ਖਾਸ ਖਬਰਾਂ

ਸਰਕਾਰ ਕਰੋਨੇ ਦੇ ਟਾਕਰੇ ਦੇ ਨਾਂ ਉੱਤੇ ਪੰਜਾਬ ਵਿਚ ਡੇਰਾਵਾਦ ਨੂੰ ਵਧਾ ਰਹੀ ਹੈ: ਦਰਬਾਰ-ਏ-ਖਾਲਸਾ ਜਥੇਬੰਦੀ ਦੀ ਮੁੱਖ ਮੰਤਰੀ ਦੇ ਨਾਂ ਚਿੱਠੀ

By ਸਿੱਖ ਸਿਆਸਤ ਬਿਊਰੋ

May 07, 2020

ਸੰਗਰੂਰ: ਦਰਬਾਰ-ਏ-ਖਾਲਸਾ ਨਾਮੀ ਸਿੱਖ ਜਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਤਰਾਜ਼ ਦਰਜ ਕਰਵਾਇਆ ਹੈ ਕਿ ਪੰਜਾਬ ਸਰਕਾਰ ਕੋਵਿਡ-19 (ਕਰੋਨਾ ਮਹਾਂਮਾਰੀ) ਨੂੰ ਰੋਕਣ ਦੇ ਨਾਂ ਉੱਤੇ ਸੂਬੇ ਵਿਚ ਡੇਰਾਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ। 

ਦਰਬਾਰ-ਏ-ਖਾਲਸਾ ਵੱਲੋਂ ਲਿਖੀ ਇਹ ਚਿੱਠੀ ਹੇਠਾਂ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਜਾ ਰਹੀ ਹੈ:-

ਵੱਲ:

ਕੈਪਟਨ ਅਮਰਿੰਦਰ ਸਿੰਘ

ਮਾਣਯੋਗ ਮੁੱਖ ਮੰਤਰੀ

ਪੰਜਾਬ।

ਵਿਸ਼ਾ: ਕੋਵਿਡ-19 ਦੀ ਆੜ ‘ਚ ਡੇਰਾਵਾਦ ਨੂੰ ਉਤਸ਼ਾਹਿਤ ਕਰਨ ‘ਤੇ ਇਤਰਾਜ ਦਰਜ ਕਰਵਾਉਣ ਸਬੰਧੀ

ਸ਼੍ਰੀਮਾਨ ਜੀ

ਅਸੀਂ ਸਮੁੱਚੀ ਜਥੇਬੰਦੀ ਇਸ ਪੱਤਰ ਜ਼ਰੀਏ ਸੂਬਾ ਸਰਕਾਰ ਵੱਲੋਂ ਕੋਵਿਡ-19 ਕਰਨ ਦੀ ਨੀਤੀ ‘ਤੇ ਆਪਣਾ ਇਤਰਾਜ਼ ਦਰਜ ਕਰਵਾਉਂਦੇ ਹੋਏ ਦੱਸਣਾ ਚਾਹੁੰਦੇ ਹਾਂ ਕਿ ਸੂਬਾ ਸਰਕਾਰ ਅਜਿਹਾ ਕਰਕੇ ਵੱਡੇ ਖਤਰਿਆਂ ਨੂੰ ਸੱਦਾ ਦੇਣ ਜਾ ਰਹੀ ਹੈ ਤੇ ਸਿੱਖ ਜਗਤ ਨੂੰ ਪੀੜ ਦੇ ਰਹੀ ਹੈ।

ਸੂਬੇ ਅੰਦਰ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਸਪੈਸ਼ਲ ਬੱਸਾਂ ਅਤੇ ਜਾਣ ਵਾਲ਼ਿਆਂ ਲਈ ਪਾਸ ਜਾਰੀ ਕਰਨਾ ਉਸੇ ਕੜੀ ਦਾ ਹਿੱਸਾ ਹੈ। ਇਸਦੇ ਨਾਲ਼ ਲੁਧਿਆਣਾ ਵਿਚਲੇ ਡੇਰੇ ਵਿੱਚ ਹੋਏ ਵੱਡੇ ਇਕੱਠ ਨੂੰ ਸਹਿਜੇ ਵਿੱਚ ਲੈਣਾ ਸਰਕਾਰ ਦੀ ਸਰਪ੍ਰਸਤੀ ਦਾ ਨੰਗਾ ਚਿੱਟਾ ਸਬੂਤ ਹੈ। ਪਤਾ ਲੱਗਾ ਹੈ ਕਿ ਬਿਆਸ ਦੇ ਡੇਰਾ ਮੁਖੀ ਦੇ ਉਸ ਡੇਰੇ ਵਿੱਚ ਆਉਣ ਦਾ ਪ੍ਰੋਗਰਾਮ ਸੀ, ਜਿਸਦੇ ਸੁਨੇਹੇ ਸ਼ਰਧਾਲੂਆਂ ਨੂੰ ਲੱਗੇ ਸਨ ਤੇ ਉਹ ਉਸ ਡੇਰੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਆਉਣ ਦਾ ਪ੍ਰੋਗਰਾਮ ਉਦੋਂ ਬਦਲ ਗਿਆ ਜਦੋਂ ਹੋ ਰਹੇ ਇਸ ਇਕੱਠ ਦੀ ਭਿਣਕ ਮੀਡੀਆ ਨੂੰ ਪੈ ਗਈ ਤੇ ਉਹ ਆਪਣੇ ਕੈਮਰਿਆਂ ਸਮੇਤ ਉਸ ਡੇਰੇ ਅੱਗੇ ਪਹੁੰਚ ਗਏ। ਮੀਡੀਆ ਜ਼ਰੀਏ ਹੋਣ ਵਾਲ਼ੀ ਕਿਰਕਰੀ ਤੋਂ ਬਚਣ ਲਈ ਉਸ ਪ੍ਰੋਗਰਾਮ ਦੇ ਬਦਲਣ ਦੀ ਸੂਚਨਾ ਮਿਲ਼ੀ ਹੈ। ਇਸ ਤੋਂ ਇਲਾਵਾ ਬਿਆਸ ਡੇਰਾ ਮੁਖੀ ਦੇ ਕਾਫਲੇ ਦੀਆਂ ਕੁਝ ਵੀਡੀਓ ਫੁਟੇਜ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹਨ ਤੇ ਉਹਨਾਂ ਵੀਡੀਓਜ਼ ਵਿੱਚ ਸੂਬੇ ਦੀ ਪੁਲਿਸ ਵੱਲੋਂ ਉਹਨਾਂ ਨੂੰ ਵੀ.ਆਈ.ਪੀ. ਸਤਿਕਾਰ ਦਿੱਤਾ ਜਾ ਰਿਹਾ ਹੈ। 

ਆਪ ਜੀ ਨੂੰ ਯਾਦ ਕਰਵਾ ਦੇਈਏ ਕਿ ਬਲਦੇਵ ਸਿੰਘ ਸਿਰਸਾ ਮੁਤਾਬਿਕ ਡੇਰਾ ਬਿਆਸ ਉਸ ਦੇ ਆਸ-ਪਾਸ ਦੇ ਕਰੀਬ 40 ਪਿੰਡਾਂ ਦੀ ਕਰੀਬ 15000 ਏਕੜ ਜ਼ਮੀਨ ‘ਤੇ ਨਜਾਇਜ ਕਬਜੇ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਸ. ਸਿਰਸਾ ਨੇ ਇੱਕ ਇੰਟਰਵਿਊ ਵਿੱਚ ਚੈਲੰਜ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਕਰਫਿਊ ਦੇ ਦਿਨਾਂ ਵਿੱਚ ਵੀ ਉਸਨੂੰ ਜ਼ਮੀਨ ਦੇਣ ਲਈ ਨਿਯਮਾਂ ਨੂੰ ਛਿੱਕੇ ਟੰਗ ਕੇ ਵਟਾਂਦਰਾ ਕੇਸ ਮਨਜ਼ੂਰੀ ਲਈ ਮੰਗਵਾਇਆ ਜਾ ਚੁੱਕਿਆ ਹੈ। ਵਿੱਤੀ ਵਸੀਲਿਆਂ ਤੋਂ ਆਹਰੀ ਹੋਈ ਸੂਬਾ ਸਰਕਾਰ ਵੱਲੋਂ ਮਾਲ਼ੀਏ ਦੇ ਵੱਡੇ ਸਰੋਤ ਜ਼ਮੀਨ ਦੀ ਰਜਿਸਟਰੀ ‘ਤੇ ਵੀ ਪਾਬੰਦੀ ਲੱਗੀ ਹੋਈ ਹੈ। ਅਜਿਹੇ ਹਾਲਾਤਾਂ ਵਿੱਚ ਅਜਿਹੀ ਕਿਹੜੀ ਐਮਰਜੈਂਸੀ ਹੈ ਕਿ ਜ਼ਮੀਨ ਦੇ ਵਟਾਂਦਰੇ ਦਾ ਕੇਸ, ਕਰਫਿਊ ‘ਚ ਵੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੱਲੋਂ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। 

ਇਸਦੇ ਨਾਲ਼ 9 ਅਕਤੂਬਰ 2019 ਤੇ 15 ਨਵੰਬਰ 2019 ਦੇ ਇਕਨਾਮਿਕ ਟਾਈਮਜ਼ ਮੁਤਾਬਿਕ ਡੇਰਾ ਬਿਆਸ ਮੁਖੀ ਦਾ ਸਮੁੱਚਾ ਪਰਿਵਾਰ ਮੈਡੀਕਲ ਉਤਪਾਦਕ ਕੰਪਨੀ ਰਨਬੈਕਸੀ ਦੇ 6000 ਕਰੋੜ ਦੀ ਅਦਾਇਗੀ ਦਾ ਡਿਫਾਲਟਰ ਦਿੱਲੀ ਅਦਾਲਤ ਵੱਲੋਂ ਐਲਾਨਿਆ ਜਾ ਚੁੱਕਾ ਹੈ। ਇਸ ਪਰਿਵਾਰ ਨੂੰ ਰਨਬੈਕਸੀ ਦੇ ਪੁਰਾਣੇ ਮਾਲਿਕ ਡੈਚੀ ਸੈਂਕਿਊ ਦੀ ਦੇਣਦਾਰੀ ਸਬੰਧੀ ਸਿੰਗਾਪੁਰ ਆਰਬਿਟਰੇਰੀ ਟ੍ਰਿਬਊਨਲ ਨੇ ਵੀ 2016 ਵਿੱਚ 2562 ਕਰੋੜ ਦੇ ਕੇ ਸੈਂਕਿਊ ਨਾਲ਼ ਡਿਸਪਿਊਟ ਸੈਟਲ ਕਰਨ ਲਈ ਹੁਕਮ ਦੇ ਦਿੱਤੇ ਸਨ। 

ਇਹ ਵੀ ਲੱਗਦੈ ਕਿ ਆਪ ਜੀ ਡੇਰਾ ਬਿਆਸ ਦੇ ਜ਼ਰੀਏ ਫਾਰਮਾਸਿਟੀਕਲ ਕੰਪਨੀਆਂ ਨੂੰ ਲਾਭ ਦੇਣ ਦੀ ਕੋਸ਼ਿਸ਼ ਵਿੱਚ ਹੋ। ਪਤਾ ਲੱਗਾ ਹੈ ਕਿ ਡੇਰਾ ਮੁਖੀ ਦੇ ਨੇੜਲੇ ਰਿਸ਼ਤੇਦਾਰ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਦੀ ਰਨਬੈਕਸੀ ਦੇ ਪੁਰਾਣੇ ਵੱਡੇ ਹਿੱਸੇਦਾਰ ਡੈਚੀ ਸੈਂਕਿਊ ਨਾਲ ਆਰਥਿਕ ਲੈਣ-ਦੇਣ ਵੀ ਸਾਂਝ ਸੀ। ਇਹੀ ਸਾਂਝ ਅੱਗੇ ਜਾ ਕੇ ਲੜਾਈ (ਡਿਸਪਿਊਟ) ਦਾ ਕਾਰਨ ਬਣੀ ਤੇ ਡੇਰਾ ਮੁਖੀ ਨੂੰ ਵੀ ਉਕਤ ਦੋਨਾਂ ਭਰਾਵਾਂ ਸਮੇਤ ਅਦਾਇਗੀ ਕਰਨ ਦੇ ਹੁਕਮ ਹੋਏ ਹਨ। 

