ਸਿਆਸੀ ਖਬਰਾਂ

ਬਾਦਲ ਅਤੇ ਕੇ.ਪੀ.ਐਸ. ਗਿੱਲ ਦੀਆਂ ਗੁਪਤ ਮੀਟਿੰਗਾਂ ਦਾ ਸੱਚ ਸਾਹਮਣੇ ਆਵੇ: ਖਾਲੜਾ ਮਿਸ਼ਨ

January 11, 2019 | By

ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਮੰਗ ਕੀਤੀ ਹੈ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਨਣੀ ਚਾਹੀਦੀ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਅਤੇ ਅੱਜ ਤੱਕ ਰਹੇ ਮੁੱਖ ਮੰਤਰੀਆਂ, ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਪੜਤਾਲ ਕਰੇ। ਕੇ.ਐਮ.ਓ. ਨੇ ਕਿਹਾ ਕਿ ਐਸ.ਆਈ.ਟੀ. ਪੜਤਾਲ ਕਰੇ ਕਿ ਕੇ.ਪੀ.ਐਸ. ਗਿੱਲ ਨਾਲ ਗੁਪਤ ਮੀਟਿੰਗਾਂ ਕਰ ਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਵਾਇਆ। ਇਹ ਐਸ.ਆਈ.ਟੀ. ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਏ 21 ਨੌਜਵਾਨਾਂ ਦ ਸੱਚ ਵੀ ਸਾਹਮਣੇ ਲਿਆਵੇ ਜਿੰਨ੍ਹਾਂ ਨੂੰ ਬੇਅੰਤ ਸਿੰਘ ਕੇ.ਪੀ.ਐਸ. ਗਿੱਲ ਦੀ ਜੋੜੀ ਨੇ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤਾ।

ਪਰਕਾਸ਼ ਸਿੰਘ ਬਾਦਲ ਤੇ ਕੇ.ਪੀ.ਐਸ. ਗਿੱਲ ਦੀ ਦਿੱਲੀ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ 23 ਅਕਤੂਬਰ, 2001 ਨੂੰ ਖਿੱਚੀ ਗਈ ਤਸਵੀਰ

ਕੇ.ਐਮ.ਓ. ਆਗੂਆਂ ਪਰਵੀਨ ਕੁਮਾਰ, ਸਤਵੰਤ ਸਿੰਘ ਮਾਣਕ ਅਤੇ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਮੁਖੀ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਐਮਰਜੈਂਸੀ ਦੀਆਂ ਵਧੀਕਿਆਂ ਬਾਰੇ ਕਮਿਸ਼ਨ ਬਣਿਆ ਪਰ ਅਫਸੋਸ ਕਿ ਫੌਜੀ ਹਮਲੇ ਦੀ ਕੋਈ ਪੜਤਾਲ ਨਾ ਹੋਈ। ਸਗੋਂ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੇ ਪਾਪ ਵਿੱਚ ਕਾਂਗਰਸ ਤੋਂ ਬਿਨ੍ਹਾ ਭਾਜਪਾ ਅਤੇ ਆਰ.ਐਸ.ਐਸ. ਵੀ ਸ਼ਾਮਲ ਹੋਏ। ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਸ਼ਹੀਦ ਕਰਾਉਣ ਲਈ ਫੌਜੀ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋ ਗਏ। ਇਸੇ ਲੜੀ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੌਜੀ ਹਮਲੇ ਬਾਰੇ ਕਿਸੇ ਵੀ ਅਦਾਲਤ ਦਾ ਦਰਵਾਜਾ ਨਹੀ ਖੜਕਾਇਆ।

ਖਾਲੜਾ ਮਿਸ਼ਨ ਨੇ ਕਿਹਾ ਕਿ ਬਾਦਲ ਦਲ ਜੇ ਇਸ ਪਾਪ ਵਿੱਚ ਸ਼ਾਮਲ ਨਾ ਹੁੰਦਾ ਤਾਂ ਫੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਦਾ ਸੱਚ ਜਰੂਰ ਸਾਹਮਣੇ ਆਇਆ ਹੁੰਦਾ। ਉਨ੍ਹਾਂ ਬੀਬੀ ਲਕਸ਼ਮੀ ਕਾਂਤਾਂ ਚਾਵਲਾ ਵੱਲੋਂ ਕੇ.ਪੀ.ਐਸ. ਗਿੱਲ ਨੂੰ ਬੁੱਚੜ ਆਖੇ ਜਾਣ ਤੇ ਕੀਤੇ ਇਤਰਾਜ ਬਾਰੇ ਕਿਹਾ ਕਿ ਮਨੂੰਵਾਦੀਆਂ ਦੀ ਸਿੱਖੀ ਨਾਲ ਦੁਸ਼ਮਣੀ ਫਿਰ ਜੱਗ ਜਾਹਿਰ ਹੋਈ ਹੈ ਇਹ ਦੁਸ਼ਮਣੀ ਸਿੱਖੀ ਦੇ ਜਨਮ ਤੋਂ ਹੀ ਹੈ ਅਤੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਵੇਲੇ ਇਹ ਦੁਸ਼ਮਣੀ ਸਿਖਰਾਂ ਛੂਹ ਗਈ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੇ.ਪੀ.ਐਸ. ਗਿੱਲ ਨੂੰ ਦਿੱਤਾ ਪਦਮ ਸ੍ਰੀ ਅਵਾਰਡ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਉਸਨੂੰ ਸਜਾ ਜਾਫਤਾ ਐਲਾਨ ਕੇ ਚਰਿੱਤਰਹੀਣਤਾ ਦਾ ਖਿਤਾਬ ਦਿੱਤਾ ਗਿਆ ਹੈ।

ਕੇ. ਐਮ. ਓ ਆਗੂਆਂ ਨੇ ਕਿਹਾ ਕਿ ਝੂਠੇ ਮੁਕਾਬਲਿਆਂ ਵਿੱਚ ਤੇ ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦ ਕੀਤੇ ਗਏ ਸਾਰੇ ਸਿੱਖਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣ ਅਤੇ ਜੂਨ 84, ਨਵੰਬਰ 84 ਅਤੇ ਝੂਠੇ ਮੁਕਾਬਲਿਆਂ ਦੇ ਰੂਪ ਵਿੱਚ ਸਿੱਖੀ ਉੱਪਰ ਕੀਤੇ ਹਮਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਤਵਾਦੀ ਹਮਲੇ ਐਲਾਨਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,