ਗੋਰਖਾਲੈਂਡ ਦੇ ਸਮਰਥਕਾਂ 'ਤੇ ਹੰਝੂ ਗੈਸ ਦੇ ਗੋਲੇ ਛੱਡਦੇ ਹੋਏ ਪੱਛਮ ਬੰਗਾਲ ਪੁਲਿਸ ਮੁਲਾਜ਼ਮ

ਆਮ ਖਬਰਾਂ

ਗੋਰਖਾਲੈਂਡ: ਬੰਗਾਲ ਪੁਲਿਸ ਨੂੰ ਦਾਰਜੀਲਿੰਗ ਧਮਾਕਿਆਂ ‘ਚ ਨੇਪਾਲੀ ਮਾਓਵਾਦੀਆਂ ਦੇ ਹੱਥ ਹੋਣ ਦਾ ਖ਼ਦਸ਼ਾ

By ਸਿੱਖ ਸਿਆਸਤ ਬਿਊਰੋ

August 26, 2017

ਦਾਰਜੀਲਿੰਗ: ਪੱਛਮੀ ਬੰਗਾਲ ਪੁਲਿਸ ਨੇ ਰਾਜ ਦੇ ਉੱਤਰੀ ਪਹਾੜੀ ਇਲਾਕੇ ਵਿੱਚ ਹੋਏ ਹਾਲੀਆ ਧਮਾਕਿਆਂ ਪਿੱਛੇ ਨੇਪਾਲੀ ਮਾਓਵਾਦੀਆਂ ਦੇ ਹੱਥ ਦਾ ਖ਼ਦਸ਼ਾ ਪ੍ਰਗਟਾਇਆ ਹੈ। ਵਧੀਕ ਡੀਜੀਪੀ ਸਿੱਧੀਨਾਥ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਧਮਾਕਿਆਂ ਪਿੱਛੇ ਨੇਪਾਲੀ ਮਾਓਵਾਦੀ ਦੀ ਸ਼ਮੂਲੀਅਤ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਉੱਤਰ ਪੂਰਬੀ ਇਲਾਕੇ ਵਿੱਚ ਸਰਗਰਮ ਹਥਿਆਰਬੰਦ ਸੰਘਰਸ਼ ‘ਚ ਸ਼ਾਮਲ ਜਥੇਬੰਦੀਆਂ ਦੇ ਲਿੰਕ ਨੂੰ ਵੀ ਧਮਾਕਿਆਂ ਨਾਲ ਜੋੜ ਕੇ ਵੇਖਿਆ ਜਾ ਰਿਹੈ। ਇਸ ਦੌਰਾਨ ਸ਼ੁੱਕਰਵਾਰ (25 ਅਗਸਤ) ਨੂੰ ਸਵੇਰੇ ਤੀਸਤਾ ਬਾਜ਼ਾਰ ਖੇਤਰ ਵਿੱਚ ਘੱਟ ਸ਼ਿੱਦਤ ਵਾਲੇ ਦੋ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹਾਲਾਂਕਿ ਕੁਝ ਦੁਕਾਨਾਂ ਨੂੰ ਨੁਕਸਾਨ ਜ਼ਰੂਰ ਪੁੱਜਾ।

ਗੁਪਤਾ ਨੇ ਦੋਸ਼ ਲਾਇਆ ਕਿ ਬੀਤੇ ਵਿੱਚ ਵੀ ਉੱਤਰ ਪੂਰਬ ਦੀਆਂ ਹਥਿਆਰਬੰਦ ਸੰਘਰਸ਼ ‘ਚ ਸ਼ਾਮਲ ਜਥੇਬੰਦੀਆਂ ਅਤੇ ਦਾਰਜੀਲਿੰਗ ਦੀ ਪ੍ਰਮੁੱਖ ਪਾਰਟੀ ਗੋਰਖਾ ਜਨਮੁਕਤੀ ਮੋਰਚਾ ਵਿਚਾਲੇ ਨੇੜਤਾ ਸਾਹਮਣੇ ਆਈ ਸੀ। ਲਿਹਾਜ਼ਾ ਇਸ ਪੱਖ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਯਾਦ ਰਹੇ ਕਿ ਮੋਰਚੇ ਵੱਲੋਂ ਵੱਖਰੇ ਗੋਰਖਾਲੈਂਡ ਦੀ ਮੰਗ ਮੁੜ ਸੁਰਜੀਤ ਕੀਤੇ ਜਾਣ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਦਾਰਜੀਲਿੰਗ ਵਿੱਚ ਧਮਾਕਿਆਂ ਦਾ ਸਿਲਸਿਲਾ ਜਾਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: