ਪਿੰਕੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ (ਫਾਈਲ ਫੋਟੋ)

ਸਿਆਸੀ ਖਬਰਾਂ

ਪਿੰਕੀ ਕੈਟ ਨੇ ਪੱਤਰਕਾਰ ਕੰਵਰ ਸੰਧੂ ਅਤੇ ਸਰਬਜੀਤ ਵਿਰਕ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ਼ ਕਰਵਾਈ

By ਸਿੱਖ ਸਿਆਸਤ ਬਿਊਰੋ

February 05, 2016

ਚੰਡੀਗੜ (4 ਫਰਵਰੀ , 2016): ਪੀਟੀਸੀ ਟੀਵੀ ਚੈਨਲ ‘ਤੇ ਪੰਜਾਬ ਪੁਲਿਸ ‘ਦੇ ਸਾਬਕਾ ਕੈਟ ਅਤੇ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਦੀ ਨਸ਼ਰ ਵੀਡੀਓੁ ਅਨੁਸਾਰ ਉਸ ਵੱਲੋਂ ਪੱਤਰਕਾਰ ਕੰਵਰ ਸੰਧੂ ਅਤੇ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸਰਬਜੀਤ ਸਿੰਘ ਵਿਰਕ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ਼ ਕਰਵਾਈ ਹੈ।

ਪਿੰਕੀ ਨੇ ਪੀਟੀਸੀ ਟੀ.ਵੀ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਕਿ ਪੱਤਰਕਾਰ ਕੰਵਰ ਸੰਧੂ ਵੱਲੋਂ ਕੀਤੀ ਉਸ ਦੀ ਇੰਟਰਵਿਊ ਦੀ ਸਕਰਿਪਟ ਖੁੱਦ ਸੰਧੂ ਤੇ ਸਾਬਕਾ ਡੀ.ਜੀ.ਪੀ. ਐਸ.ਐਸ. ਵਿਰਕ ਵੱਲੋਂ ਤਿਆਰ ਕਰਕੇ ਦਿੱਤੀ ਜਾਂਦੀ ਸੀ ਤੇ ਉਸ ਨੂੰ ਉਸੇ ਸਕਰਿਪਟ ਅਨੁਸਾਰ ਇੰਟਰਵਿਊ ਦੇਣ ਲਈ ਮਜਬੂਰ ਕੀਤਾ ਜਾਂਦਾ ਸੀ।

ਉਸ ਨੇ ਕਿਹਾ ਕਿ ਪੱਤਰਕਾਰ ਸੰਧੂ ਤੇ ਵਿਰਕ ਵੱਲੋਂ ਉਸ ‘ਤੇ ਕੀਤੇ ਮਾਨਸਿਕ ਤਸ਼ੱਦਦ ਸਬੰਧੀ ਉਸ ਨੇ ਚੰਡੀਗੜ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪਿੰਕੀ ਨੇ ਕਿਹਾ ਕਿ ਕੰਵਰ ਸੰਧੂ ਉਸ ਨੂੰ ਜੇਲ ਅੰਦਰ ਲਿਜਾ ਕੇ ਉਸ ‘ਤੇ ਹਮਲਾ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਪਟਿਆਲਾ ਜੇਲ੍ਹ ਲੈ ਕੇ ਜਾਣਾ ਇੱਕ ਸਾਜਿਸ਼ ਦਾ ਹਿੱਸਾ ਸੀ। ਇੰਟਰਵਿਊ ਦੀ ਸਕਰਿਪਟ ਵਿਰਕ ਵੱਲੋਂ ਸੰਧੂ ਨੂੰ ਲਿਖਵਾਈ ਜਾਂਦੀ ਸੀ ਜੋ ਉਸ ਨੂੰ ਦੇ ਕੇ ਹੂਬਹੂ ਬੋਲਣ ਲਈ ਕਿਹਾ ਜਾਂਦਾ ਸੀ।

ਪਿੰਕੀ ਨੇ ਕਿਹਾ ਜਦੋਂ ਉਹ ਵਿਰਕ ਦੇ ਘਰ ਜਾਂਦਾ ਸੀ ਤਾਂ ਉਸ ਨੂੰ ਉਥੇ ਕਈ ਦੇਸ਼ ਵਿਰੋਧੀ ਅਨਸਰ ਵੀ ਦਿਸੇ, ਜਦੋਂ ਕਿ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਾਬਕਾ ਡੀ.ਜੀ.ਪੀ. ਵਿਰਕ ਨੇ ਸਿਰੇ ਤੋਂ ਨਕਾਰਦੇ ਕਿਹਾ ਕਿ ਪਿੰਕੀ ਉਸ ਨੂੰ ਆਪਣੀ ਟੀ.ਵੀ ਇੰਟਰਵਿਊ ਤੋਂ ਬਾਅਦ ਹੀ ਮਿਲਿਆ ਸੀ । ਉਧਰ ਇਸ ਸਬੰਧੀ ਪੱਤਰਕਾਰ ਕੰਵਰ ਸੰਧੂ ਨੇ ਕਿਹਾ ਕਿ ਪਿੰਕੀ ਵੱਲੋਂ ਦਿੱਤੀਆਂ ਇੰਟਰਵਿਊ ਸਾਰੀ ਦੁਨੀਆ ਵੱਲੋਂ ਦੇਖੀਆਂ ਜਾ ਚੁੱਕੀਆਂ ਹਨ ਤੇ ਉਨਾਂ ਵੀ ਪਿੰਕੀ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਿਆ। ਇਸ ਤੋਂ ਪਹਿਲਾਂ ਪਿੰਕੀ ਪੱਤਰਕਾਰ ਸੰਧੂ ਦਾ ਪੱਖ ਪੂਰਦਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿੰਕੀ ਵੱਲੋ ਕੀਤੇ ਪਰਦੇਫਾਸ਼ ਨੂੰ ਪੰਜਾਬ ਵਿੱਚ ਪੁਲਿਸ ਵੱਲੋਂ ਖਾੜਕੂਵਾਦ ਦੌਰਾਨ ਮਨੁੱਖੀ ਅਧਿਕਾਰਾਂ ਦੇ ਕੀਤੇ ਘਾਣ ਸਬੰਧੀ ਬੜਾ ਮਹੱਤਵਪੁਰਨ ਮੰਂਿਨਆ ਜਾ ਰਿਹਾ ਸੀ, ਪਰ ਹੁਣ ਪਿੰਕੀ ਇੰਟਰਵਿਓੁ ਵਿੱਚ ਨਸ਼ਰ ਕੀਤੇ ਤੱਥਾਂ ਤੋਂ ਮੁੱਕਰ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: