦੇ ਕਿਸਾਨਾਂ ਨੂੰ ਖਾਲਸਤਾਨੀਆਂ ਵਜੋਂ ਨਿਸ਼ਾਨੇ ਹੇਠ ਲੈਣ ਦੀ ਚਾਲ ਪਹਿਲਾਂ ਬਹੁਤ ਵਾਰ ਸਫਲ ਹੋਈ ਚਾਲ ਹੈ ਇਸ ਕਰਕੇ ਹਕੂਮਤੀ ਧਿਰ ਨੂੰ ਕਲਪਨਾ ਕਰਨਾ ਲਾਜਮੀ ਹੈ ਕਿ ਉਹ ਇਸ ਤਰੀਕੇ ਨਾਲ ਅੰਦੋਲਨ ਨਿਖੇੜ ਦੇਣਗੇ।ਇਹ ਮਾਮਲਾ ਬਦਨਾਮੀ ਕਰਨ ਨਾਲ ਹੱਲ ਨਹੀਂ ਹੋਣਾ।ਪੰਜਾਬ ਵਿਚੋਂ ਮੁੜ ਨਵੇਂ ਰੂਪ ਵਿਚ ਜੋ ਉਭਾਰ ਉਠਿਆ ਹੈ ਉਹਨੂੰ ਸਮਝਣ ਵਿਚ ਹਕੂਮਤ ਨੂੰ ਵੀ ਉਵੇਂ ਮੁਸ਼ਕਲ ਹੋ ਰਹੀ ਹੈ ਜਿਵੇਂ ਖੱਬੇਪੱਖੀਆਂ ਨੂੰ ਹੋ ਰਹੀ ਹੈ।

ਪੰਜਾਬ ਦੇ ਸਭਿਆਚਾਰ ਵਿਚ ਜੋ ਖੁੱਲਾਪਣ ਪਿਆ ਹੈ ਉਹ ਭਾਰਤ ਦੇ ਸਭ ਖਿਤਿਆਂ ਉਤੇ ਅਸਰ ਰਖਦਾ ਹੈ।ਪੰਜਾਬ ਦੇ ਖੁੱਲੇਪਣ ਦਾ ਸਿੱਖਾਂ ਨਾਲ ਵਿਰੋਧ ਨਹੀਂ ਹੈ ਜਿਸ ਕਰਕੇ ਬਾਕੀ ਧਰਮਾਂ ਅਤੇ ਸਭਿਆਚਾਰਾਂ ਦੇ ਲੋਕਾਂ ਨਾਲ ਇਹ ਲੋਕ ਘੁਲਮਿਲ ਸਕਦੇ ਹਨ।ਜਿਹੜਾ ਨੁਕਤਾ ਹਕੂਮਤ ਵਲੋਂ ਕਿਸਾਨਾਂ ਨੂੰ ਨਿਖੇੜਣ ਲਈ ਵਰਤਿਆ ਜਾ ਰਿਹਾ ਹੈ ਸੰਭਵ ਹੈ ਉਹ ਮੋੜਵੇਂ ਰੂਪ ਵਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਸਹਾਈ ਹੋਵੇ।ਪੰਜਾਬੀ ਲੋਕ ਹਰਿਆਣੇ ਰਾਜਸਥਾਨ ਅਤੇ ਯੂ ਪੀ ਵਿਚ ਕਾਫੀ ਗਿਣਤੀ ਵਿਚ ਹਨ ਉਹਨਾਂ ਦਾ ਨਿਜ ਰਾਬਤਾ ਵੀ ਕੜੀ ਬਣਦਾ ਹੈ।

ਭਗਤ ਸਿੰਘ ਦਾ ਪੰਜਾਬੀਪੁਣਾ ਜੋ ਪੰਜਾਬ ਵਿਚ ਸਿੱਖਾਂ ਵਿਰੁਧ ਸਫਲ ਤਰੀਕੇ ਨਾਲ ਵਰਤਿਆ ਗਿਆ ਪਰ ਇਹ ਮੌਕੇ ਹਕੂਮਤ ਵਿਰੋਧੀ ਤੱਤ ਵਜੋਂ ਕੰਮ ਕਰ ਸਕਦਾ ਹੈ ਕਿਉਂਕਿ ਬਾਕੀ ਰਾਜਾਂ ਦੇ ਮਾਰਕਸੀ ਅਤੇ ਮਾਨਵਤਾ ਵਾਦੀ ਭਗਤ ਸਿੰਘ ਦੀ ਤਸਵੀਰ ਭਾਰਤੀ ਏਕਤਾ ਲਈ ਵਰਤਦੇ ਹਨ।ਪੰਜਾਬ ਉਤੇ ਬਾਕੀ ਰਾਜਾਂ ਵਲੋਂ ਮਾਰਕਸੀ ਪਰਸੰਗ ਤੋਂ ਬਿਨਾ ਵੀ ਪਹਿਲਾਂ ਕਈ ਵਾਰ ਭਰੋਸਾ ਕੀਤਾ ਗਿਆ ਹੈ ਖਾਸ ਕਰਕੇ 1975-77 ਦੀ ਤਾਨਾਸ਼ਾਹੀ ਵੇਲੇ ਅਤੇ 1947 ਤੋਂ ਪਹਿਲਾਂ ਕੀਤੀਆਂ ਕੁਰਬਾਨੀਆ ਦੇ ਪਰਸੰਗ ਵਿਚ।

ਅਸਲ ਵਿਚ ਹਕੂਮਤੀ ਧਿਰ ਕਿਸੇ ਵੀ ਸਭਿਆਚਾਰ ਦੀ ਵਾਰਸ ਨਹੀਂ ਹੈ ਤਾਂ ਹੀ ਕਾਬਲ ਤੋਂ ਕਲਕਤਾ ਤੱਕ ਉਤੇ ਕਈ ਭਾਂਤ ਦਾਅਵਾ ਕਰਦੀ ਹੈ।ਹਿੰਦੂ ਹੋਣ ਦਾ ਪੈਂਤੜਾ ਬੱਝਵੀਂ ਮਰਯਾਦਾ ਨਾ ਹੋਣ ਕਰਕੇ ਆਪਣੇ ਆਪ ਨੂੰ ਅਫਗਾਨਿਸਤਾਨ ਤੋਂ ਬੰਗਾਲ ਤੱਕ ਫੈਲਾਉਣ ਦੇ ਕੰਮ ਆਉਂਦਾ ਹੈ ਪਰ ਇਹਦਾ ਨੁਕਸਾਨ ਇਹੋ ਹੈ ਕਿ ਇਹ ਬੱਝਵੀ ਮਰਯਾਦਾ ਨਾ ਹੋਣ ਕਰਕੇ ਹੀ ਟਕਰਾਅ ਵੇਲੇ ਹੋਰ ਕਿਸੇ ਵੀ ਪਛਾਣ ਨਾਲੋਂ ਵੱਧ ਹੱਦ ਤੱਕ ਸੁੰਗੜ ਜਾਂਦਾ ਹੈ।ਕਿਸੇ ਵੀ ਹਕੂਮਤ ਜਾਂ ਬਗਾਵਤ ਨਾਲ ਟਕਰਾਓ ਵੇਲੇ ਦਰਜੇਬੰਦੀ ਵਿਚੋਂ ਖੇਤਰੀ ਅਤੇ ਜਾਤੀ ਪਛਾਣਾਂ ਠੋਸ ਰੂਪ ਧਾਰ ਜਾਂਦੀਆਂ ਹਨ ਅਤੇ ਆਪਣੀ ਆਪਣੀ ਪਹਿਲ ਫੜ ਲੈਂਦੀਆਂ ਹਨ।

ਇਸ ਵੇਲੇ ਕਿਸਾਨੀ ਇਕ ਪਛਾਣ ਵਿਚ ਬੰਨਣ ਦਾ ਸੂਤਰ ਬਣ ਗਈ ਹੈ।ਇਹ ਨੁਕਤਾ ਬਹੁਤ ਅਹਿਮ ਰਹੇਗਾ ਕਿ ਮਾਰਕਸੀ ਧਿਰਾਂ ਸਭਿਆਚਾਰਕ ਅਤੇ ਧਾਰਮਿਕ ਪਛਾਣਾਂ ਨੂੰ ਭਗਤ ਸਿੰਘ ਦੀ ਥਾਂ ਚੀ ਗੁਵੇਰੇ ਦੇ ਅਰਥਾਂ ਵਿਚ ਥਾਂ ਦੇ ਸਕਣਗੀਆਂ ਕਿ ਹਰ ਇਨਕਲਾਬ ਆਪਣੇ ਆਪ ਵਿਚ ਵੱਖਰਾ ਹੁੰਦਾ ਹੈ। ਮਾਓ ਵਾਂਗ ਸੌ ਫੁੱਲ਼ ਖਿੜਣ ਦੇਣ ਦੀ ਕਲਪਨਾ ਕਰ ਸਕਣਾ ਵੀ ਇਨਕਲਾਬ ਦੀ ਸਫਲਤਾ ਦੀ ਪੌੜੀ ਬਣ ਸਕਦਾ ਹੈ।

ਬਿਰਤਾਂਤਕ ਬਦਲਾਓ: ਸੰਘੀ ਹਕੂਮਤ ਬਣਨ ਤੋਂ ਪਹਿਲਾਂ ਸੰਘੀ ਢਾਂਚੇ ਦੀ ਥਾਂ ਕੇਂਦਰੀ ਢਾਂਚੇ ਉਤੇ ਸਭ ਧਿਰਾਂ ਦਾ ਜੋਰ ਸੀ ਸਮੇਤ ਕਾਂਗਰਸ ਅਤੇ ਮਾਰਕਸੀਆਂ ਧਿਰਾਂ ਦੇ, ਪਰ ਜਦੋਂ 2014 ਮਗਰੋਂ ਭਗਵਾਂ ਰੰਗ ਉਘੜਿਆ ਤਾਂ ਸਭ ਨੂੰ ਬਚਾਓ ਦਾ ਨੁਕਤਾ ਰਾਜਾਂ ਨੂੰ ਵੱਧ ਅਧਿਕਾਰਾਂ ਵਾਲੇ ਢਾਂਚੇ ਵਿਚ ਲੱਭਿਆ।ਜਿਸ ਰਾਜਸੀ ਮੰਗ ਲਈ ਪੰਜਾਬ ਬਦਨਾਮ ਅਤੇ ਬਰਬਾਦ ਹੋਇਆ ਉਹ ਮੰਗ ਹੁਣ ਹਕੂਮਤ ਵਿਰੋਧੀ ਧਿਰਾਂ ਦਾ ਬਿਰਤਾਂਤ ਬਣ ਗਈ ਹੈ।ਮਿਸਾਲ ਵਜੋਂ ਪੰਜਾਬ ਕਾਂਗਰਸ ਦਾ ਮੌਜੂਦਾ ਪਰਧਾਨ ਅਤੇ ਆਪਣੇ ਪਿਤਾ ਤੋਂ ਉਲਟਾ ਵੱਧ ਅਧਿਕਾਰਾਂ ਦੇ ਹੱਕ ਵਿਚ ਰਾਜਸੀ ਪੈਂਤੜਾ ਲੈ ਰਿਹਾ ਹੈ।ਕਾਂਗਰਸ ਪੱਖੀ ਖਬਰਖਾਨਾ ਅਤੇ ਵਿਚਾਰਵਾਨ ਚਾਹੇ ਵਿਰੋਧ ਵਜੋਂ ਹੀ ਸਹੀ ਪਰ ਇਸ ਵੇਲੇ ਵੱਧ ਅਧਿਕਾਰਾਂ ਵਾਲੇ ਨੁਕਤੇ ਉਤੇ ਸਿੱਧੇ ਅਸਿੱਧੇ ਸਹਿਮਤ ਹਨ।ਜਿਸ ਕਰਕੇ ਆਪਣੀ ਬੋਲੀ ਬਚਾਉਣ ਦਾ ਸਵਾਲ ਭਗਵਿਆਂ ਤੋਂ ਬਿਨਾ ਹੋਰ ਕਿਸੇ ਲਈ ਅਤਿਵਾਦ ਜਾਂ ਵੱਖ ਵਾਦ ਨਹੀਂ ਰਿਹਾ।ਜੇ ਖੇਤੀ ਸਾਂਝੇ ਨੁਕਤੇ ਵਜੋਂ ਜੁੜਣ ਦਾ ਕਾਰਣ ਬਣਦੀ ਹੈ ਅਤੇ ਖੇਤਰੀ ਪਛਾਣ ਬਚਾਉਣਾ ਸਾਂਝੇ ਮਸਲੇ ਵਜੋਂ ਕੇਂਦਰੀ ਤੱਤ ਬਣ ਜਾਂਦਾ ਹੈ ਤਾਂ ਅਜੋਕੇ ਬਦਲੇ ਹੋਏ ਰਾਜਸੀ ਬਿਰਤਾਂਤ ਵਿਚ ਜਿਤ ਦਾ ਪਹਿਲਾ ਕਦਮ ਬਹੁਤ ਸਹਿਜ ਹੈ।

ਜੋ ਗੱਲ ਦਿੱਲੀ ਚਲੋ ਅੰਦੋਲਨ ਦੀ ਤਰੀਕ ਵਾਲੇ ਦਿਨ ਰਖਿਆ ਮੰਤਰੀ ਨੇ ਕਹੀ ਹੈ ਕਿ ਲੋਕਾਂ ਦੇ ਦਿਲ ਦਿਮਾਗ ਵਿਚ ਲੜਿਆ ਜਾਏਗਾ ਇਹ ਗੱਲ ਰਾਜਹੀਣ ਧਿਰ ਵਜੋਂ ਮਾਰਕਸੀਆਂ ਤੋਂ ਵੱਧ ਕੋਈ ਨਹੀ ਕਰਦਾ।ਜੇ ਉਹ ਆਪਣੀ ਕਲਪਨਾ ਨੂੰ ਭਾਰਤੀ ਰਾਜਨੀਤੀ ਵਿਚ ਪੱਕੀ ਕੀਤੀ ਹੋਈ ਦੂਜੀ ਥਾਂ ਤੋਂ ਕੱਢ ਕੇ ਪਹਿਲੀ ਥਾਂ ਵਜੋਂ ਵੇਖ ਸਕਣ ਤਾਂ ਉਹਨਾਂ ਦੇ ਆਪਣੇ ਅੰਦਰ ਵੀ ਇਨਕਲਾਬ ਦਾ ਬਿਰਤਾਂਤ ਧਰਨੇ ਦੇਣ ਅਤੇ ਮੁਆਵਜੇ ਮੰਗਣ/ਦਿਵਾਉਣ ਦੀ ਥਾਂ ਹਕੂਮਤ ਬਦਲਣ ਵਿਚ ਬਦਲ ਜਾਏਗਾ।

ਰਾਜਸੀ ਮਾਹੌਲ: ਭਾਰਤ ਅਤੇ ਪਾਕਿਸਤਾਨ ਪੱਕੇ ਵਿਰੋਧੀ ਅਤੇ ਗੁਆਂਢੀ ਹਨ।ਦੋਵਾਂ ਮੁਲਕਾਂ ਦੀ ਮਾਲੀ ਹਾਲਤ ਬਹੁਤ ਮਾੜੀ ਹੈ।ਭਾਰਤ ਦੇ ਦੋ ਸਰਹੱਦੀ ਸੂਬੇ ਪੰਜਾਬ ਸਭਿਆਚਾਰਕ ਪੱਖ ਤੋਂ ਅਤੇ ਕਸ਼ਮੀਰ ਧਾਰਮਿਕ ਪੱਖ ਤੋਂ ਪਾਕਿਸਤਾਨ ਨਾਲ ਜੁੜੇ ਹੋਏ ਹਨ।ਕੌਮਾਂਤਰੀ ਰਾਜਨੀਤੀ ਵਿਚ ਏਹ ਗੱਲ ਆਪਣੇ ਆਪ ਵਿਚ ਹੀ ਬਹੁਤ ਮੁੱਲ ਰੱਖਦੀ ਹੈ ਕਿ ਭਾਰਤੀ ਹਕੂਮਤ ਦੇ ਦੋਵਾਂ ਸੂਬਿਆਂ ਨਾਲ ਸਬੰਧ ਪਹਿਲਾਂ ਨਾਲੋਂ ਵੱਧ ਖਰਾਬ ਹਨ ਅਤੇ ਦੋਵਾਂ ਸੂਬਿਆਂ ਨਾਲ ਪੱਕੇ ਦੁਸ਼ਮਣ ਦੇ ਸਬੰਧ ਸਦੀਵੀ ਸਾਂਝ ਵਾਲੇ ਹਨ।ਜੇ ਭਾਰਤੀ ਹਕੂਮਤ ਇਹ ਸੰਘਰਸ਼ ਨੂੰ ਪਾਕਿਸਤਾਨ ਨਾਲ ਜੋੜਦੀ ਹੈ ਤਾਂ ਗੁਆਂਢੀ ਮੁਲਕ ਆਪਣੇ ਲੋਕਾਂ ਦਾ ਧਿਆਨ ਮਾੜੀ ਹਾਲਤ ਤੋਂ ਮੋੜਣ ਲਈ ਅਤੇ ਭਾਰਤੀ ਹਕੂਮਤ ਨਾਲ ਹਿਸਾਬ ਬਰਾਬਰ ਕਰਨ ਲਈ ਮੌਕਾ ਬਣ ਸਕਦਾ ਹੈ ਜਿਸ ਕਰਕੇ ਉਹਦਾ ਇਕ ਵੀ ਬਿਆਨ ਇਹ ਸੰਘਰਸ਼ ਨੂੰ ਕੌਮਾਂਤਰੀ ਮਾਨਤਾ ਦੁਆਉਣ ਵਾਲਾ ਹੋ ਸਕਦਾ ਹੈ।

ਭਾਰਤ ਦਾ ਗੁਆਂਢੀ ਅਤੇ ਦੁਨੀਆ ਵਿਚ ਇਕ ਨੰਬਰ ਬਣਨ ਦਾ ਦਾਅਵੇਾਦਰ ਚੀਨ ਇਸ ਵੇਲੇ ਜੰਗੀ ਅੰਦਾਜ ਵਿਚ ਹੈ।ਜੇ ਉਹਨਾਂ ਦਾ ਲਾਲ ਝੰਡਾ ਕਿਸਾਨਾਂ ਦੇ ਇਕੱਠ ਵਿਚ ਝੂਲ਼ਦੇ ਲਾਲ ਝੰਡਿਆਂ ਨੂੰ ਵੇਖ ਕੇ ਇਹ ਅੰਦਾਜਾ ਲਾਵੇ ਕਿ ਭਾਰਤ ਵਿਚ ਲਾਲ ਝੰਡਾ ਲਾਲ ਕਿਲੇ ਦੇ ਬਹੁਤ ਨੇੜੇ ਹੈ ਤਾਂ ਇਹ ਗੱਲ ਕਿਸਾਨੀ ਸੰਘਰਸ਼ ਦਾ ਤਿਆਨਮਿਨ ਚੌਂਕ ਵਾਂਗ ਨਾਸ ਮਾਰਣ ਦਾ ਕਾਰਣ ਵੀ ਬਣ ਸਕਦੀ ਹੈ ਪਰ ਇਹ ਦੁਨੀਆ ਦੀ ਵੱਡੀ ਕਰਾਂਤੀ ਵੀ ਬਣ ਸਕਦੀ ਹੈ।

ਅਮਰੀਕਾ ਦੇ ਵੱਡੇ ਵਿਰੋਧੀ ਮੁਲਕ ਰੂਸ ਅਤੇ ਚੀਨ ਹਨ ਜਿਹੜੇ ਸਬੰਧਾਂ ਵਜੋਂ ਲੁਕਵੀਂ ਜੰਗ ਲੜ ਰਹੇ ਹਨ।ਇਸ ਬਾਰੇ ਇਗਲੈਂਡ ਦੇ ਫੌਜੀ ਜਰਨੈਲ ਨੇ ਤੀਜੀ ਸੰਸਾਰ ਜੰਗ ਲੱਗਣ ਦੀ ਕਲਪਨਾ ਕਰ ਦਿੱਤੀ ਹੈ।ਚੀਨ ਅਤੇ ਰੂਸ ਲਾਲ ਝੰਡੇ ਦੇ ਦਾਅਵੇਦਾਰ ਹਨ ਇਹ ਗੱਲ ਭਾਵੇਂ ਓਨੀ ਕੁ ਸੱਚ ਹੈ ਜਿੰਨੀ ਕੁ ਭਾਰਤ ਦਾ ਲੋਕਤੰਤਰੀ ਹੋਣਾ ਪਰ ਇਹ ਦਾਅਵੇ ਦੀ ਹੋਂਦ ਹੈ।ਇਹ ਝੂਠ ਮੂਠ ਦਾ ਦਾਅਵਾ ਲਾਲ ਝੰਡੇ ਵਾਲੀ ਸਾਂਝ ਨੂੰ ਵੀ ਕੌਮਾਂਤਰੀ ਅਰਥ ਦੇ ਸਕਦਾ ਹੈ ਪਰ ਜੇ ਕੋਈ ਲੈਨਿਨ ਵਾਂਗ ਜੀਨੋਵੀਵ ਦੀਆਂ ਗੱਲਾਂ ਤੋਂ ਬਾਹਰ ਹੋਵੇ ਭਾਵ ਅੱਜ ਦੀ ਘੜੀ ਕੋਈ ਖੱਬੇਪੱਖੀ ਸੱਜੇ ਫੋਬੀਏ ਤੋਂ ਮੁਕਤ ਹੋਣ ਦੀ ਕਲਪਨਾ ਕਰੇ।

ਵਿਰੋਧ ਦਾ ਪੱਧਰ: ਕਿਸਾਨਾਂ ਦੀਆਂ ਖੁਦਕਸ਼ੀਆਂ ਉਚੀ ਨੈਤਕਤਾ ਵਿਚ ਬੁਜਦਿਲੀ ਜਾਂ ਕਮਜੋਰੀ ਕਹੀਆਂ ਜਾ ਸਕਦੀਆਂ ਹਨ ਪਰ ਰਾਜਨੀਤੀ ਦੇ ਪਰਸੰਗ ਵਿਚ ਆਪੇ ਨੂੰ ਮਾਰ ਲੈਣ ਦਾ ਪੈਂਤੜਾ ਵਿਰੋਧ ਦਾ ਸਭ ਤੋਂ ਨਿਰਛਲ ਰੂਪ ਹੈ।ਕਿਸੇ ਦੇ ਇਰਾਦੇ ਦੀ ਇਸ ਤੋਂ ਵੱਧ ਪਰਖ ਦਾ ਕੋਈ ਪੈਮਾਨਾ ਹਾਲੇ ਤੱਕ ਬਣਿਆ ਨਹੀਂ ਹੈ।ਜਿੰਨੀ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਮੌਤ ਗਲ਼ ਲਾਈ ਹੈ ਉਹਦਾ ਕਾਰਣ ਇਹ ਨਹੀਂ ਹੈ ਕਿ ਉਹਨਾਂ ਨੇ ਗਲਤ ਆਦਤਾਂ ਜਾਂ ਵਿਉਤਾਂ ਨਾਲ ਕਰਜਾ ਸਿਰ ਚੜ੍ਹਾ ਲਿਆ।ਅਸਲ ਕਰਜਾ ਤਾਂ ਖਰਬਪਤੀਆਂ ਜਾਂ ਸੰਖਪਤੀਆਂ ਸਿਰ ਹੁੰਦਾ ਹੈ।ਸਮੁੱਚੇ ਭਾਰਤ ਦੇ ਕਿਸਾਨਾਂ ਦਾ ਕਰਜਾ ਓਨਾ ਨਹੀਂ ਸੀ ਜਿੰਨਾ ਕੁ ਕਰਜਾ ਇਹ ਸਰਕਾਰ ਨੇ ਤਿੰਨ ਵੱਡੇ ਅਮੀਰਾਂ ਨੂੰ ਮਾਫ ਕਰ ਦਿੱਤਾ ਹੈ।ਅਸਲ ਮਾਮਲਾ ਇਹ ਹੈ ਕਿ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਜਿਸ ਹਿਸਾਬ ਨਾਲ ਕਿਸਾਨ ਖੁਦਕਸ਼ੀ ਕਰ ਰਹੇ ਹਨ ਉਹ ਹਕੂਮਤ ਅਤੇ ਸਮਾਜ ਦੀ ਅਗਵਾਈ ਤੋਂ ਭਰੋਸਾ ਉਠ ਜਾਣ ਦਾ ਸਭ ਤੋਂ ਠੋਸ ਸਬੂਤ ਅਤੇ ਅਮਲ ਹੈ।

ਸ਼ਹਿਰਾਂ ਦੀਆਂ ਗਲ਼ੀਆਂ ਵਿਚ ਜੋ ਅੰਦਰੂਨੀ ਦੁਸ਼ਮਣਾਂ ਨਾਲ ‘ਗੋਲੀ ਮਾਰੋ ਸਾਲੋਂ ਕੋ’ ਦਾ ਵਿਰੋਧ ਪੱਧਰ ਹੈ ਉਹਦੇ ਮੁਕਾਬਲੇ ਕਿਸਾਨੀ ਆਪਣੇ ਆਪ ਵਿਚ ਹੀ ਅੱਗੇ ਲੰਘ ਗਈ ਹੈ ਉਹ ਹਰ ਭਾਂਤ ਦੀ ਗੋਲੀ ਖਾਣ ਲਈ ਤਿਆਰ ਹਨ। ਮਾਰਣ ਦਾ ਡਰਾਵਾ ਓਹਨਾਂ ਉਤੇ ਹੀ ਕੰਮ ਕਰਦਾ ਹੈ ਜਿਹੜੇ ਡਰਦੇ ਹੋਣ। ਫਿਰ ਕੀ ਕਾਰਣ ਹੈ ਕਿ ਹਕੂਮਤਾਂ ਆਪਣੇ ਸਮਾਜ ਦੇ ਸਭ ਤੋਂ ਲਾਹੇਵੰਦ ਹਿੱਸੇ ਨੂੰ ਮਾਰਨ ਲੱਗੀਆਂ ਹਨ। ਅਸਲ ਵਿਚ ਸਭਿਆਤਾਵਾਂ ਦੇ ਭੇੜ ਦੀ ਗੱਲ ਕਰਨ ਨਾਲੇ ਸੈਮੂਅਲ ਹਟਿੰਗਟਨ ਨੇ ਦੁਨੀਆ ਦੀਆਂ ਲੋਕ ਲਹਿਰਾਂ ਬਾਰੇ ਇਹ ਤੱਤ ਕਢਿਆ ਸੀ ਕਿ ਖੇਤੀ ਹੀ ਲੜਾਕੂ ਪੈਦਾ ਕਰਦੀ ਹੈ।ਜਦੋਂ ਬਿਜਲ ਬੰਦੇ ਲੜਣ ਲਈ ਪੈਦਾ ਹੋ ਗਏ ਹਨ ਅਤੇ ਬੰਦੇ ਤੋਂ ਵਧੀਆ ਕਾਮੇ ਬਣ ਗਏ ਹਨ ਤਾਂ ਪਰੰਪਰਾਗਤ ਖੇਤੀ ਵਾਲੇ ਲੋਕਾਂ ਦੀ ਪਹਿਲਾਂ ਵਾਲੀ ਲੋੜ ਮੁਕ ਗਈ ਹੈ।ਏਹ ਲੋਕ ਆਉਣ ਵਾਲੇ ਬਿਜਲਈ ਪਰਬੰਧ ਦੇ ਹਕੂਮਤੀ ਅਤੇ ਵਪਾਰਕ ਤਰੀਕੇ ਵਿਚ ਅੜਿੱਕਾ ਹਨ ਸੋ ਹੌਲੀ ਹੌਲੀ ਰਸਤੇ ਵਿਚੋਂ ਹਟਾਇਆ ਜਾ ਰਿਹਾ ਹੈ।ਕਰੋਨਾ ਸੱਚ ਹੈ ਜਾਂ ਝੂਠ ਪਰ ਇਹਦੇ ਬਹਾਨੇ ਬੰਦਿਆਂ ਵਿਚ ਦੂਰੀ ਦਾ ਖਿਆਲ ਖੇਤੀ ਅਤੇ ਆਮ ਦੁਕਾਨਦਾਰੀ ਸਮੇਤ ਸਾਰੇ ਸਮਾਜਕ ਢਾਂਚੇ ਨੂੰ ਖਤਮ ਕਰਨ ਲਈ ਪਹਿਲਾ ਕਦਮ ਹੈ।ਸਭ ਤੋਂ ਵੱਡਾ ਇਕੋ ਅੜਿਕਾ ਹੈ ਕਿ ਖੇਤੀ ਵਾਲੇ ਲੋਕਾਂ ਦਾ ਜਜਬਾ ਜੋ ਦੁਨੀਆ ਬਦਲਣ ਦੇ ਸਮਰਥ ਹੈ ਉਸ ਨੂੰ ਬਦਲਣਾ ਵੀ ਦੁਨੀਆ ਬਦਲਣ ਬਰਾਬਰ ਹੈ।

ਮਨੁਖੀ ਰਾਜ ਸਮਾਜ ਦੀ ਬਣਤਰ ਵਿਚ ਵੱਡੇ ਬਦਲਾਅ ਦਾ ਵੇਲਾ ਆ ਗਿਆ ਹੈ ਉਪਰ ਦੱਸੇ ਕਾਰਣਾਂ ਮੁਤਾਬਿਕ ਅੰਦਾਜਾ ਹੈ ਕਿ ਦਿੱਲੀ ਦੁਆਲੇ ਘੇਰਾ ਵੀ ਇਹਦੀ ਸ਼ੁਰੂਆਤ ਹੋ ਸਕਦਾ ਹੈ।ਇਹ ਕੂਚ ਦੀ ਧਮਕ ਅਤੇ ਧੂੜ ਦੁਨੀਆ ਵਿਚ ਕਿਥੋਂ ਤੱਕ ਜਾਏਗੀ ਹਾਲੇ ਕੁਛ ਕਹਿਣਾ ਮੁਸ਼ਕਲ ਹੈ ਪਰ ਇਹ ਮੁਲਕ ਵਿਚ ਵੱਡੀ ਤਬਦੀਲੀ ਆਏਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: