ਖਾਸ ਖਬਰਾਂ » ਸਿਆਸੀ ਖਬਰਾਂ

ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬੀ ਨਾਲੋਂ ਹਿੰਦੀ ‘ਚ ‘ਸਹਿਜ’ ਮਹਿਸੂਸ ਕਰਦੀ ਹੈ

March 25, 2017 | By

ਚੰਡੀਗੜ੍ਹ: ਪੰਜਾਬ ‘ਚ ਨਵੀਂ ਬਣੀ ਕੈਪਟਨ ਸਰਕਾਰ ‘ਚ ਸਿੱਖਿਆ ਰਾਜ ਮੰਤਰੀ ਅਰੁਣਾ ਚੌਧਰੀ ਨੇ ਪਿਛਲੇ ਹਫ਼ਤੇ ਆਪਣੇ ਅਹੁਦੇ ਦੀ ਸਹੁੰ ਹਿੰਦੀ ਵਿਚ ਚੁੱਕੀ ਸੀ। ਸਿੱਖਿਆ ਮੰਤਰੀ ਵਲੋਂ ਪੰਜਾਬੀ ਨੂੰ ਤਿਆਗ ਕੇ ਹਿੰਦੀ ਵਿਚ ਸਹੁੰ ਚੁੱਕਣ ‘ਤੇ ਭਵਿੱਖ ‘ਚ ਪੰਜਾਬ ‘ਚ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਸ਼ੰਕੇ ਖੜ੍ਹੇ ਹੋ ਗਏ ਹਨ। ਕੱਲ੍ਹ ਦੁਬਾਰਾ ਵਿਧਾਨ ਸਭਾ ‘ਚ ਪਹਿਲੇ ਦਿਨ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸਿੱਖਿਆ ਮੰਤੀ ਨੇ ਪੰਜਾਬੀ ਨੂੰ ਤਿਆਗ ਕੇ ਹਿੰਦੀ ਨੂੰ ਤਰਜੀਹ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀ ਦੇ ਪਤੀ ਨੇ ਮੰਨਿਆ ਹੈ ਕਿ ਮੰਤਰੀ ਆਪਣੇ ਵਿਦਿਅਕ ਪਿਛੋਕੜ ਕਾਰਨ ਪੰਜਾਬੀ ਭਾਸ਼ਾ ਵਿੱਚ ‘ਸਹਿਜ’ ਨਹੀਂ ਹੈ।

ਸਿੱਖਿਆ ਮੰਤਰੀ ਅਰੁਣ ਚੌਧਰੀ

ਸਿੱਖਿਆ ਮੰਤਰੀ ਅਰੁਣ ਚੌਧਰੀ

ਮੰਤਰੀ ਅਰੁਣਾ ਚੌਧਰੀ ਸਕੂਲ ਤੇ ਉੱਚ ਸਿੱਖਿਆ ਵਿਭਾਗਾਂ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਾਲੇ ਮੁਢਲੇ ਸੰਸਥਾਨ ਵਜੋਂ ਦੇਖਿਆ ਜਾਂਦਾ ਹੈ, ਦੇ ਮੁਖੀ ਹਨ। ਇਸ ਤੋਂ ਇਲਾਵਾ ਚੌਧਰੀ ਇਤਿਹਾਸਕ ਮਹੱਤਤਾ ਵਾਲੇ ਪੰਜਾਬ ਭਾਸ਼ਾ ਵਿਭਾਗ, ਜਿਸ ਦਾ ਇਕਲੌਤਾ ਮਕਸਦ ਪੰਜਾਬੀ ਭਾਸ਼ਾ ਦੀ ਤਰੱਕੀ ਤੇ ਵਿਕਾਸ ਹੈ, ਦੇ ਮੁਖੀ ਹਨ। ਭਾਸ਼ਾ ਵਿਭਾਗ ਵੱਲੋਂ ਵਿਸ਼ਵ ਪ੍ਰਸਿੱਧ ਲਿਖਤਾਂ / ਕਿਤਾਬਾਂ ਦਾ ਪੰਜਾਬੀ ਵਿੱਚ ਤਰਜਮਾ ਕਰਾ ਕੇ ਅਤੇ ਨਾਯਾਬ ਪੰਜਾਬੀ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।

ਮੀਡੀਆ ‘ਚ ਛਪੀਆਂ ਖ਼ਬਰਾਂ ਮੁਤਾਬਕ ਇਸ ਮੰਤਰੀ ਦੇ ਪਤੀ ਅਸ਼ੋਕ ਚੌਧਰੀ (ਸੇਵਾਮੁਕਤ ਨੌਕਰਸ਼ਾਹ) ਨੇ ਦੱਸਿਆ, ‘ਮੇਰੀ ਪਤਨੀ ਨੇ ਸਾਰੀ ਸਿੱਖਿਆ ਜੰਮੂ ਤੇ ਕਸ਼ਮੀਰ ਵਿੱਚੋਂ ਹਾਸਲ ਕੀਤੀ ਹੈ, ਜਿਥੇ ਪੰਜਾਬੀ ਨਾ ਤਾਂ ਸਕੂਲ ਅਤੇ ਨਾ ਹੀ ਕਾਲਜ ‘ਚ ਪੜ੍ਹਾਈ ਜਾਂਦੀ ਸੀ। ਵਿਦਿਅਕ ਪਿਛੋਕੜ ਕਾਰਨ ਉਹ ਪੰਜਾਬੀ ਨਾਲੋਂ ਹਿੰਦੀ ਤੇ ਅੰਗਰੇਜ਼ੀ ਵਿੱਚ ਜ਼ਿਆਦਾ ਸਹਿਜ ਹਨ।’ ਅਸ਼ੋਕ ਨੇ ਫ਼ਖ਼ਰ ਨਾਲ ਕਿਹਾ ਕਿ ਅਰੁਣਾ ਨੇ ਰਾਜ ਮੰਤਰੀ ਵਜੋਂ ਹਿੰਦੀ ਵਿੱਚ ਹਲਫ਼ ਲਿਆ ਹੈ ਕਿਉਂਕਿ ਇਹ ‘ਸਾਡੀ ਮਾਤ ਭਾਸ਼ਾ’ ਹੈ। ਜਦਕਿ ਅੱਜ ਵਿਧਾਇਕ ਵਜੋਂ ਸਿੱਖਿਆ ਮੰਤਰੀ ਨੇ ਅੰਗਰੇਜ਼ੀ ਵਿੱਚ ਹਲਫ਼ ਲਿਆ।

ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਕਿਹਾ, ‘ਜੇਕਰ ਸਿੱਖਿਆ ਮੰਤਰੀ ਪੰਜਾਬੀ ਨਾਲੋਂ ਹਿੰਦੀ ਤੇ ਅੰਗਰੇਜ਼ੀ ਵਿੱਚ ਵੱਧ ਸਹਿਜ ਹੈ ਤਾਂ ਭਵਿੱਖ ਵਿੱਚ ਅਸੀਂ ਪੰਜਾਬੀ ਦੀ ਕਿਸ ਤਰ੍ਹਾਂ ਦੀ ਤਰੱਕੀ ਦੀ ਉਮੀਦ ਕਰ ਸਕਦੇ ਹਾਂ? ਇਹ ਹਾਸੋਹੀਣਾ ਹੈ ਕਿ ਇਹ ਉਸ ਸੂਬੇ ਵਿੱਚ ਹੋ ਰਿਹਾ ਹੈ ਜਿਥੇ ਭਾਸ਼ਾ ਦਾ ਸਵਾਲ ਹਮੇਸ਼ਾ ਅਹਿਮ ਮੁੱਦਾ ਰਿਹਾ ਹੈ।’

ਸਬੰਧਤ ਖ਼ਬਰ:

ਪੰਜਾਬ ਅਤੇ ਸਿੰਧ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ‘ਚ ਪੰਜਾਬੀ ਦਾ ਗਲਾ ਘੁੱਟ ਕੇ ਹਿੰਦੀ ਲਾਗੂ ਕੀਤੀ ਜਾਏਗੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,