ਆਮ ਖਬਰਾਂ » ਸਿਆਸੀ ਖਬਰਾਂ

ਜੀ.ਐਸ.ਟੀ.: ਅਰਬਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਅੰਮ੍ਰਿਤਸਰ ਥੋਕ ਕਪੜਾ ਬਜ਼ਾਰ 10ਵੇਂ ਦਿਨ ਵੀ ਰਿਹਾ ਬੰਦ

July 11, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਗਾਏ ਗਏ ਜੀ.ਐਸ.ਟੀ. ਖਿਲਾਫ ਅੰਮ੍ਰਿਤਸਰ ਦੇ ਥੋਕ ਕਪੜਾ ਵਪਾਰੀਆਂ ਦੀ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਰਹੀ।

ਨਰਿੰਦਰਪਾਲ ਸਿੰਘ ਪੱਤਰਕਾਰ

ਨਰਿੰਦਰਪਾਲ ਸਿੰਘ ਪੱਤਰਕਾਰ

ਕੱਪੜਾ ਵਪਾਰ ਨਾਲ ਜੁੜੇ ਥੋਕ ਬਜ਼ਾਰਾਂ ਦਾ ਦੌਰਾ ਕਰਨ ‘ਤੇ ਪੱਤਰਕਾਰ ਨੇ ਅੱਜ ਥੋਕ ਕਪੜਾ ਮਾਰਕੀਟ, ਬਜ਼ਾਰ ਟਾਹਲੀ ਸਾਹਿਬ, ਕਟੜਾ ਆਹਲੂਵਾਲਾ, ਸ਼ਾਸਤਰੀ ਮਾਰਕੀਟ, ਚੌਂਕ ਕਰਮੋਂ ਡਿਊੜੀ, ਟੈਲੀਫੂਨ ਐਕਸਚੇਂਜ, ਗੁਰੂ ਬਜ਼ਾਰ, ਪ੍ਰਤਾਪ ਬਜ਼ਾਰ ਦਾ ਦੌਰਾ ਕੀਤਾ ਤੇ ਕਪੜੇ ‘ਤੇ ਜੀ.ਐਸ.ਟੀ. ਲੱਗਣ ਕਾਰਣ ਪ੍ਰਭਾਵਿਤ ਹੋਏ ਵਪਾਰ ਦਾ ਜਾਇਜ਼ਾ ਲਿਆ। ਦੱਸਿਆ ਗਿਆ ਹੈ ਕਿ ਥੋਕ ਕਪੜਾ ਵਪਾਰ ਨਾਲ ਜੁੜੇ ਉਪਰੋਕਤ ਬਜ਼ਾਰਾਂ ਵਿੱਚ 4200 ਦੇ ਕਰੀਬ ਕੱਪੜਾ ਦੁਕਾਨਾਂ ਹਨ ਜਿਥੇ ਔਸਤਨ ਹਰ ਦੁਕਾਨ ਦਾਰ, ਪ੍ਰਤੀ ਦਿਨ 50 ਹਜ਼ਾਰ ਤੋਂ ਲੈਕੇ ਇੱਕ ਲੱਖ ਰੁਪਏ ਦੇ ਕਪੜਾ ਵੇਚਦਾ ਹੈ। ਜਿਸ ਕਾਰਣ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਹ ਕੱਪੜਾ ਮਾਰਕੀਟ ਨਿਤ ਦਿਨ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੀ ਹੈ।

amritsar whole sale market cloth

ਜੀ.ਐਸ.ਟੀ. ਲਾਉਣ ਦੇ ਵਿਰੋਧ ‘ਚ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਅੰਮ੍ਰਿਤਸਰ ਦੇ ਕੱਪੜਾ ਵਪਾਰੀ

ਵਪਾਰ ਸੈਲ ਕਾਂਗਰਸ ਦੇ ਪ੍ਰਧਾਨ ਗਿੰਨੀ ਭਾਟੀਆ ਦਾ ਕਹਿਣਾ ਹੈ ਕਿ ਇੱਕ ਦੁਕਾਨ ‘ਤੇ ਔਸਤਨ 5-6 ਕਾਰੀਗਰ, ਸੇਲਸਮੈਨ, ਹੈਲਪਰ ਵਜੋਂ ਕੰਮ ਕਰਦੇ ਹਨ ਤੇ ਇਨ੍ਹਾਂ ਬਜ਼ਾਰਾਂ ਵਿੱਚ ਕੱਪੜੇ ਦੀਆਂ ਗੰਢਾਂ ਨੂੰ ਟਰਾਂਸਪੋਰਟ ਤੋਂ ਲਿਆਉਣ ਅਤੇ ਫਿਰ ਵਾਪਿਸ ਵੱਖ-ਵੱਖ ਦੁਕਾਨਾਂ ‘ਤੇ ਪਹੁੰਚਾਣ ਲਈ ਕਈ ਸੈਂਕੜੇ ਠੇਲਾ, ਸਾਈਕਲ ਰਿਕਸ਼ਾ, ਆਟੋ ਚਾਲਕ ਤੇ ਰੇਹੜੀ ਮਜ਼ਦੂਰ ਜੁੜੇ ਹੋਏ ਹਨ। ਭਾਟੀਆ ਅਨੁਸਾਰ ਕੱਪੜੇ ਦੀ ਥੋਕ ਸਨਅਤ ਨਾਲ ਹੀ ਸਿੱਧੇ ਤੌਰ ‘ਤੇ ਕੋਈ ਦੋ ਲੱਖ ਦੇ ਕਰੀਬ ਪ੍ਰੀਵਾਰਾਂ ਦੀ ਰੋਜ਼ੀ ਰੋਟੀ ਚਲਦੀ ਹੈ।

ਥੋਕ ਕੱਪੜੇ ਦਾ ਬਜ਼ਾਰ 10ਵੇਂ ਦਿਨ ਵੀ ਬੰਦ

ਥੋਕ ਕੱਪੜੇ ਦਾ ਬਜ਼ਾਰ 10ਵੇਂ ਦਿਨ ਵੀ ਬੰਦ

ਇਥੇ ਹੀ ਬੱਸ ਨਹੀਂ ਸ਼ਹਿਰ ਵਿੱਚ ਕੱਪੜਾ ਵਪਾਰੀਆਂ ਤੇ ਦਲਾਲਾਂ ਦੀ ਸਹੂਲਤ ਤੇ ਸੇਵਾ ਲਈ ਆਮ ਟਰਾਂਸਪੋਰਟ, ਹੋਟਲ, ਰੈਸਟੋਰੈਂਟ ਵੀ ਆਪਣਾ ਕਾਰੋਬਾਰ ਚਲਾਉਂਦੇ ਹਨ ਜੋ ਪਿਛਲੇ 10 ਦਿਨਾਂ ਦੀ ਹੜਤਾਲ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਜੀ.ਐਸ.ਟੀ. ਖਿਲਾਫ ਲੋਕ ਰੋਹ ਐਨਾ ਪ੍ਰਚੰਡ ਹੈ ਕਿ ਹੁਣ ਬਜ਼ਾਰਾਂ ਵਿੱਚ ਵਿਚਰਦਿਆਂ ਵੀ ਸਕੂਟਰਾਂ ਤੇ ਮੋਟਰ ਸਾਈਕਲਾਂ ‘ਤੇ ਟੈਕਸ ਵਿਰੋਧੀ ਨਾਅਰੇ ਲਿਖੇ ਮਿਲ ਰਹੇ ਹਨ।

ਸਬੰਧਤ ਖ਼ਬਰ:

ਖੇਤੀਬਾੜੀ ਸਾਧਨਾਂ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ: ਭਾਰਤੀ ਕਿਸਾਨ ਯੂਨੀਅਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,