ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ (ਫਾਈਲ ਫੋਟੋ)

ਸਿਆਸੀ ਖਬਰਾਂ

ਮਾਇਆਵਤੀ ਨੂੰ ਸੰਸਦ ‘ਚ ਬੋਲਣ ਨਾ ਦੇਣਾ,ਝੱਟ ਅਸਤੀਫਾ ਪ੍ਰਵਾਨ ਕਰਨਾ, ਹਿੰਦੂਤਵ ਦੀ ਦਲਿਤ ਵਿਰੋਧੀ ਸੋਚ:ਮਾਨ

By ਸਿੱਖ ਸਿਆਸਤ ਬਿਊਰੋ

July 27, 2017

ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਦੀ ਰਾਜ ਸਭਾ ਵਿਚ ਬਹੁਗਿਣਤੀ ਨਾਲ ਸੰਬੰਧਤ ਹਿੰਦੂਤਵ ਹੁਕਮਰਾਨਾਂ ਵੱਲੋਂ ਮਾਇਆਵਤੀ, ਜੋ ਦਲਿਤਾਂ ਅਤੇ ਪਿੱਛੜੇ ਵਰਗਾਂ ਦੀ ਨੁਮਾਇੰਦਗੀ ਕਰਦੀ ਹੈ, ਨੂੰ ਬੋਲਣ ਨਾ ਦੇਣਾ ਅਤੇ ਮਾਇਆਵਤੀ ਵਲੋਂ ਦਿੱਤਾ ਅਸਤੀਫਾ ਫੌਰੀ ਪ੍ਰਵਾਨ ਕਰ ਲੈਣਾ ਹਿੰਦੂਵਾਦੀਆਂ ਦੀ ਦਲਿਤਾਂ ਪ੍ਰਤੀ ਮੰਦਭਾਵਨਾ ਵਾਲੀ ਸੋਚ ਦਾ ਪ੍ਰਗਟਾਵਾ ਹੈ।

ਸ. ਮਾਨ ਨੇ ਕਿਹਾ ਕਿ ਲਿਖਤੀ ਰੂਪ ‘ਚ ਭਾਵੇਂ ਭਾਰਤ ਦਾ ਸੰਵਿਧਾਨ ਦਲਿਤਾਂ ਅਤੇ ਹੋਰ ਘੱਟਗਿਣਤੀਆਂ ਦੇ ਹੱਕਾਂ ਅਤੇ ਅਜ਼ਾਦੀ ਦੀ ਗੱਲ ਕਰਦਾ ਹੈ ਪਰ ਅਮਲੀ ਰੂਪ ‘ਚ ਅਜਿਹਾ ਨਹੀਂ ਹੈ। ਅਸਲ ਵਿਚ ਹਕੂਮਤ ਉਤੇ ਕਾਬਜ਼ ਬ੍ਰਾਹਮਣਵਾਦੀ ਤਾਕਤਾਂ ਆਪਣੀਆਂ ਮਨਮਰਜ਼ੀਆਂ ਕਰਦੇ ਹੋਏ ਨਫ਼ਰਤ ਭਰੀ ਹਿੰਦੂਤਵ ਸੋਚ ਅਤੇ ਪ੍ਰੋਗਰਾਮਾਂ ਨੂੰ ਜ਼ਬਰੀ ਲਾਗੂ ਕਰਦੀਆਂ ਆ ਰਹੀਆਂ ਹਨ। ਦਲਿਤਾਂ ਦੀ ਨੁਮਾਇੰਦਗੀ ਕਰਦੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨਾਲ ਰਾਜ ਸਭਾ ਵਿਚ ਹੋਈ ਦੁੱਖ ਭਰੀ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਇਹ ਹੁਕਮਰਾਨ ਦਲਿਤ ਵਰਗ ਨੂੰ ਮਾਣ ਸਤਿਕਾਰ ਦੇਣ ਦੇ ਰੌਅ ਵਿਚ ਬਿਲਕੁਲ ਨਹੀਂ ਹਨ।

ਸ. ਮਾਨ ਨੇ ਕਿਹਾ ਕਿ ਹੁਣ ਵੀ ਜੇਕਰ ਇਹ ਸਮੁੱਚੇ ਵਰਗ ਹਿੰਦੂਤਵੀ ਹੁਕਮਰਾਨਾਂ ਦੇ ਜ਼ੁਲਮਾਂ ਖਿਲਾਫ ਸੰਜੀਦਗੀ ਨਾਲ ਇਕ ਪਲੇਟਫਾਰਮ ‘ਤੇ ਇਕੱਤਰ ਨਾ ਹੋਏ ਤਾਂ ਬਹੁਤ ਦੇਣ ਹੋ ਚੁਕੀ ਹੋਏਗੀ। ਇਸ ਲਈ ਸਾਡੀ ਦਲਿਤਾਂ, ਪਿਛੜੇ ਵਰਗਾਂ, ਘੱਟਗਿਣਤੀ ਕੌਮਾਂ ਨੂੰ ਇਹ ਅਪੀਲ ਹੈ ਕਿ ਉਹ ਆਪਣੇ ਆਗੂਆਂ ਦਾ ਮਾਣ ਸਤਿਕਾਰ ਬਹਾਲ ਰੱਖਣ ਲਈ ਇਕ ਪਲੇਟਫਾਰਮ ‘ਤੇ ਇਕੱਤਰ ਹੋ ਜਾਣ ਤਾਂ ਬਿਹਤਰ ਹੋਵੇਗਾ। ਸ. ਮਾਨ ਨੇ ਮਾਇਆਵਤੀ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਦੀ ਮੰਦਭਾਵਨਾ ਨੂੰ ਮਹਿਸੂਸ ਕਰਦਿਆਂ ਹੋਇਆਂ ਕਿਹਾ ਕਿ ਹੁਕਮਰਾਨਾਂ ਨੇ ਅਜਿਹਾ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: