ਸਿੱਖ ਖਬਰਾਂ

ਗਿਆਨੀ ਇਕਬਾਲ ਸਿੰਘ ਜੱਥੇਦਾਰ ਦੇ ਅਹੁਦੇ ‘ਤੇ ਬਹਾਲ, ਸਰਨਾ ਸਮੇਤ 6 ਮੈਂਬਰਾਂ ਨੇ ਕੀਤਾ ਵਿਰੋਧ

By ਸਿੱਖ ਸਿਆਸਤ ਬਿਊਰੋ

March 16, 2015

ਅੰਮ੍ਰਿਤਸਰ (15 ਮਾਰਚ, 2015): ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਗਿਆਨੀ ਇਕਬਾਲ ਸਿੰਘ ਨੂੰ ਮੁੜ ਜਥੇਦਾਰ ਦੇ ਅਹੁਦੇ ’ਤੇ ਬਹਾਲ ਕਰ ਦਿੱਤਾ ਗਿਆ ਹੈ।ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਮੈਂਬਰਾਂ ਦੀ ਹੋਈ ਮੀਟਿੰਗ ਵਿੱਚ ਇਕਬਾਲ ਸਿੰਘ ਨੂੰ ਬਹਾਲ ਕੀਤੇ ਜਾਣ ਦੀ ਕਾਰਵਾਈ ਦਾ ਸਰਨਾ ਧੜੇ ਦੇ ਮੈਂਬਰਾਂ ਨੇ ਸਖ਼ਤ ਵਿਰੋਧ ਕੀਤਾ ਹੈ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪਟਨਾ ਸਾਹਿਬ ਬੋਰਡ ਦੇ ਮੈਂਬਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਬੋਰਡ ਦੀ ਹੋਈ ਮੀਟਿੰਗ ਵਿੱਚ ਗਿਆਨੀ ਇਕਬਾਲ ਸਿੰਘ ਨੂੰ ਬਹਾਲ ਕਰਨ ਦਾ ਮਤਾ ਜਦੋਂ ਲਿਆਂਦਾ ਗਿਆ ਤਾਂ ਮੀਟਿੰਗ ਵਿੱਚ ਹਾਜ਼ਰ ਕੁੱਲ 14 ਮੈਂਬਰਾਂ ਵਿੱਚੋਂ ਛੇ ਮੈਂਬਰਾਂ ਨੇ ਇਸ ਮੱਦ ਦਾ ਵਿਰੋਧ ਕੀਤਾ।

ਉਨ੍ਹਾਂ ਆਖਿਆ ਕਿ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਏਜੰਡੇ ਦੀ ਇੱਕ ਮੱਦ ਮੁਤਾਬਕ ਫਾਰਗ ਕੀਤੇ ਗਏ ਜਥੇਦਾਰ ਨੂੰ ਬਹਾਲ ਕਰਨ ਦਾ ਮਤਾ ਜਦੋਂ ਰੱਖਿਆ ਤਾਂ ਉਨ੍ਹਾਂ ਵਿਰੋਧ ਕਰਦਿਆਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਮਰਿਆਦਾ ਅਨੁਸਾਰ ਇਸ ਤਰ੍ਹਾਂ ਬਹਾਲ ਨਹੀਂ ਕੀਤਾ ਜਾ ਸਕਦਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਮਤੇ ਨਾਲ ਸਹਿਮਤ ਨਹੀਂ ਹਨ, ਕਿਉਂਕਿ ਗਿਆਨੀ ਇਕਬਾਲ ਸਿੰਘ ’ਤੇ ਕਈ ਪ੍ਰਕਾਰ ਦੇ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਖ਼ਿਲਾਫ਼ ਐਫਆਈਆਰ ਵੀ ਦਰਜ ਹੋੲੀ ਹੈ।

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਸਮਾਗਮ ਵਿੱਚ ਵੀ ੳੁਨ੍ਹਾਂ ਖਲਰ ਪਾਇਆ ਸੀ। ਇਸ ਲਈ ਸਿੱਖ ਸੰਗਤ ਕਦੇ ਉਨ੍ਹਾਂ ਨੂੰ ਮੁਆਫ਼ ਨਹੀਂ ਕਰ ਸਕਦੀ ਹੈ।

 ਉਨ੍ਹਾਂ ਆਖਿਆ ਕਿ ਪਟਨਾ ਸਾਹਿਬ ਕਮੇਟੀ ਦੇ ਅਹੁਦੇਦਾਰਾਂ ਦੇ ਨਿਰਦੋਸ਼ ਹੋਣ ਦੇ ਬਾਵਜੂਦ ਵੀ ਉਨ੍ਹਾਂ ਵਿਰੁੱਧ ਥਾਣੇ ਵਿੱਚ ਜਾ ਕੇ ਝੂਠਾ ਕੇਸ ਦਰਜ ਕਰਾਇਆ ਗਿਆ ਹੈ, ਜਿਸ ਦੀ ਤਖ਼ਤ ਸਾਹਿਬ ਦੀ ਮਰਿਆਦਾ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਦੱਸਿਆ ਕਿ ਅਖ਼ੀਰ ਵਿੱਚ ਸ੍ਰੀ ਮੱਕੜ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਸਾਥ ਨਹੀਂ ਦੇਵੇਗੀ ਤਾਂ ਉਹ ਬਹੁਸੰਮਤੀ ਨਾਲ ਗਿਆਨੀ ਇਕਬਾਲ ਸਿੰਘ ਨੂੰ ਬਹਾਲ ਕਰ ਦੇਣਗੇ। ਇਸ ਮਗਰੋਂ ਸ੍ਰੀ ਸਰਨਾ ਸਮੇਤ ਛੇ ਮੈਂਬਰ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਨੂੰ ਗਿਆਨੀ ਇਕਬਾਲ ਸਿੰਘ ਸਬੰਧੀ ਹੋਰ ਦੋਸ਼ਾਂ ਬਾਰੇ ਵੀ ਜਾਣੂੰ ਕਰਾਇਆ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਇਕ ਪਾਸੇ ਸ਼ਨਿੱਚਰਵਾਰ ਹੋਈ ਮੀਟਿੰਗ ਵਿੱਚ ਗਿਆਨੀ ਇਕਬਾਲ ਸਿੰਘ ਨੂੰ ਬਤੌਰ ਜਥੇਦਾਰ ਬਹਾਲ ਕਰਨ ਦੀ ਕਾਰਵਾਈ ਜਾਰੀ ਸੀ ਪਰ ਇਸ ਤੋਂ ਪਹਿਲਾਂ ਹੀ 9 ਮਾਰਚ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਬਤੌਰ ਜਥੇਦਾਰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਨੈਤਿਕ ਪੱਧਰ ’ਤੇ ਠੀਕ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: