Site icon Sikh Siyasat News

ਅੰਬਾਲਾ ਵਿਖੇ ਕੁੱਟਮਾਰ ਦਾ ਸ਼ਿਕਾਰ ਹੋਏ ਸਿੱਖ ਹਰਜੀਤ ਸਿੰਘ ਨੂੰ ਦਿੱਲੀ ਕਮੇਟੀ ਨੇ ਦਿੱਤੀ ਨੌਕਰੀ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਅੰਬਾਲਾ ਵਿਖੇ ਕੁੱਟਮਾਰ ਦਾ ਸ਼ਿਕਾਰ ਹੋਏ ਹਰਜੀਤ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿਖੇ ਡਰਾਈਵਰ ਨਿਯੁਕਤ ਕੀਤਾ ਹੈ। ਅੱਜ (21 ਜੁਲਾਈ) ਕਮੇਟੀ ਦਫ਼ਤਰ ਵਿਖੇ ਪਰਿਵਾਰ ਸਹਿਤ ਪੁੱਜੇ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ।

15 ਜੁਲਾਈ ਨੂੰ ਅੰਬਾਲਾ ਦੇ ਮੁਲਾਣਾ ਨੇੜੇ ਹਰਜੀਤ ਸਿੰਘ ਨੂੰ ਬਸ ਤੋਂ ਲਾਹ ਕੇ ਇੱਟ-ਪੱਥਰਾਂ ਨਾਲ ਮਾਰਪੀਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਿਸਤੋਂ ਬਾਅਦ ਕਮੇਟੀ ਵੱਲੋਂ ਤਿੰਨ ਕਮੇਟੀ ਮੈਂਬਰ ਗੁਰਮੀਤ ਸਿੰਘ ਭਾਟਿਆ, ਹਰਜੀਤ ਸਿੰਘ ਪੱਪਾ ਅਤੇ ਸਰਬਜੀਤ ਸਿੰਘ ਵਿਰਕ ਨੂੰ ਮਾਮਲੇ ਦੀ ਜਾਂਚ ਲਈ ਅੰਬਾਲਾ ਭੇਜਿਆ ਗਿਆ ਸੀ। ਇਸ ਦੌਰਾਨ ਪੀੜਤ ਹਰਜੀਤ ਸਿੰਘ ਆਪਣਾ ਟੱਰਕ ਲੈ ਕੇ ਮੱਧ ਪ੍ਰਦੇਸ਼ ਨੂੰ ਚਲਾ ਗਿਆ ਸੀ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹਰਜੀਤ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ

ਜੀ.ਕੇ. ਨੇ ਕਿਹਾ ਕਿ ਜਿਸ ਤਰੀਕੇ ਨਾਲ ਸਮੁੱਚੇ ਭਾਰਤ ’ਚ ਸਿੱਖਾਂ ਅਤੇ ਹੋਰ ਘੱਟਗਿਣਤੀਆਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਹ ਚਿੰਤਾ ਵਾਲੀ ਗੱਲ ਹੈ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹਰਜੀਤ ਸਿੰਘ ਨੂੰ ਬਤੌਰ ਡਰਾਈਵਰ ਨਿਯੂਕਤੀ ਪੱਤਰ ਦੇਣ ਦੌਰਾਨ ਕਿਹਾ ਕਿ ਕਿਵੇਂ ਗੁਰੂ ਰਾਮਦਾਸ ਲੰਗਰ ਹਾਲ ‘ਚ ਜ਼ਖਮੀ ਹੋਏ ਸੇਵਾਦਾਰ ਭਾਈ ਚਰਣਜੀਤ ਸਿੰਘ ਦੀ ਮੌਤ ਦੀ ਝੂਠੀ ਖ਼ਬਰ ਸੋਸ਼ਲ ਮੀਡੀਆ ’ਤੇ ਚਲੀ, ਇਸ ਲਈ ਸੋਸ਼ਲ ਮੀਡੀਆ ‘ਤੇ ਚੱਲਣ ਵਾਲੀਆਂ ਖ਼ਬਰਾਂ ਤੋਂ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

ਇਸ ਮੌਕੇ ਭਾਜਪਾ ਦੇ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਅਹੁਦੇਦਾਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਸਰਬਜੀਤ ਸਿੰਘ ਵਿਰਕ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version