Site icon Sikh Siyasat News

ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਛੋਟ ਦਿਓ: ਹਰਸਿਮਰਤ ਬਾਦਲ

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਸੇਵਾ ਲਈ ਖਰੀਦੀ ਜਾਂਦੀ ਰਸਦ ਨੂੰ ਜੀਐਸਟੀ ਐਕਟ ਤੋਂ ਛੋਟ ਦਿੱਤੀ ਜਾਵੇ।

ਪ੍ਰੈਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਕੇਸ਼ਗੜ੍ਹ ਸਾਹਿਬ ਆਨੰਦਪੁਰ ਅਤੇ ਤਲਵੰਡੀ ਸਾਬੋ ਬਠਿੰਡਾ ਵਿਖੇ ਲੰਗਰ ਸੇਵਾ ਲਈ ਖਰੀਦੀ ਜਾਂਦੀ ਰਸਦ ਨੂੰ ਵੈਟ ਤੋਂ ਛੋਟ ਦਿੱਤੀ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸੀ ਘਿਓ, ਚੀਨੀ ਅਤੇ ਦਾਲਾਂ ਦੀ ਖਰੀਦ ਉੱਤੇ ਕਰੀਬ 75 ਕਰੋੜ ਰੁਪਏ ਖਰਚ ਕਰਦੀ ਹੈ। ਹੁਣ ਇਹ ਸਾਰੀ ਖਰੀਦਦਾਰੀ ਕਰਨ ਉੱਤੇ 10 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ, ਕਿਉਂਕਿ ਇਹ ਸਾਰੀਆਂ ਚੀਜ਼ਾਂ 5 ਤੋਂ 18 ਫੀਸਦੀ ਜੀਐਸਟੀ ਦੇ ਘੇਰੇ ਵਿਚ ਆਉਂਦੀਆਂ ਹਨ।

ਬੀਬੀ ਹਰਸਿਮਰਤ ਕੌਰ ਬਾਦਲ

ਵਿੱਤ ਮੰਤਰੀ ਨੂੰ ਇਸ ਸਾਰੀ ਰਸਦ ਸਮੱਗਰੀ ਨੂੰ ਜੀਐਸਟੀ ਤੋਂ ਛੋਟ ਦੇਣ ਲਈ ਬੇਨਤੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਸਮਾਜ ਵਿਚ ਧਰਮ, ਜਾਤ, ਰੰਗ ਅਤੇ ਨਸਲ ਦੇ ਵਖਰੇਂਵਿਆਂ ਨੂੰ ਖਤਮ ਕਰਨ ਅਤੇ ਬਰਾਬਰੀ ਨੂੰ ਹੱਲਾਸ਼ੇਰੀ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1481 ਵਿਚ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਚਲਾਈ ਜਾਂਦੀ ਹੈ, ਜਿੱਥੇ ਸਾਰਾ ਸਾਲ ਲੱਖਾਂ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਜਾਂਦਾ ਹੈ। ਇਸ ਲੰਗਰ ਦਾ ਖਰਚਾ ਲੋਕਾਂ ਵੱਲੋਂ ਮਿਲੀ ਦਾਨ ਭੇਂਟਾ ਨਾਲ ਹੀ ਚੱਲਦਾ ਹੈ।

ਸਬੰਧਤ ਖ਼ਬਰ: ਜੀਐਸਟੀ: ਸ਼੍ਰੋਮਣੀ ਕਮੇਟੀ ’ਤੇ ਪਵੇਗਾ 10 ਕਰੋੜ ਦਾ ਵਾਧੂ ਬੋਝ

ਕੇਂਦਰੀ ਮੰਤਰੀ ਨੇ ਕਿਹਾ ਕਿ ਜੀਐਸਟੀ ਕੌਂਸਲ ਦੀ ਸਿਫਾਰਿਸ਼ ਉੱਤੇ ਨਵੇਂ ਜੀਐਸਟੀ ਐਕਟ ਦੇ ਸੈਕਸ਼ਨ 11 ਅਤੇ ਆਈਜੀਐਸਟੀ ਐਕਟ ਦੀ ਸੈਕਸ਼ਨ 6 ਯੋਗ ਸੰਸਥਾਵਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਅਜਿਹੀ ਛੋਟ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਇਸ ਸੰਬੰਧ ਵਿਚ ਪਹਿਲਾਂ ਹੀ ਉਹਨਾਂ ਨੂੰ ਮਿਲ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਬੇਨਤੀ ਨੂੰ ਵਿਚਾਰਦੇ ਹੋਏ ਲੰਗਰ ਦੀ ਰਸਦ ਸਮੱਗਰੀ ਨੂੰ ਜੀਐਸਟੀ ਤੋਂ ਛੋਟ ਦਿੱਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version