ਪੰਜਾਬ ਦੀ ਰਾਜਨੀਤੀ

ਹੰਸ ਰਾਜ ਨੇ ਕਾਂਗਰਸ ‘ਚ ਦਲਿਤਾਂ ਨੂੰ ਸਹੀ ਨੁਮਾਇੰਦਗੀ ਨਾ ਮਿਲਣ ‘ਤੇ ਪ੍ਰਗਟਾਇਆ ਰੋਸ

By ਸਿੱਖ ਸਿਆਸਤ ਬਿਊਰੋ

September 06, 2016

ਚੰਡੀਗੜ੍ਹ: ਪੰਜਾਬ ਕਾਂਗਰਸ ਵਲੋਂ ‘ਦਲਿਤ ਸੰਪਰਕ’ ਪ੍ਰੋਗਰਾਮ ਦੌਰਾਨ ਦਲਿਤ ਆਗੂਆਂ ਨੂੰ ਬਣਦੀ ਨੁਮਾਇੰਦਗੀ ਨਾ ਦਿੱਤੇ ਜਾਣ ਕਾਰਨ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਹੰਗਾਮਾ ਕਰ ਦਿੱਤਾ। ਗਾਇਕ ਹੰਸ ਕੁੱਝ ਮਹੀਨੇ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਉਸ ਦੀ ਜਗ੍ਹਾ ਸੀਨੀਅਰ ਦਲਿਤ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੂੰ ਰਾਜ ਸਭਾ ਦੀ ਮੈਂਬਰੀ ਮਿਲਣ ਕਾਰਨ ਉਹ ਸਪੱਸ਼ਟ ਤੌਰ ਉਤੇ ਦੁਖੀ ਸੀ। ਪ੍ਰੋਗਰਾਮ ਵਿੱਚ ਜਦੋਂ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਨੇ ਦੂਲੋ ਨੂੰ ਰਾਜ ਸਭਾ ਮੈਂਬਰ ਬਣਾ ਕੇ ਅਤੇ ਉਸ ਨੂੰ ਵਿਧਾਇਕ ਦਲ ਦਾ ਨੇਤਾ ਬਣਾ ਕੇ ਦਲਿਤ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਹੈ ਤਾਂ ਇਸ ਤੋਂ ਹੰਸ ਰਾਜ ਹੰਸ ਭੜਕ ਗਏ।

ਵਾਲਮੀਕ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਹੰਸ ਨੇ ਚੰਨੀ ਕੋਲੋਂ ਮਾਈਕ ਖੋਹ ਲਿਆ ਅਤੇ ਦੋਸ਼ ਲਾਇਆ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਦਿੱਤੀ ਗਈ। ਸਟੇਜ ਤੋਂ ਜਦੋਂ ਉਹ ਗਰਮੀ ਨਾਲ ਬੋਲ ਰਹੇ ਸਨ ਉਨ੍ਹਾਂ ਦੇ ਸਮਰਥਕਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਸਕੱਤਰ ਹਰੀਸ਼ ਚੌਧਰੀ ਤੋਂ ਇਲਾਵਾ ਮੰਚ ਉਤੇ ਚੌਧਰੀ ਸੰਤੋਖ ਸਿੰਘ, ਕੇ ਰਾਜੂ, ਆਲ ਇੰਡੀਆ ਐਸਸੀ ਸੈੱਲ ਦੇ ਇੰਚਾਰਜ ਸ਼ਮਸ਼ੇਰ ਸਿੰਘ ਦੂਲੋ ਬੈਠੇ ਹੋਏ ਸਨ। ਇਸ ਮੌਕੇ ਦੂਲੋ ਨੇ ਕਿਹਾ ਕਿ ਦਲਿਤਾਂ ਨੂੰ ਹਾਲੇ ਤਕ ਵੀ ਪਾਰਟੀ ਵੱਲੋਂ ਬਣਦੀ ਰਾਜਸੀ ਨੁਮਾਇੰਦਗੀ ਨਹੀਂ ਦਿੱਤੀ ਗਈ। ਚਰਚਿਤ ਦਲਿਤ ਆਗੂਆਂ ਨੂੰ ਉੱਭਰਨ ਦਾ ਮੌਕਾ ਨਹੀਂ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦਲਿਤਾਂ ਦੇ ਹਿੱਤਾਂ ਨੂੰ ਦੇਖ ਰਹੀ ਹੈ ਅਤੇ ਉਨ੍ਹਾਂ ਦੀ ਰੱਖਿਆ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: