ਖੱਬਿਉਂ ਸੱਜੇ: ਗਿਆਨੀ ਜਗਤਾਰ ਸਿੰਘ ਲੁਧਿਆਣਾ, ਗਿਆਨੀ ਇਕਬਾਲ ਸਿੰਘ, ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ, ਗਿਆਨੀ ਹਰਪ੍ਰੀਤ ਸਿੰਘ

ਸਿਆਸੀ ਖਬਰਾਂ

ਨਾਮਧਾਰੀ ਮਾਮਲੇ ਦੀ ਘੋਖ ਲਈ ਗਿਆਨੀ ਗੁਰਬਚਨ ਸਿੰਘ ਨੇ ਬਣਾਈ 6 ਮੈਂਬਰੀ ਨਿਰਣੈ ਕਮੇਟੀ

By ਸਿੱਖ ਸਿਆਸਤ ਬਿਊਰੋ

May 05, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਨਾਮਧਾਰੀ ਸੰਪਰਦਾ ਦੇ ਇੱਕ ਧੜੇ ਦੀਆਂ ਬੀਬੀਆਂ ਵਲੋਂ ਸਿੱਖ ਅੰਮ੍ਰਿਤ ਸੰਚਾਰ ਦੀ ਨਕਲ ਅਤੇ ਅੰਮ੍ਰਿਤ ਸੰਚਾਰ ਮੌਕੇ ਹਵਨ ਕਰਨ ਦੇ ਮਾਮਲੇ ‘ਤੇ ਵਿਚਾਰ ਕਰਦਿਆਂ ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਜਥੇਦਾਰਾਂ ਨੇ ਸਮੁਚੇ ਮਾਮਲੇ ਦੀ ਘੋਖ ਪੜਤਾਲ ਲਈ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ‘ਤੇ ਅਧਾਰਿਤ ਇੱਕ 6 ਮੈਂਬਰੀ ਨਿਰਣੈ ਕਮੇਟੀ ਬਣਾਈ ਹੈ ਜੋ ਇੱਕ ਮਹੀਨੇ ਅੰਦਰ ਮਾਮਲੇ ਦੀ ਰਿਪੋਰਟ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਸੌਂਪੇਗੀ।

ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਮੱਲ੍ਹ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਦਰਬਾਰ ਸਾਹਿਬ ਦੇ ਵਧੀਕ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਦੀ ਹੋਈ ਇਕੱਤਰਤਾ ਦਾ ਵੇਰਵਾ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਨਾਮਧਾਰੀ ਮਾਮਲੇ ਵਿੱਚ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਦੇ ਸੁਝਾਅ ਵੀ ਮੰਗੇ ਗਏ ਸਨ ਤੇ ਸ਼੍ਰੋਮਣੀ ਕਮੇਟੀ ਪਾਸੋਂ ਜਾਂਚ ਵੀ ਕਰਵਾਈ ਗਈ ਸੀ ਪ੍ਰੰਤੂ ਇਹ ਮਸਲਾ ਅਹਿਮ ਹੋਣ ਕਰਕੇ ਵਧੇਰੇ ਘੋਖ ਪੜਤਾਲ ਲਈ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ‘ਤੇ ਅਧਾਰਿਤ ਇੱਕ 6 ਮੈਂਬਰੀ ਨਿਰਣੈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਦਿੱਲੀ ਕਮੇਟੀ ਦੇ ਅਵਤਾਰ ਸਿੰਘ ਹਿੱਤ, ਦਮਦਮੀ ਟਕਸਾਲ ਦਾ ਇਕ ਨੁਮਾਇੰਦਾ, ਗੁਰੂ ਗੋਬਿੰਦ ਸਿੰਘ ਸਰੱਡੀ ਸਰਕਲ ਦੇ ਭਾਈ ਪ੍ਰਤਾਪ ਸਿੰਘ, ਬੁੱਢਾ ਦਲ ਦੇ ਕਥਾਵਾਚਕ ਗਿਆਨੀ ਰੇਸ਼ਮ ਸਿੰਘ, ਨਿਰਮਲ ਸੰਪਰਦਾ ਦੇ ਸੰਤ ਤੇਜਾ ਸਿੰਘ ਖੁੱਡਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਿੰਦਰ ਸਿੰਘ (ਮਿਸ਼ਨਰੀ ਕਾਲਜ) ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਵਰਿਆਮ ਸਿੰਘ ਹਨ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਇਸ ਕਮੇਟੀ ਦੇ ਕੋਆਰਡੀਨੇਟਰ ਹੋਣਗੇ। ਇਹ ਪੁਛੇ ਜਾਣ ਤੇ ਕਿ ਨਾਮਧਾਰੀ ਸੰਪਰਦਾ ਤਾਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੁਆਰਾ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਪ੍ਰਵਾਨ ਨਹੀਂ ਕਰਦੀ ਕੀ ਉਨ੍ਹਾਂ ਖਿਲਾਫ ਕੋਈ ਨਾਮਿਲਵਰਤਣ ਦਾ ਫੈਸਲਾ ਲਿਆ ਜਾ ਸਕਦੈ ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਾਮਿਲਵਰਤਣ ਤਾਂ ਪਹਿਲਾਂ ਹੀ ਲਾਗੂ ਹੈ।

ਨਾਮਧਾਰੀ ਮਸਲੇ ਤੇ ਬੁਲਾਈ ਇਕਤਰਤਾ ਅਤੇ ਨਾਮਧਾਰੀ ਸੰਪਰਦਾ ਵਲੋਂ ਕੀਤੀ ਕਾਰਵਾਈ ਬਾਰੇ ਪੁਛੇ ਜਾਣ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਜੇਕਰ ਕੋਈ ਇਹ ਆਪ ਹੀ ਮਹਿਸੂਸ ਕਰ ਲਵੇ ਕਿ ਉਸਨੇ ਕੋਈ ਭੁੱਲ ਕਰ ਲਈ ਹੈ ਤਾਂ ਸੰਗਤ ਪਾਸੋਂ ਮੁਆਫੀ ਮੰਗ ਲਵੇ ਤਾਂ ਸੰਗਤ ਬਖਸ਼ਿੰਦ ਹੈ।

ਸਬੰਧਤ ਖ਼ਬਰ: ਭਾਈ ਬਲਦੇਵ ਸਿੰਘ ਵਡਾਲਾ ਨੇ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: