ਕੌਮਾਂਤਰੀ ਖਬਰਾਂ

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ ਵਲੋਂ ਕਰਵਾਈਆਂ #AskCanadianSikhs ਗੋਸ਼ਟੀਆਂ ਨੂੰ ਮਿਲਿਆ ਭਰਵਾਂ ਹੁੰਗਾਰਾ

By ਸਿੱਖ ਸਿਆਸਤ ਬਿਊਰੋ

April 14, 2018

ਔਟਾਵਾ: ਕਨੇਡਾ ਦੀ ਵਿਸ਼ਵ ਸਿੱਖ ਸੰਸਥਾ ਨੂੰ, ਪਿਛਲੇ ਕੁਝ ਦਿਨਾਂ ਵਿਚ, ਐਡਮਿੰਟਨ, ਸੱਰੀ ਤੇ ਬਰਾਂਪਟਨ ਵਿਚ “#AskCanadianSikhs: ਜਦੋਂ ਕਨੇਡੀਅਨ ਸਿੱਖ ਬੋਲ ਪਏ” ਦੇ ਸਿਰਲੇਖ ਹੇਠਾਂ ਕੀਤੀਆਂ ਪੈਨਲ ਗੋਸ਼ਟੀਆਂ ਬਾਰੇ ਬਹੁਤ ਭਰਵਾਂ ਹੁੰਗਾਰਾ ਮਿਲਿਆ।

ਇਨ੍ਹਾਂ ਪੈਨਲਾਂ ਵਿਚ ਬਰਤਾਨੀਆ ਦੇ ਮਸ਼ਹੂਰ ਪੱਤਰਕਾਰ ਸੱਨੀ ਹੁੰਦਲ ‘ਤੇ ਹੋਰ ਪਬਲਿਕ ਰਿਲੇਸ਼ਨਜ਼ ‘ਤੇ ਮੀਡੀਆ ਮਾਹਰਾਂ ਨੇ ਸ਼ਿਰਕਤ ਕੀਤੀ। ਸੈਂਕੜਿਆਂ ਦੀ ਗਿਣਤੀ ਵਿਚ ਕਨੇਡਾ ਦੇ ਨੌਜਵਾਨ ਸਿੱਖਾਂ, ਪੱਤਰਕਾਰਾਂ ਤੇ ਕਮਯੂਨਿਟੀ ਸੰਸਥਾਂਵਾਂ ਨੇ ਹਾਜ਼ਰੀ ਭਰੀ ‘ਤੇ ਹਜ਼ਾਰਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਸਾਧਨਾਂ ਰਾਹੀਂ ਸ਼ਿਰਕਤ ਕੀਤੀ।

ਪਿਛਲੇ ਕੁਝ ਹਫ਼ਤਿਆਂ ਦੌਰਾਨ, ਕੁਝ ਪੱਤਰਕਾਰਾਂ ਨੇ, ਸਿੱਖ ਕਮਯੂਨਿਟੀ ਬਾਰੇ, ਗਲਤਫ਼ਹਿਮੀ ਪੈਦਾ ਕੀਤੀ ਸੀ ਕਿ ਕਨੇਡਾ ਦੇ ਸਿੱਖਾਂ ਵਿਚ ਅੱਤਵਾਦ ਦੀ ਭਾਵਨਾ ਜੋਰ ਫੜ ਰਹੀ ਹੈ। ਵਿਸ਼ਵ ਸਿੱਖ ਸੰਸਥਾ ਨੇ “#AskCanadianSikhs” ਦੇ ਨਾਂਅ ਹੇਠਾਂ ਇਕ ਸੋਸ਼ਲ ਮੀਡੀਆ ਮੁਹਿਮ ਅਰੰਭੀ ਸੀ ਤੇ ਕਨੇਡਾ ਦੇ ਸਿੱਖਾਂ ਨੂੰ ਸੱਦਾ ਦਿੱਤਾ ਸੀ ਕਿ ਹਾਲ ਦੀਆਂ ਮੀਡੀਆ ਰਿਪੋਰਟਾਂ ਤੇ ਭਾਈਚਾਰੇ ਦੀ ਅਸਲੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ। ਉਸ ਸੰਧਰਭ ਵਿਚ ਵਿਸ਼ਵ ਸਿੱਖ ਸੰਸਥਾ ਨੇ ਖੁੱਲੇ ਸਮਾਗਮਾਂ ਦੀ ਲੱੜੀ ਦਾ ਪ੍ਰੋਗਰਾਮ ਉਲੀਕਿਆ ਤੇ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਪੱਤਰਕਾਰਾਂ, ਪਬਲਿਕ ਰਿਲੇਸ਼ਨਜ਼ ਪ੍ਰੋਫ਼ੈਸ਼ਨਲਜ਼ ਤੇ ਕਮਯੂਨਿਟੀ ਦੇ ਹੱਕਾਂ ਦੀ ਪ੍ਰੋੜਤਾ ‘ਚ ਸਰਗਰਮ ਸੇਵਾਦਾਰਾਂ ਨਾਲ, ਗਲ-ਬਾਤ ਰਾਹੀਂ ਤਾਲ-ਮੇਲ ਕਾਇਮ ਕਰਨ। ਭਾਈਚਾਰੇ ਨੇ ਬਹੁਤ ਭਰਵਾਂ ਹੁੰਗਾਰਾ ਦਿੱਤਾ ਤੇ ਸਾਰੇ ਹੀ ਸਮਾਗਮਾਂ ਵਿਚ, ਕੀਤੇ ਪ੍ਰਬੰਧਾ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਪੈਨਲਾਂ ਵਿਚ, ਸੱਨੀ ਹੁੰਦਲ ਦਾ ਸਾਥ ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ – ਮੁਖਬੀਰ ਸਿੰਘ, ਕਾਨੂੰਨੀ ਮਸਲਿਆਂ ਦੇ ਸਲਾਹਕਾਰ -ਬਲਪ੍ਰੀਤ ਸਿੰਘ, ਮੀਡੀਏ ਦੇ ਮਾਹਰ- ਰੇਨਾ ਹੀਰ, ਪਬਲਿਕ ਰਿਲੇਸ਼ਨਜ਼ ਸਪੈਸ਼ਲਿਸਟ– ਸਰਬਜੀਤ ਕੌਰ, ਮੱਲਟੀਫ਼ੇਥ ਐਕਸ਼ਨ ਸੁਸਾਇਟੀ ਦੇ ਸਾਬਕਾ ਮੀਤ ਪ੍ਰਧਾਨ– ਸੁਖਵਿੰਦਰ ਕੌਰ ਵਿਨਿੰਗ ਤੇ ਬਰਤਾਨੀਆਂ ਤੋਂ ਆਏ ਡ: ਜਸਜੀਤ ਸਿੰਘ। ਇਨ੍ਹਾਂ ਪੈਨਲਾਂ ਨੂੰ ਮਾਡਰੇਟ ਕਰ ਰਹੇ ਸਨ, ਵਿਸ਼ਵ ਸਿੱਖ ਸੰਸਥਾ ਦੇ ਬੋਰਡ ਮੈਂਬਰ – ਜਸਕਰਨ ਸੰਧੂ ਨੇ ਦਿੱਤਾ।

ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ, “#AskCanadianSikhs” ਦੇ ਸਿਰਲੇਖ ਹੇਠਾਂ, ਐਡਮਿੰਟਨ, ਸੱਰੀ ਤੇ ਬਰਾਂਪਟਨ ‘ਚ ਕੀਤੇ ਪੈਨਲ ਡਿਸਕੱਸ਼ਨਾਂ ਦੌਰਾਨ ਮੈਨੂੰ ਸੈਕੜੇ ਹੀ ਕਨੇਡੀਅਨ ਸਿੱਖਾਂ ਨਾਲ ਮਿਲ ਕੇ, ਬਹੁਤ ਖੁਸ਼ੀ ਹੋਈ। ਇਨ੍ਹਾਂ ਸਮਾਗਮਾ ਦੀ ਬੇਮਿਸਾਲ ਕਾਮਯਾਬੀ ਸਾਬਤ ਕਰਦੀ ਹੈ ਕਿ ਭਾਈਚਾਰਾ, ਸਿੱਖਾਂ ਨੂੰ ਅੱਤਵਾਦੀ ਜਤਾਉਂਦੀਆਂ ਮੀਡੀਆ ‘ਚ ਲਗੀਆਂ ਖਬਰਾਂ ਤੇ ਝੂਠੇ, ਬੇਬੁਨੀਆਦ ਇਲਜ਼ਾਮਾਂ ਤੋਂ ਚਿੰਤਤ ਹੈ। ਮੀਡੀਏ ਨਾਲ ਸੰਪਰਕ ਕਾਇਮ ਕਰਨ ਦੀ ਲੋੜ ਦੇ ਨਾਲ ਨਾਲ, ਇਹ ਵੀ ਜਰੂਰੀ ਸਮਝਿਆ ਗਿਆ ਕਿ, ਅਸੀਂ ਭਾਈਚਾਰੇ ਵਿਚ, ਆਪਸ ਵਿਚ ਵੀ, ਅਹਿਮ ਮੁੱਦਿਆਂ ਉਪਰ ਵਿਚਾਰ ਕਰੀਏ ਤੇ ਵਿਸ਼ਵ ਸਿੱਖ ਸੰਸਥਾ ਵਰਗੀਆਂ ਸੰਸਥਾਵਾਂ ਦੀ ਅਹਿਮੀਅਤ ਨੂੰ ਸਮਝੀਏ”।

ਉਨਾਂ ਕਿਹ, “ਇਹ ਪੈਨਲ ਗੋਸ਼ਟੀਆਂ, ਭਾਈਚਾਰੇ ਦਾ ਧਿਆਨ ਕੇਂਦ੍ਰਤ ਕਰਨ ਲਈ, ਵੱਡਮੁਲ੍ਹਾ ਉਪਰਾਲਾ ਸੀ ‘ਤੇ ਆਸ ਕਰਦੇ ਹਾਂ ਕਿ “#AskCanadianSikhs”, ਭਾਈਚਾਰੇ ਦੀ ਸਹੀ ਨੁਮਾਇਂਦਗੀ ਕਰ ਰਹੀਆਂ ਆਵਾਜ਼ਾਂ ਨੂੰ ਵੀ ਮੀਡੀਏ ਦੀ ਮੁੱਖਧਾਰਾ ‘ਚ ਸ਼ਾਮਲ ਕਰਨ ਵਿਚ ਬਹੁਤ ਸਹਾਈ ਹੋਵੇਗਾ।”

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ, ਸਿੱਖਾਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਲਈ ਜੂਝਦੀ ਇਕ ‘ਨਾ-ਮੁਨਾਫ਼ਾ’ ਸੰਸਥਾ ਹੈ ‘ਤੇ ਬਿਨਾ ਕਿਸੇ ਵਿਤਕਰੇ ਦੇ ਸਾਰਿਆਂ ਦੇ ਮਨੁੱਖੀ ਹੱਕਾਂ ਦੀ ਪ੍ਰੋੜਤਾ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: