
July 7, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਵਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਤੇ ‘ਆਪ’ ਆਗੂ ਅਸ਼ੀਸ ਖੇਤਾਨ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਵਲ ਲਾਈਨ ਵਿਖੇ ਇਹ ਸ਼ਿਕਾਇਤ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਦਰਜ ਕਰਵਾਈ ਗਈ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ 3 ਜੁਲਾਈ ਨੂੰ ਸਥਾਨਕ ਰਣਜੀਤ ਐਵੀਨਿਊ ਦੀ ਗਰਾਊਂਡ ‘ਚ ‘ਆਪ’ ਵੱਲੋਂ ਕੀਤੀ ਰੈਲੀ ਦੌਰਾਨ ਯੂਥ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ, ਜਿਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ, ਉਥੇ ਅਸ਼ੀਸ਼ ਖੇਤਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਨਾਲ ਕੀਤੀ ਸੀ।
ਯੂਥ ਮੈਨੀਫੈਸਟੋ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਨਾਲ ਕਰਨ ‘ਤੇ ਮਾਫੀ ਮੰਗਦਾ ਹੋਇਆ ਆਸ਼ੀਸ਼ ਖੇਤਾਨ
ਇਸ ਨਾਲ ਮੈਨੀਫੈਸਟੋ ‘ਤੇ ਸੱਚਖੰਡ ਦਰਬਾਰ ਸਾਹਿਬ ਦੀ ਤਸਵੀਰ ਨਾਲ ‘ਆਪ’ ਦਾ ਚੋਣ ਨਿਸ਼ਾਨ ਝਾੜੂ ਵੀ ਛਾਪਿਆ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਡੀ.ਸੀ. ਪੁਲਿਸ ਜੇ. ਏਲੇਨਚੈਜੀਅਨ ਨੇ ਦੱਸਿਆ ਕਿ ਇਹ ਮਾਮਲਾ ਗੈਰ-ਜ਼ਮਾਨਤੀ ਹੈ। ਇਸ ਲਈ ਅਸ਼ੀਸ ਖੇਤਾਨ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਕੇਜਰੀਵਾਲ ਤੇ ਅਾਸ਼ੀਸ਼ ਖੇਤਾਨ ਖਿਲਾਫ ਅਦਾਲਤ ‘ਚ ਇਕ ਸਿੱਖ ਚਰਨਜੀਤ ਸਿੰਘ ਵੱਲੋਂ ਦਾਇਰ ਕਰਵਾਏ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਦੀ ਨਿਰਧਾਰਿਤ ਕੀਤੀ ਗਈ ਹੈ।
Related Topics: Aam Aadmi Party, Aashish Khetan, Karnail Singh Peermohamad, Punjab Police