ਪ੍ਰਤੀਕਾਤਮਿਕ ਤਸਵੀਰ

ਸਿੱਖ ਖਬਰਾਂ

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਵਾਲੇ ਸਥਾਨ ਵੱਲ ਜਥਾ ਰਵਾਨਾ ਹੋਇਆ

By ਸਿੱਖ ਸਿਆਸਤ ਬਿਊਰੋ

July 27, 2019

ਅੰਮ੍ਰਿਤਸਰ: ਹਰਿਦੁਆਰ ਵਿਚ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਹਾਸਲ ਕਰਨ ਲਈ ਦਿੱਲੀ ਦੇ ਸਿੱਖ ਆਗੂ ਸ. ਗੁਰਚਰਨ ਸਿੰਘ ਬੱਬਰ ਦੀ ਅਗਵਾਈ ਵਿਚ ਸਿੱਖਾਂ ਦਾ ਇਕ ਜੱਥਾ ਸ਼ੁੱਕਰਵਾਰ (26 ਜੁਲਾਈ ਨੂੰ) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਹਰਿਦੁਆਰ ਵੱਲ ਰਵਾਨਾ ਹੋਇਆ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਹਰਿਦੁਆਰ ਵਿਚ ਹਰਿ ਕੀ ਪਉੜੀ ਦੇ ਸਾਹਮਣੇ ਇਕ ਪੂਰਾ ਇਲਾਕਾ ਨਾਨਕਵਾੜਾ ਨਾਮ ਤੇ ਸਰਕਾਰੀ ਕਾਗਜ਼ਾਂ ਵਿਚ ਗੁਰੂ ਨਾਨਕ ਸਾਹਿਬ ਦੇ ਨਾਮ ‘ਤੇ ਬੋਲਦਾ ਹੈ। ਇਸ 25 ਏਕੜ ਜਗਾ ਤੇ ਹੁਣ ਹਰਿਦੁਆਰ ਦੇ ਪਾਂਡਿਆ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੌਜੂਦਗੀ ਦੇ ਸਬੂਤ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਾਲੀ ਥਾਂ ਤੇ ਮੁੜ ਗੁਰਦੁਆਰਾ ਸਾਹਿਬ ਨਹੀਂ ਉਸਾਰਿਆ ਜਾ ਰਿਹਾ।

⊕ ਇਹ ਵੀ ਪੜ੍ਹੋ ਜੀ – ਗੁ: ਗਿਆਨ ਗੋਦੜੀ ਦੀ ਅਜ਼ਾਦੀ: ਸ਼੍ਰੋਮਣੀ ਕਮੇਟੀ ਦੀ ਕਾਰਵਾਈ ਸਬ-ਕਮੇਟੀਆਂ ਬਣਾਉਣ ਤਕ ਹੀ ਸੀਮਤ

ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿਚ ਕਾਰਵਾਈ ਵਿੱਢਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਤੇ 31 ਦਸੰਬਰ 2013 ਨੂੰ ਸ਼੍ਰੋ.ਗੁ.ਪ੍ਰ.ਕ. ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਹ ਦਾਅਵਾ ਕੀਤਾ ਸੀ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਮਾਮਲਾ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਪਰ ਹੁਣ ਇਨ੍ਹਾਂ ਅਦਾਰਿਆਂ ਨੇ ਇਹ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਦੁਆਰ ਵੱਲ ਜਾਣ ਵਾਲੇ ਜਥੇ ਬਾਰੇ ਵੀ ਸ਼੍ਰੋ.ਗੁ.ਪ੍ਰ.ਕ. ਨੂੰ ਪੰਦਰਾਂ ਦਿਨ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਪਰ ਉਨ੍ਹਾਂ ਵੱਲੋਂ ਕੋਈ ਹੁੰਗਾਰਾ ਨਹੀਂ ਆਇਆ।

ਜ਼ਿਕਰਯੋਗ ਹੈ ਕਿ ਇੰਝ ਜਾਣ ਵਾਲੇ ਜਥਿਆਂ ਨੂੰ ਉੱਤਰਾਖੰਡ ਪ੍ਰਸ਼ਾਸਨ ਵੱਲੋਂ ਰਾਹ ਵਿਚ ਰੋਕ ਕੇ ਰਸਮੀ ਗ੍ਰਿਫਤਾਰੀ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਜਥੇ ਦੇ ਤੌਰ ਤੇ ਗੁਰਦੁਆਰਾ ਸਾਹਿਬ ਵਾਲੀ ਥਾਂ ਤੇ ਨਹੀਂ ਪਹੁੰਚਣ ਦਿੱਤਾ ਜਾਂਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: