ਕੋਟਕਪੂਰਾ: ਪੰਜਾਬੀਆਂ ਨੂੰ ਨਸ਼ੇ ਦੀ ਮਾਰ ਮਾਰਦੀ ਜਾ ਰਹੀ ਹੈ ਤੇ ਨਿਤ ਦਿਨ ਨਸ਼ੇ ਨਾਲ ਮਰਨ ਵਾਲੇ ਪੰਜਾਬੀ ਨੌਜਵਾਨਾਂ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ, ਵੀਡੀਓ ਨੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਥੇ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਮੁੰਡੇ ਦੀ ਲਾਸ਼ ਜੀਵਨ ਨਗਰ ਸਥਿਤ ਇੱਕ ਖਾਲੀ ਮੈਦਾਨ ਵਿੱਚੋਂ ਮਿਲੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਨਸ਼ੇ ਕਰਨ ਦਾ ਆਦੀ ਸੀ ਤੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਉਸ ਦੀ ਮੌਤ ਹੋ ਗਈ। 35 ਸਾਲਾ ਬਲਜਿੰਦਰ ਸਿੰਘ, ਪ੍ਰੇਮ ਨਗਰ ਕੋਟਕਪੂਰਾ ਦਾ ਵਸਨੀਕ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ (ਸ਼ਹਿਰੀ) ਐੱਸਐੱਚਓ ਖੇਮ ਚੰਦ ਪਰਾਸ਼ਰ ਮੌਕੇ ’ਤੇ ਪੁੱਜੇ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਪੁਲੀਸ ’ਤੇ ਨਸ਼ਾ ਵਿਕਾਉਣ ਦਾ ਦੋਸ਼ ਲਾਇਆ। ਲੋਕਾਂ ਨੇ ਦੋਸ਼ ਲਾਇਆ ਕਿ ਕੁਝ ਪੁਲੀਸ ਮੁਲਾਜ਼ਮ ਹੀ ਨਸ਼ੇ ਵੇਚਣ ਵਾਲਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਦੋਸ਼ ਲਾਉਣ ਵਾਲਿਆਂ ਨੇ ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਚੜ੍ਹਾ ਦਿੱਤੀ।
ਸ਼ਹਿਰੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਮੋਦਨ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਿਆਨ ਜਾਰੀ ਕਰਕੇ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫ਼ਤਿਆਂ ਅੰਦਰ ਸੂਬੇ ’ਚੋਂ ਨਸ਼ੇ ਖ਼ਤਮ ਕਰਨ ਦੇ ਦਾਅਵੇ ਕੀਤੇ ਸਨ, ਪਰ ਹਾਲਾਤ ਕੁਝ ਹੋਰ ਹੀ ਹਨ। ਉਨ੍ਹਾਂ ਨੌਜਵਾਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ 50 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ ਤੇ ਨਸ਼ਿਆਂ ਦੀ ਇਸ ਪਰਲੋ ਨੇ ਇੱਕ ਹਫ਼ਤੇ ਅੰਦਰ ਖਤਮ ਹੋਣਾ ਸੀ, ਪਰ ਇਧਰ ਤਾਂ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ।
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਆਖਿਆ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਵਾ ਰਹੇ ਹਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।