ਸਿੱਖ ਖਬਰਾਂ

ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋ.ਅ.ਦ. (ਬਾਦਲ) ਆਗੂ ਅਵਤਾਰ ਸਿੰਘ ਹਿੱਤ ਨੂੰ ਤਨਖਾਹ ਸੁਣਾਈ

January 28, 2019 | By

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਹੁਦੇਦਾਰ ਅਵਤਾਰ ਸਿੰਘ ਹਿੱਤ ਨੂੰ ਅੱਜ ਤਨਖਾਹ ਸੁਣਾਈ ਹੈ। ਇਸ ਬਾਬਤ ਅਕਾਲ ਤਖਤ ਸਾਹਿਬ ਸਕੱਤਰੇਤ ਵਲੋਂ ਜਾਰੀ ਕੀਤਾ ਗਿਆ ਇਕ ਬਿਆਨ ਹੇਠਾਂ ਇੰਨ-ਬਿੰਨ ਸਾਂਝਾ ਕਰ ਰਹੇ ਹਾਂ:

ਪ੍ਰੈਸ ਬਿਆਨ

ਅੱਜ ਮਿਤੀ 15 ਮਾਘ ਨਾਨਕਸ਼ਾਹੀ ਸੰਮਤ 550 ਮੁਤਾਬਿਕ 28-01-2019 ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਅਵਤਾਰ ਸਿੰਘ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਨੇ ਇਕ ਵਿਅਕਤੀ ਵਿਸ਼ੇਸ਼ ਲਈ ਅਕਾਲ ਪੁਰਖ ਅਤੇ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਣਾ ਦੀ ਵਰਤੋਂ ਕੀਤੀ ਸੀ ਜਿਸ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਤਲਬ ਕੀਤਾ ਗਿਆ, ਜਿਸ ਨੇ ਗੁਰੂ ਗ੍ਰੰਥ, ਗੁਰੂ ਪੰਥ ਪਾਸੋਂ ਆਪਣੀ ਕੀਤੀ ਭੁੱਲ ਲਈ ਖਿਮਾ ਮੰਗੀ।ਪੰਜ ਸਿੰਘ ਸਾਹਿਬਾਨ ਵੱਲੋਂ ਇਸ ਨੂੰ ਹੇਠ ਲਿਖੇ ਅਨੁਸਾਰ ਤਨਖ਼ਾਹ ਲਗਾਈ ਗਈ:-
ਸੱਤ ਦਿਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਇਕ-ਇਕ ਘੰਟਾ ਸੰਗਤ ਦੇ ਜੋੜੇ ਝਾੜਨ, ਬਰਤਨ ਮਾਂਜਨ ਅਤੇ ਬੈਠ ਕੇ ਕੀਰਤਨ ਸਰਵਨ ਕਰੇ।
ਪੰਜ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਇਕ-ਇਕ ਘੰਟਾ ਸੰਗਤਾਂ ਦੇ ਜੋੜੇ ਝਾੜਨ, ਬਰਤਨ ਮਾਂਜਨ ਅਤੇ ਬੈਠ ਕੇ ਕੀਰਤਨ ਸਰਵਨ ਕਰੇ।

ਸ.ਅਵਤਾਰ ਸਿੰਘ ਹਿੱਤ

ਸੇਵਾ ਦੋਰਾਨ ਦੋਹਾਂ ਹੀ ਪਾਵਨ ਅਸਥਾਨਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਹੁਕਮਨਾਮਾ ਸਰਵਨ ਕਰੇ।
ਸੇਵਾ ਪੂਰਨ ਹੋਣ ਤੇ ਇਕ-ਇਕ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏਗਾ ਅਤੇ ਬਾਣੀ ਸਰਵਨ ਕਰੇਗਾ ਅਤੇ ਦੋਹਾਂ ਹੀ ਪਾਵਨ ਅਸਥਾਨਾਂ ਤੇ 5100/-, 5100/- ਬਾਬਤ ਕੜਾਹਿ ਪ੍ਰਸਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਵਾਸਤੇ ਅਰਦਾਸ ਬੇਨਤੀ ਕਰਵਾਏਗਾ।

ਜਿਨ੍ਹਾਂ ਚਿਰ ਅਵਤਾਰ ਸਿੰਘ ਲੱਗੀ ਸੇਵਾ ਪੂਰੀ ਕਰਕੇ ਖਿਮਾਂ ਯਾਚਨਾ ਦੀ ਅਰਦਾਸ ਬੇਨਤੀ ਨਾ ਕਰਵਾ ਲੈਣ ਉਹਨਾਂ ਚਿਰ ਕਿਸੇ ਵੀ ਧਾਰਮਿਕ ਸਟੇਜ ਤੇ ਬੋਲ ਨਹੀਂ ਸਕੇਗਾ ਅਤੇ ਨਾਂ ਹੀ ਪ੍ਰਬੰਧਕੀ ਕੰਮ-ਕਾਜ ਵੇਖ ਸਕੇਗਾ।ਸੇਵਾ ਦੋਰਾਨ ਕੋਈ ਵੀ ਕਮੇਟੀ ਦਾ ਅਧਿਕਾਰੀ ਅਤੇ ਮੈਂਬਰ ਇਸ ਦਾ ਸਹਿਯੋਗ ਨਹੀਂ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,