ਆਪ ਜੀ ਵੱਲੋਂ ਵੀ ਬਿਆਸ ਡੇਰਾ ਮੁਖੀ ਦੀ ਪ੍ਰਸ਼ੰਸਾ “ਬਾਬਾ ਜੀ” ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਕੀਤੀ ਜਾ ਚੁੱਕੀ ਹੈ। ਜਿੱਥੇ ਆਪ ਜੀ ਵੱਲੋਂ ਬਿਆਸ ਡੇਰੇ ਦੀ ਪ੍ਰਸ਼ੰਸਾ ਕੀਤੀ ਗਈ ਹੈ, ਉੱਥੇ ਆਪ ਜੀ ਦੇ ਮੂੰਹੋਂ ਸਿੱਖ ਸੰਗਤ ਪ੍ਰਤੀ ਇੱਕ ਵੀ ਪ੍ਰਸ਼ੰਸਾ ਦਾ ਸ਼ਬਦ ਸੁਣਨ ਨੂੰ ਨਹੀਂ ਮਿਲ਼ਿਆ। ਅੱਜ ਸਮੁੱਚੀ ਦੁਨੀਆਂ ਵਿੱਚ ਸਿੱਖ ਕੌਮ ਨੂੰ ਮਾਣ ਮਿਲ਼ ਰਿਹੈ। ਅਮਰੀਕਾ ਵਰਗੇ ਮੁਲਕਾਂ ‘ਚ ਤਾਂ ਉਹਨਾਂ ਵੱਲੋਂ ਆਪਣੇ ਕੌਮੀ ਝੰਡੇ ਦੇ ਬਰਾਬਰ ਕੌਮੀ ਅਦਾਰਿਆਂ ਵਿੱਚ ਖਾਲਸਾਈ ਨਿਸ਼ਾਨ ਝੁਲਾਇਆ ਜਾ ਰਿਹੈ। ਕੁਝ ਮੁਲਕਾਂ ‘ਚ ਗੁਰੂ ਘਰਾਂ ‘ਚ ਸਲਾਮੀ ਤੱਕ ਦੇਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਕੈਨੇਡਾ ਦੀ ਅਲਬਰਟਾ ਸਟੇਟ ਦੇ ਮੁੱਖ ਮੰਤਰੀ ਵੱਲੋਂ ਖਾਲਸਾਈ ਜੈਕਾਰੇ ਗਜਾਉਂਦਿਆ ਸਿੱਖਾਂ ਨਾਲ਼ ਰਲ਼ ਕੇ ਸੇਵਾ ਕਰਨ ਦੀਆਂ ਵੀਡੀਓਜ਼ ਵੀ ਵਾਇਰਲ ਹੋ ਚੁੱਕੀਆਂ ਹਨ। ਇੱਥੋਂ ਤੱਕ ਕਿ ਹੁਣ ਤੱਕ ਸਿੱਖ ਕੌਮ ਨੂੰ ਬੇਹੱਦ ਪੀੜ ਦੇਣ ਵਾਲ਼ੀ ਦਿੱਲੀ ‘ਚ ਵੀ ਗੁਰਦੁਆਰਾ ਬੰਗਲਾ ਸਾਹਿਬ ਆ ਕੇ ਫੋਰਸ ਵੱਲੋਂ ਸਲਾਮੀ ਦਿੱਤੀ ਗਈ।

ਹਾਲ ਹੀ ‘ਚ ਵੱਡੀ ਗਿਣਤੀ ‘ਚ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਡੇਰਿਆਂ ਵਿੱਚ ਠਹਿਰਾਉਣਾ ਤਾਂ ਸਿੱਧੇ ਤੌਰ ‘ਤੇ ਸਿੱਖ ਜਗਤ ਨੂੰ ਮਾਨਸਿਕ ਪੀੜ ਦੇਣਾ ਹੈ। ਉਹਨਾਂ ਨੂੰ ਅਜਿਹੀਆਂ ਗੈਰ-ਰਿਹਾਇਸ਼ੀ ਥਾਵਾਂ ‘ਤੇ ਠਹਿਰਾਇਆ ਗਿਆ ਜਿੱਥੇ ਉਹ ਸਰੀਰਕ ਤੇ ਮਾਨਸਿਕ ਤਕਲੀਫ਼ ਝੱਲ ਰਹੇ ਹਨ। ਉਸ ਸੰਗਤ ਨੂੰ ਪੰਜਾਬ ਲਿਆਉਣ ਦੀ ਵਿਧੀ ਤੇ ਸਿਆਸੀ ਵਿਤਕਰੇਬਾਜੀ ਇਹ ਸਪਸ਼ਟ ਕਰਦੀ ਹੈ ਕਿ ਆਪ ਜੀ ਡੇਰਾ ਬਿਆਸ ਨੂੰ ਉਤਸ਼ਾਹਿਤ ਕਰਨ ਲਈ ਕਿੰਨੇ ਕਾਹਲੇ ਸੀ। ਆਪ ਜੀ ਵੱਲੋਂ ਸਿਹਤ ਮਾਹਿਰਾਂ ਦੀ ਸਲਾਹ ਅਣਗੌਲ਼ਿਆਂ ਕਰਕੇ ਬੰਦ ਬੱਸਾਂ ਰਾਹੀਂ ਸਿੱਖ ਸੰਗਤ ਨੂੰ ਪੰਜਾਬ ਲਿਆ ਕੇ ਵੱਡੇ ਖਤਰੇ ‘ਚ ਪਾਉਣ ਦੀ ਬੱਜਰ ਗ਼ਲਤੀ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਮਿਲਣ ਉਪਰੰਤ ਉਹਨਾਂ ਦੀ ਸਹੂਲਤ ਅਤੇ ਲੰਬੇ ਸਫ਼ਰ ਦੀਆਂ ਦਿੱਕਤਾਂ ਨੂੰ ਅਣਗੌਲ਼ਿਆਂ ਕਰਕੇ ਭੇਜੀਆਂ ਬੱਸਾਂ ਕਿਸੇ ਵੀ ਤਰਾਂ ਜਾਇਜ਼ ਨਹੀਂ ਸਨ। ਆਪ ਜੀ ਵੱਲੋਂ ਕੇਂਦਰ ਨਾਲ਼ ਕੋਈ ਵੀ ਨਵਾਂ ਰਾਬਤਾ ਨਾ ਕਰਕੇ ਰੇਲ ਸੇਵਾ ਦਾ ਪ੍ਰਬੰਧ ਕਰਨ ਦੀ ਬੇਨਤੀ ਦਾ ਨਾ ਕੀਤਾ ਜਾਣਾ ਆਪ ਜੀ ਦੀ ਬੇਈਮਾਨੀ ਜਾਂ ਬੇਸਮਝੀ ਦਾ ਸਬੂਤ ਬਣਦਾ ਹੈ। ਚੰਗਾ ਹੁੰਦਾ ਜੇਕਰ ਆਪ ਜੀ ਰੇਲਵੇ ਮੰਤਰਾਲੇ ਨਾਲ਼ ਸੰਪਰਕ ਕਰਕੇ ਸਪੈਸ਼ਲ ਰੇਲ਼ ਦਾ ਪ੍ਰਬੰਧ ਕਰਵਾ ਕੇ ਸੰਗਤ ਨੂੰ ਪੰਜਾਬ ਲਿਆਉਂਦੇ। ਰੇਲਾਂ ਵਿੱਚ ਭੋਜਨ ਅਤੇ ਟਾਇਲਟ ਦੀ ਸਹੂਲਤ ਕਰਕੇ ਰਸਤੇ ਵਿੱਚ ਕਿਤੇ ਰੁਕਣ ਦੀ ਲੋੜ ਵੀ ਨਹੀਂ ਪੈਣੀ ਸੀ। ਜਿਸ ਕਰਕੇ ਰਸਤੇ ਵਿਚਲੇ ਟਾਇਲਟ ਅਤੇ ਖਾਣੇ ਦੀ ਲੋੜ ਲਈ ਬਣਨ ਵਾਲ਼ੇ ਸੰਪਰਕ ਦੀ ਸੰਭਾਵਨਾ ਵੀ ਮੁੱਕ ਜਾਣੀ ਸੀ। ਇਸਦੇ ਬਾਵਜੂਦ ਜੇਕਰ ਉਹਨਾਂ ਨੂੰ ਇਕਾਂਤਵਾਸ ਕਰਨ ਦੀ ਲੋੜ ਸੀ ਤਾਂ ਉਹਨਾਂ ਨੂੰ ਸਿੱਧਿਆਂ ਸ੍ਰੀ ਅਮ੍ਰਿਤਸਰ ਸਾਹਿਬ ਲਿਜਾਇਆ ਜਾ ਸਕਦਾ ਸੀ, ਜਿੱਥੇ ਉਹਨਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀਆਂ ਸਰਾਵਾਂ ਵਿੱਚ ਠਹਿਰਾਇਆ ਜਾਦਾਂ। ਜਿਸ ਨਾਲ਼ ਉਹ ਸੰਗਤ ਉੱਚਿਤ ਪ੍ਰਬੰਧਾਂ ‘ਚ ਦਿਨ ਗੁਜਾਰਦੀ ਅਤੇ ਗੁਰੂ ਘਰਾਂ ਨੂੰ ਪਿਆਰ ਕਰਨ ਵਾਲ਼ੀ ਸੰਗਤ ਗੁਰੂ ਘਰਾਂ ਦੀਆਂ ਸਰਾਵਾਂ ਵਿੱਚ ਰਹਿ ਕੇ ਸਹਿਜ ਮਹਿਸੂਸ ਕਰਦੀ। ਜਿੱਥੇ ਅੱਜ ਡੇਰਿਆਂ ਦੇ ਸ਼ੈੱਡਾਂ ਥੱਲੇ ਕਰੀਬ ਸੈਂਕੜਿਆਂ ਦੀ ਗਿਣਤੀ ਨੂੰ ਇਕੱਠਿਆਂ ਠਹਿਰਾਇਆ ਗਿਆ ਹੈ ਉੱਥੇ ਜੇਕਰ ਸਰਾਵਾਂ ਦੀ ਵਰਤੋਂ ਕੀਤੀ ਜਾਂਦੀ ਤਾਂ ਇਹਨਾਂ ਨੂੰ ਵੱਖਰੇ ਕਮਰੇ ਅਟੈਚ ਬਾਥਰੂਮਾਂ ਸਮੇਤ ਉਪਲਬਧ ਹੋਣੇ ਸੀ। ਜਿਸ ਨਾਲ਼ ਆਪਸੀ ਦੂਰੀ ਹੋਰ ਜ਼ਿਆਦਾ ਬਣਨੀ ਸੀ ਤੇ ਕਰੋਨਾ ਪਾਜ਼ੀਟਿਵ ਦੇ ਜਿੰਨੇ ਮਾਮਲੇ ਹੁਣ ਇਕਾਂਤਵਾਸ ਕੇਂਦਰਾਂ ‘ਚੋਂ ਆ ਰਹੇ ਨੇ ਉਹਨਾਂ ਦਾ ਅੰਕੜਾ ਬਹੁਤ ਨੀਂਵੇ ਪੱਧਰ ‘ਤੇ ਰਹਿ ਜਾਣਾ ਸੀ। ਵੱਡੀ ਗਿਣਤੀ ਵਿੱਚ ਡੇਰਿਆਂ ਦੇ ਸ਼ੈੱਡਾਂ ਥੱਲੇ ਰੁਕਣ ਨਾਲ਼ ਸਾਂਝੇ ਬਾਥਰੂਮ ਤੇ ਘੱਟ ਸਰੀਰਕ ਦੂਰੀ ਨਾਲ਼ ਕਰੋਨਾ ਜ਼ਿਆਦਾ ਜਣਿਆਂ ਵਿੱਚ ਫੈਲ ਰਿਹਾ ਹੈ। ਜੇਕਰ ਇਹ ਸੰਗਤ ਕਮਰਿਆਂ ਵਿੱਚ ਹੁੰਦੀ ਤਾਂ ਕਿਸੇ ਇੱਕ ਦੇ ਪਾਜ਼ੀਟਿਵ ਆਉਣ ਨਾਲ਼ ਉਸਦੇ ਕਮਰੇ ਵਿੱਚ ਰਹਿ ਰਹੇ ਵੱਧ ਤੋਂ ਵੱਧ ਹੋਰ ਦੋ ਜਾਂ ਤਿੰਨ ਜਣਿਆਂ ਨੂੰ ਹੀ ਪਾਜ਼ੀਟਿਵ ਹੋਣ ਦਾ ਖਤਰਾ ਸੀ ਪ੍ਰੰਤੂ ਸਿਹਤ ਵਿਭਾਗ ਦੀਆਂ ਹਦਾਇਤਾਂ (ਗਾਈਡਲਾਈਨਜ਼) ਨੂੰ ਅਣਗੌਲ਼ਿਆਂ ਕਰਕੇ ਵੱਡੇ ਸਮੂਹਾਂ ਵਿੱਚ ਠਹਿਰ ਦੇ ਕੀਤੇ ਪ੍ਰਬੰਧਾਂ ਨੇ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਖਤਰੇ ਵਿੱਚ ਪਾ ਦਿੱਤਾ। ਬੇਸ਼ੱਕ ਇਸ ਬਿਮਾਰੀ ਦੇ ਵੱਡੀ ਗਿਣਤੀ ਮਰੀਜ਼ ਠੀਕ ਹੋ ਰਹੇ ਹਨ, ਪ੍ਰੰਤੂ ਕਮਜ਼ੋਰ ਇਮਿਊਨ ਸਿਸਟਮ ਵਾਲ਼ੇ ਵਿਅਕਤੀਆਂ ਦੇ ਵੱਧ ਨੁਕਸਾਨ ਦੀ ਸੰਭਾਵਨਾ ਵੀ ਵੱਡੇ ਪੱਧਰ ‘ਤੇ ਬਣ ਚੁੱਕੀ ਹੈ। ਇਹ ਆਪ ਜੀ ਦੀ ਗ਼ਲਤੀ ਦਾ ਨਤੀਜਾ ਹੀ ਹੈ ਕਿ ਪੂਰੀ ਦੀ ਪੂਰੀ ਬੱਸ ਵੀ ਕਰੋਨਾ ਪੀੜਤ ਆ ਰਹੀ ਹੈ। 

ਡੇਰਾਵਾਦ ਨੂੰ ਮੁੜ ਉਤਸ਼ਾਹਿਤ ਕਰਨ ਲਈ ਆਪ ਜੀ ਵੱਲੋਂ ਅਪਣਾਈ ਇਹ ਪਹੁੰਚ ਪੰਜਾਬ ਅੰਦਰ ਅਪਰਾਧ ਜਗਤ ਨੂੰ ਨਵਾਂ ਮੋੜ ਦੇ ਸਕਦੀ ਹੈ। 

ਬਹੁਤਾ ਪੁਰਾਣਾ ਇਤਿਹਾਸ ਨਹੀਂ ਕਿ ਆਪ ਜੀ ਡੇਰਿਆਂ ਅੰਦਰ ਹੁੰਦੇ ਅਪਰਾਧਾਂ ਤੋਂ ਅਣਜਾਣ ਹੋਵੋ। ਮੌਜੂਦਾ ਵਰ੍ਹਿਆਂ ਵਿੱਚ ਹੀ ਵਾਪਰੀਆਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਵਾਪਰੇ ਮੌੜ ਬੰਬ ਕਾਂਡ ਦੀ ਹੁਣ ਤੱਕ ਹੋਈ ਜਾਂਚ ਨੇ ਡੇਰਾ ਸਿਰਸਾ ਦੀ ਭੂਮਿਕਾ ਨੰਗੀ ਕਰ ਦਿੱਤੀ। 

ਇਸ ਤੋਂ ਇਲਾਵਾ ਮੁਲਕ ਦੇ ਹੋਰ ਡੇਰਾਦਾਰਾਂ ਦੀ ਗ੍ਰਿਫ਼ਤਾਰੀ ਉਪਰੰਤ ਉਹਨਾਂ ਡੇਰਿਆਂ ਦੀ ਹੋਈ ਸਕਰੀਨਿੰਗ ਨੇ ਸਭ ਕੁਝ ਨੰਗਾ ਕਰ ਦਿੱਤਾ। ਡੇਰਾ ਬਿਆਸ ‘ਤੇ ਵੀ ਆਸ-ਪਾਸ ਦੀ ਜ਼ਮੀਨ ਨੱਪਣ ਦੇ ਦੋਸ਼ਾਂ ਅਧੀਨ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। 

ਅਜਿਹੀ ਸਥਿਤੀ ਵਿੱਚ ਲਗਭਗ ਸੁੰਘੜ ਚੁੱਕੇ ਡੇਰਾਵਾਦ ਨੂੰ ਸਰਕਾਰ ਸਰਪ੍ਰਸਤੀ ਦੇ ਕੇ ਮੁੜ ਸੁਰਜੀਤ ਕਰਨ ਦੇ ਰਾਹ ਪਈ ਹੋਈ ਹੈ। ਜੋ ਸੂਬੇ ਦੇ ਹਿਤ ਵਿੱਚ ਨਹੀਂ। 

ਇਸਦੇ ਨਾਲ਼ ਦੁਨੀਆਂ ਦੇ ਮੂਹਰੇ ਖੜ੍ਹੇ ਵੱਡੇ ਖਤਰਿਆਂ ਵਿੱਚ ਵੀ ਨਸ਼ੇ ਦੀ ਸਪਲਾਈ ਘਰ-ਘਰ ਦੇਣ ਦਾ ਹੁਕਮ ਵੀ ਪੰਜਾਬ ਦੇ ਹਿਤ ਵਿੱਚ ਨਹੀਂ। ਆਪ ਜੀ ਨੂੰ ਯਾਦ ਕਰਵਾ ਦੇਈਏ ਕਿ ਆਪ ਜੀ ਨੇ ਚੋਣਾਂ ਦੌਰਾਨ ਨਸ਼ਾ ਖਤਮ ਕਰਨ ਦੀ ਗੁਰਬਾਣੀ ਦਾ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂਹ ਚੁੱਕੀ ਸੀ।

ਉਮੀਦ ਕਰਦੇ ਹਾਂ ਕਿ ਆਪ ਜੀ ਚਿੱਠੀ ਪੜ੍ਹਣ ਉਪਰੰਤ ਇਸ ਭਾਵੀ ਖਤਰੇ ਨੂੰ ਭਾਂਪ ਕੇ ਡੇਰਾਵਾਦ ਦੇ ਉਭਾਰ ਪ੍ਰਤਿ ਸੁਚੇਤ ਹੋ ਕੇ ਸੰਭਲਣ ਦੇ ਕਦਮ ਚੁੱਕੋਗੇ। 

ਹਰਜਿੰਦਰ ਸਿੰਘ ਮਾਝੀ

ਮੁੱਖ ਸੇਵਾਦਾਰ

ਦਰਬਾਰ-ਏ-ਖਾਲਸਾ

ਤੇ ਸਮੂਹ ਮੈਂਬਰਾਨ

ਦਰਬਾਰ-ਏ-ਖਾਲਸਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: