ਖਾਸ ਖਬਰਾਂ » ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਦਾ ਗੁਪਤਵਾਸ ਜਾਰੀ, ਅਕਾਲ ਤਖਤ ਸਕਤਰੇਤ ਵੀ ਖਾਮੋਸ਼

September 8, 2018 | By

ਅੰਮ੍ਰਿਤਸਰ: ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਬਾਦਲ ਪਿਉ-ਪੁਤਰ ਦੇ ਆਦੇਸ਼ਾਂ ਤੇ ਬਿਨ ਮੰਗੀ ਮੁਆਫੀ ਦੇਣ ਤੇ ਹੁਣ 28 ਅਗਸਤ ਨੂੰ ਰਲੀਜ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਕਾਰਣ ਨਿਸ਼ਾਨੇ ਤੇ ਆਏ ਗਿਆਨੀ ਗੁਰਬਚਨ ਸਿੰਘ ਪਿਛਲੇ ਇੱਕ ਹਫਤੇ ਤੋਂ ਗੁਪਤ ਵਾਸ ਤੇ ਹਨ।ਇਸ ਅਰਸੇ ਦੌਰਾਨ ਗਿਆਨੀ ਗੁਰਬਚਨ ਸਿੰਘ ਨਾ ਤਾਂ ਅੰਮ੍ਰਿਤਸਰ ਦੇ ਮੀਡੀਆ ਦੇ ਸਾਹਮਣੇ ਹੋਏ ਤੇ ਨਾ ਹੀ ਕਿਤੇ ਹੋਰ।ਇੱਕ ਹਫਤਾ ਪਹਿਲਾਂ ਹੀ ਜਦੋਂ ਪੱਤਰਕਾਰਾਂ ਨੇ ਅਕਾਲ ਤਖਤ ਸਾਹਿਬ ਦੇ ਸਕਤਰੇਤ ਨਾਲ ਰਾਬਤਾ ਬਣਾਉਂਦਿਆ ਗਿਆਨੀ ਗੁਰਬਚਨ ਸਿੰਘ ਬਾਰੇ ਜਾਨਣਾ ਚਾਹਿਆ ਤਾਂ ਗਿਆਨੀ ਜੀ ਬਾਰੇ ਕੋਈ ਵੀ ਤਸਦੀਕ ਸ਼ੁਦਾ ਜਾਣਕਾਰੀ ਨਾ ਮਿਲ ਸਕੀ।ਜਿਆਦਾਤਾਰ ਇਹੀ ਜਵਾਬ ਮਿਲਦਾ ਰਿਹਾ ਕਿ ਜਥੇਦਾਰ ਜੀ ਪਹਿਲਾਂ ਦਿੱਲੀ ਸਨ, ਹੁਣ ਬੰਗਲੌਰ ਹਨ ਤੇ ਫਿਰ ਉਤਰ ਪ੍ਰਦੇਸ਼ ਵਿਖੇ ਕੁਝ ਸੰਗਤੀ ਸਮਾਗਮਾਂ ਵਿੱਚ ਸ਼ਮੂਲੀਅਤ ਉਪਰੰਤ 7 ਸਤੰਬਰ ਨੂੰ ਅੰਮ੍ਰਿਤਸਰ ਪਰਤ ਆਵਣਗੇ ।

ਗਿਆਨੀ ਗੁਰਬਚਨ ਸਿੰਘ ਦੀ ਤਸਵੀਰ।

ਇਸੇ ਦੌਰਾਨ ਇਹ ਵੀ ਅਪੁਸ਼ਟ ਜਾਣਕਾਰੀ ਮਿਲਦੀ ਰਹੀ ਕਿ ਗਿਆਨੀ ਗੁਰਬਚਨ ਸਿੰਘ ਕਨੇਡਾ ਦੇ ਇੱਕ ਨਿੱਜੀ ਦੌਰੇ ਤੇ ਹਨ ਲੇਕਿਨ ਉਹ ਕਨੇਡਾ ਦੇ ਕਿਸ ਸ਼ਹਿਰ ਵਿੱਚ ਹਨ ਕੋਈ ਵੀ ਦੱਸਣ ਨੂੰ ਤਿਆਰ ਨਹੀ ਸੀ। ਬੀਤੇ ਕਲ੍ਹ ਹੀ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਮਿਲੀ ਸ਼੍ਰੋਮਣੀ ਕਮੇਟੀ ਵਲੋਂ ਦਫਤਰੀ ਗੱਡੀ,ਸਰਕਾਰੀ ਪਾਇਲਟ ਤੇ ਦਫਤਰੀ ਐਸਕੋਰਟ ਗੱਡੀਆਂ ਰਵਾਨਾ ਹੋਈਆਂ ਤਾਂ ਪਤਾ ਲੱਗਾ ਕਿ ਗਿਆਨੀ ਗੁਰਬਚਨ ਸਿੰਘ ਦਿੱਲੀ ਹਵਾਈ ਅੱਡੇ ਤੇ ਪਹੁੰਚ ਰਹੇ ਹਨ।ਪੂਰਾ ਦਿਨ ਤੇ ਰਾਤ ਵੀ ਬੀਤ ਜਾਣ ਤੇ ਵੀ ਜਦੋਂ ਗਿਆਨੀ ਜੀ ਅੰਮ੍ਰਿਤਸਰ ਨਾ ਪੁਜੇ ਤਾਂ ਕਨਸੋਅ ਮਿਲੀ ਕਿ ਗਿਆਨੀ ਜੀ ਉਤਰ ਪ੍ਰਦੇਸ਼ ਵਿਖੇ ਸੰਗਤੀ ਸਮਾਗਮਾਂ ਵੱਲ ਚਲੇ ਗਏ ਹਨ।

ਕੁਝ ਅਪੁਸ਼ਟ ਖਬਰਾਂ ਅਨੁਸਾਰ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀ ਕੀਤੀ ਗਈ ਮੰਗ ਦੇ ਸੰਦਰਭ ਵਿੱਚ ਪਾਰਟੀ ਲੀਡਰਾਂ ਨੇ ਉਨ੍ਹਾਂ ਨਾਲ ਰਾਬਤਾ ਬਣਾ ਲਿਆ ਹੈ। ਜਾਣਕਾਰਾਂ ਨੇ ਉਨ੍ਹਾਂ ਅਫਵਾਹਾਂ ਨੂੰ ਨਿਰਮੂਲ ਦੱਸਿਆ ਹੈ ਜਿਨ੍ਹਾਂ ਵਿੱਚ ਗਿਆਨੀ ਗੁਰਬਚਨ ਸਿੰਘ ਵਲੋਂ ਨੈਤਕਿਤਾ ਦੇ ਆਧਾਰ ਤੇ ਅਹੁਦੇ ਤੋਂ ਅਸਤੀਫਾ ਦੇਣ ਦੀ ਗਲ ਕਹੀ ਗਈ ਸੀ।ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰ ਚੁਕੇ ਗਿਆਨੀ ਜੀ ਅਸਤੀਫਾ ਦਿੰਦੇ ਹਨ ਜਾਂ ਉਨ੍ਹਾਂ ਖਿਲਾਫ ਫੈਲੇ ਸੰਗਤੀ ਰੋਹ ਨੂੰ ਸ਼ਾਂਤ ਕਰਨ ਲਈ ਸ਼੍ਰੌਮਣੀ ਕਮੇਟੀ ਉਨ੍ਹਾਂ ਪਾਸੋਂ ‘ਖਰਾਬ ਸਿਹਤ’ ਦਾ ਬਹਾਨਾ ਲਾਕੇ ਸੇਵਾ ਮੁਕਤ ਕਰ ਦਿੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਅਜੇ ਤਾਂ ਗਿਆਨੀ ਗੁਰਬਚਨ ਸਿੰਘ ਦਾ ਗੁਪਤ ਵਾਸ ਹੀ ਖਤਮ ਨਹੀ ਹੋਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,