ਖਾਸ ਖਬਰਾਂ

ਨਸ਼ਿਆਂ ਦਾ ਦੈਂਤ ਹਰ ਰੋਜ਼ ਪੰਜਾਬ ਦਾ ਇਕ ਜੀਅ ਨਿਗਲ ਰਿਹੈ ਪਰ ਮੰਤਰੀ ਜੀ ਬੇਖਬਰ ਨੇ

By ਸਿੱਖ ਸਿਆਸਤ ਬਿਊਰੋ

July 14, 2018

ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਹਰ ਰੋਜ਼ ਇਕ ਜੀਅ ਨੂੰ ਨਿਗਲ ਰਿਹਾ ਹੈ। ਇਸ ਜਾਣਕਾਰੀ ਦਾ ਅਧਾਰ ਮਹਿਜ਼ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਬਾਰੇ ਛਪਦੀਆਂ ਖਬਰਾਂ ਨਹੀਂ ਹਨ ਬਲਕਿ ਇਹ ਜਾਣਕਾਰੀ ਪੰਜਾਬ ਦੇ ਹਸਪਤਾਲਾਂ ਵਿੱਚ ਹੋਣ ਵਾਲੀ ਲਾਸ਼ਾਂ ਦੀ ਜਾਂਚ ਦੇ ਦਸਤਾਵੇਜ਼ਾਂ ਤੋਂ ਮਿਲੀ ਹੈ। ਖਬਰ ਅਦਾਰੇ “ਦਾ ਟ੍ਰਿਬਿਊਨ” ਦੇ ਪੱਤਰਕਾਰ ਵਿਸ਼ਵ ਭਾਰਤੀ ਨੇ ਇਹ ਤੱਥ ਸਾਹਮਣੇ ਲਿਆਂਦੇ ਹਨ ਕਿ 15 ਮਈ 2018 ਤੋਂ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਮਾਮਲਿਆਂ ਵਿੱਚ ਲਾਸ਼ਾਂ ਦੀ ਜਾਂਚ ਤੋਂ ਬਾਅਦ ਇਸ ਤੱਥ ਦੀ ਪੁਸ਼ਟੀ ਹੋਈ ਹੈ ਕਿ 60 ਮੌਤਾਂ ਪਿਛਲਾ ਕਾਰਨ ਨਸ਼ਾ ਹੀ ਸੀ। ਨਸ਼ਿਆਂ ਦੇ ਮਾਮਲੇ ਨੂੰ “ਡੋਪ ਟੈਸਟ” ਸਿਆਸਤ ਵਿੱਚ ਉਲਝਾ ਕੇ ਪੱਲਾ ਝਾੜਨ ਦੀ ਨੀਤੀ ਅਪਨਾਉਣ ਵਾਲੀ ਪੰਜਾਬ ਸਰਕਾਰ ਲਈ ਇਹ ਤੱਥ ਵੱਡਾ ਝਟਕਾ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੰਤਰੀ ਟੋਲੇ (ਕੈਬਿਨਟ) ਦੀ ਨਸ਼ਿਆਂ ਦੇ ਮਾਮਲੇ ‘ਤੇ ਪਿਛਲੇ ਦਿਨੀਂ ਹੋਈ ਇਕ ਇਕੱਤਰਤਾ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਸੀ ਕਿ ਸਰਕਾਰੀ ਰਿਕਾਰਡ ਮੁਤਾਬਕ ਹਾਲੀਆ ਹਫਤਿਆਂ ਦੌਰਾਨ ਪੰਜਾਬ ਵਿੱਚ ਸਿਰਫ ਦੋ ਮੌਤਾਂ ਹੀ ਨਸ਼ੇ ਕਾਰਨ ਹੋਈਆਂ ਹਨ ਅਤੇ 2 ਹੋਰ ਮਾਮਲਿਆਂ ਵਿੱਚ ਖਦਸ਼ਾ ਹੈ ਕਿ ਹੋ ਸਕਦਾ ਹੈ ਕਿ ਉਨ੍ਹਾਂ ਪਿਛਲਾ ਕਾਰਨ ਵੀ ਨਸ਼ਾ ਹੀ ਹੋਵੇ।

ਅੱਜ ਨਸ਼ਰ ਹੋਈ ਜਾਣਕਾਰੀ ਅਤੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੀਤੇ ਦਾਅਵੇ ਵਿਚਲਾ ਪਾੜਾ ਹੀ ਨਸ਼ਿਆਂ ਦੀ ਦਲਦਲ ਵਿਚ ਫਸੀ ਪੰਜਾਬ ਦੀ ਜਵਾਨੀ ਲਈ “ਮੌਤ ਦੀ ਖਾਈ” ਹੋ ਨਿੱਬੜਿਆ ਹੈ ਕਿਉਂਕਿ ਪੱਤਰਕਾਰ ਵਿਸ਼ਵ ਭਾਰਤੀ ਨੇ ਅੱਜ ਪੇਸ਼ ਕੀਤੇ ਲੇਖੇ ਵਿੱਚ ਜ਼ਿਕਰ ਕੀਤਾ ਹੈ ਕਿ ਹੁਣ ਸਾਹਮਣੇ ਆਏ ਤੱਥਾਂ ਬਾਰੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਜਦੋਂ ਨਸ਼ਿਆਂ ਕਾਰਨ ਉੱਪਰੋ-ਥੱਲੀ ਹੋ ਰਹੀਆਂ ਮੋਤਾਂ ਕਾਰਨ ਪੰਜਾਬ ਭਰ ਵਿੱਚ ਹਾਹਕਾਰ ਮੱਚੀ ਹੋਈ ਹੈ ਤਾਂ ਪੰਜਾਬ ਦਾ ਸਿਹਤ ਮੰਤਰੀ ਇਹ ਕਹੇ ਕਿ ਉਸ ਨੂੰ ਇਸ ਸਮੱਸਿਆ ਦੀ ਗੰਭਰਤਾ ਦਰਸਾਉਂਦੇ ਮੁੱਢਲੇ ਤੱਥਾਂ ਦੀ ਜਾਣਕਾਰੀ ਹੀ ਨਹੀਂ ਹੈ ਤਾਂ ਪੰਜਾਬ ਸਰਕਾਰ ਦੀ ਇਸ ਮਾਮਲੇ ਵਿੱਚ ਸਮਰੱਥਾਂ ਤੋਂ ਵਧਕੇ ਨੀਤ ਹੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ।

ਸਿਹਤ ਅਫਸਰ ਤੇ ਡਾਕਟਰ ਵੀ ਮੰਨਦੇ ਹਨ ਕਿ ਨਸ਼ਿਆਂ ਦਾ ਕਹਿਰ ਸਰਕਾਰੀ ਹਸਪਤਾਲਾਂ ਵਿਚ ਲਾਸ਼ਾਂ ਦੀ ਜਾਂਚ ਦੌਰਾਨ ਸਾਹਮਣੇ ਆਏ ਮਾਮਲਿਆਂ ਤੋਂ ਕਿਤੇ ਵੱਧ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਨਸ਼ੇ ਕਾਰਨ ਹੋਈ ਮੌਤ ਨੂੰ ਤਸਲੀਮ ਕਰਨ ਵਿੱਚ ਸ਼ਰਮ ਮੰਨਦੇ ਹਨ ਤੇ ਅਜਿਹੇ ਮਾਮਲਿਆਂ ਵਿੱਚ ਲਾਸ਼ਾਂ ਦੀ ਡਾਕਟਰੀ ਜਾਂਚ ਨਹੀਂ ਕਰਵਾਈ ਜਾਂਦੀ।

ਪੱਤਰਕਾਰ ਵਿਸ਼ਵ ਭਾਰਤੀ ਨੇ ਕਿਹਾ ਹੈ ਕਿ ਉਸ ਵੱਲੋਂ ਵੇਖੇ ਗਏ ਦਸਤਾਵੇਜ਼ਾਂ ਵਿੱਚ ਨਸ਼ੇ ਕਾਰਨ ਮਰਨ ਵਾਲੇ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸਨ। ਇਨ੍ਹਾਂ ਵਿਚੋਂ ਪੰਜਾਂ ਦੀ ਉਮਰ 21 ਸਾਲਾਂ ਤੋਂ ਘੱਟ ਸੀ ਤੇ ਸਭ ਤੋਂ ਛੋਟਾ 18 ਸਾਲਾਂ ਦਾ ਸੀ।

ਇਨ੍ਹਾਂ ਅੰਕੜਿਆਂ ਮੁਤਾਬਕ ਨਸ਼ਿਆਂ ਕਾਰਨ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 10 ਮੌਤਾਂ ਹੋਈਆਂ ਹਨ। ਹੁਸ਼ਿਆਰਪੁਰ ਵਿੱਚ 5, ਤਰਨ ਤਾਰਨ ਵਿੱਚ 5, ਬਟਾਲਾ ਵਿੱਚ 5, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 5, ਰੋਪੜ ਵਿੱਚ 4, ਜਲੰਧਰ ਵਿੱਚ 3, ਲੁਧਿਆਣੇ ਵਿੱਚ 3, ਗੁਰਦਾਸਪੁਰ ਵਿੱਚ 3, ਬਠਿੰਡੇ ਵਿੱਚ 3, ਪਟਿਆਲੇ ਵਿੱਚ 3, ਮੋਗੇ ਵਿੱਚ 3, ਸੰਗਰੂਰ ਵਿੱਚ 2, ਫਰੀਦਕੋਟ ਵਿੱਚ 2 ਅਤੇ ਫਿਰੋਜ਼ਪੁਰ ਵਿੱਚ 1 ਮੌਤ ਹੋਈ ਹੈ।

ਇਨ੍ਹਾਂ ਲਾਸ਼ਾਂ ਤੋਂ ਇਕੱਤਰ ਕੀਤੇ ਨਮੂਨਿਆਂ ਦੀ ਜਾਂਚ ਖਰੜ ਵਿਚਲੀ ਸਟੇਟ ਕੈਮੀਕਲ ਟੈਸਟਿੰਗ ਲੈਬੋਟਰੀ ਵਿੱਚ ਕੀਤੀ ਗਈ ਸੀ। ਪੱਤਰਕਾਰ ਵਿਸ਼ਵ ਭਾਰਤੀ ਅਨੁਸਾਰ ਇਸ ਪਰਖਸ਼ਾਲਾ ਵਿੱਚ ਜਾਂਚ ਕਰਨ ਵਾਲਿਆਂ ਨੇ ਦੱਸਿਆ ਕਿ ਜਾਂਚ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਕਿਸ ਨਸ਼ੀਲੇ ਪਦਾਰਥ ਨਾਲ ਮੌਤ ਹੋਈ ਹੈ ਹਾਲਾਂਕਿ ਇਸ ਦੀ ਮਿਕਦਾਰ ਬਾਰੇ ਪਤਾ ਨਹੀਂ ਲੱਗਦਾ। ਇਸ ਜਾਂਚ ਦੇ ਨਤੀਜੇ ਨਾ ਸਿਰਫ ਮੌਤਾਂ ਦਾ ਕਾਰਨ ਪਤਾ ਲਾਉਣ ਵਿੱਚ ਮਦਦ ਕਰਦੇ ਹਨ ਬਲਕਿ ਇਸ ਨਾਲ ਇਹ ਵੀ ਪਤਾ ਲੱਗ ਸਕਦਾ ਹੈ ਕਿ ਕੀ ਚਿੱਟੇ ਦੇ ਨਸ਼ੀਲੇ ਪਦਾਰਥ ਵਿੱਚ ਕਿਸੇ ਹੋਰ ਕੈਮੀਕਲ ਦੀ ਮਿਲਾਵਟ ਵੀ ਕੀਤੀ ਗਈ ਸੀ। ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਮਿਲਾਟਵੀ ਚਿੱਟੇ ਕਾਰਨ ਪੰਜਾਬ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇਕਦਮ ਵਧੀ ਹੈ। ਇੰਝ ਇਹ ਜਾਂਚ ਨਾ ਸਿਰਫ ਇਸ ਦੀ ਮਾਰ ਹੇਠ ਆ ਰਹੇ ਨੌਜਵਾਨਾਂ ਲਈ ਜ਼ਹਿਰ ਦਾ ਤੋੜ ਲੱਭਣ ਵਿੱਚ ਮਦਦ ਕਰ ਸਕਦੀ ਹੈ ਬਲਕਿ ਇਸ ਨਾਲ ਨਸ਼ਿਆਂ ਦੇ ਸਰੋਤ (ਸਪਲਾਈ ਲਾਈਨ) ਦੀ ਸ਼ਨਾਖਤ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ।

ਟ੍ਰਿਬਿਊਨ ਦੀ ਖਬਰ ਮੁਤਾਬਿਕ ਖਰੜ ਦੀ ਪਰਖਸ਼ਾਲਾ ਵਿੱਚ ਪੰਜ ਹਜ਼ਾਰ ਨਮੂਨੇ ਜਾਂਚ ਕਰਨ ਵਾਲੇ ਪਏ ਹਨ ਤੇ ਨਵੇਂ ਨਮੂਨੇ ਦੀ ਜਾਂਚ ਲਈ ਵਾਰੀ 2 ਸਾਲ ਬਾਅਦ ਆਵੇਗੀ। ਖਬਰ ਅਨੁਸਾਰ ਪੰਜਾਬ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਮਸਲਾ ਚਰਚਾ ਵਿੱਚ ਹੋਣ ਕਰਕੇ ਹਾਲ ਦੀ ਘੜੀ ਨਸ਼ਿਆਂ ਨਾਲ ਸੰਬੰਧਤ ਮੌਤਾਂ ਦੇ ਮਾਮਲਿਆਂ ਵਿੱਚ ਨਮੂਨਿਆਂ ਦੀ ਜਾਂਚ ਪਹਿਲ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: