ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ, ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਜਰਨੈਲ ਸਿੰਘ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਆਰ.ਪੀ.ਸਿੰਘ 15 ਅਗਸਤ ਨੂੰ ਹੋਣ ਵਾਲੇ ਮੁਜਾਹਰੇ ਦੇ ਸਬੰਧ ਵਿਚ ਵਿਚਾਰਾਂ ਕਰਦੇ ਹੋਏ

ਸਿਆਸੀ ਖਬਰਾਂ

ਪੰਥਕ ਜਥੇਬੰਦੀਆਂ ਵਲੋਂ ਸਿੱਖ ਹੱਕਾਂ ਨੂੰ ਦਬਾਉਣ ਦੇ ਖਿਲਾਫ 15 ਅਗਸਤ ਨੂੰ ਲੁਧਿਆਣਾ ਵਿਖੇ ਮੁਜਾਹਰਾ

By ਸਿੱਖ ਸਿਆਸਤ ਬਿਊਰੋ

August 11, 2016

ਲੁਧਿਆਣਾ: ਭਾਰਤੀ ਸਟੇਟ ਦੇ ਜ਼ੁਲਮਾਂ ਵਿਰੁਧ ਏਕੇ ਦਾ ਮੁਜ਼ਾਹਰਾ ਕਰਦਿਆਂ, ਵਖੋ-ਵੱਖ ਪੰਥਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਭਾਰਤੀ ਅਜ਼ਾਦੀ ਦੇ ਮੂਲ ਸੰਕਲਪ ਉਤੇ ਸਵਾਲਿਆ ਚਿੰਨ੍ਹ ਲਾਇਆ ਹੈ। ਇਸ ਸੰਦਰਭ ਵਿੱਚ ਇਹਨਾਂ ਜਥੇਬੰਦੀਆਂ ਜਿਨ੍ਹਾਂ ਵਿੱਚ ਦਲ ਖਾਲਸਾ, ਸਿੱਖ ਸਟੂਡੈਂਟਸ ਫੈਡਰੇਸ਼ਨ, ਅਖੰਡ ਕੀਰਤਨੀ ਜਥਾ, ਸਤਿਕਾਰ ਕਮੇਟੀ, ਸਿੱਖ ਯੂਥ ਆਫ ਪੰਜਾਬ ਸ਼ਾਮਿਲ ਹਨ, ਵੱਲੋਂ 15 ਅਗਸਤ ਨੂੰ ਲੁਧਿਆਣਾ ਵਿਖੇ ਭਾਰਤੀ ਆਜ਼ਾਦੀ ਦਿਹਾੜੇ ਵਿਰੁੱਧ ਸਿੱਖ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਜਗਰਾਉਂ ਪੁਲ ‘ਤੇ ਸਵੇਰੇ 11 ਵਜੇ ਰੋਹ ਭਰਿਆ ਮੁਜ਼ਾਹਰਾ ਕੀਤਾ ਜਾਵੇਗਾ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 15 ਅਗਸਤ ਵਾਲੇ ਦਿਨ ਜਦੋਂ ਭਾਰਤੀ ਆਪਣੀ ਅਜ਼ਾਦੀ ਦੇ ਜਸ਼ਨ ਮਨਾਉਣਗੇ, ਇਹ ਸਮਾਂ ਸਿੱਖਾਂ ਲਈ ਸਿੱਖ ਅਜ਼ਾਦੀ ਦੇ ਸੰਕਲਪ ਨੂੰ ਉਜਾਗਰ ਤੇ ਪ੍ਰਚੰਡ ਕਰਨ ਦਾ ਹੈ। ਉਨ੍ਹਾਂ ਕਿਹਾ ਕਿ 70 ਸਾਲ ਪਹਿਲਾਂ ਇਸ ਖਿੱਤੇ ਦੀਆਂ 2 ਕੌਮਾਂ (ਹਿੰਦੂ ਅਤੇ ਮੁਸਲਮਾਨ) ਨੂੰ ਅਜ਼ਾਦੀ ਮਿਲੀ, ਤੀਜੀ ਕੌਮ- ਸਿੱਖਾਂ ਨੇ ਅਜ਼ਾਦ ਹੋਣ ਦੇ ਮੌਕੇ ਨੂੰ ਗਵਾ ਲਿਆ। ਉਸ ਸਮੇਂ ਤੋਂ ਲੈ ਕੇ ਹੁਣ ਤਕ, ਅਸੀਂ ਭਾਰਤੀ ਸ਼ਿਕੰਜੇ ‘ਚੋਂ ਨਿਕਲਣ ਲਈ ਮੁਸ਼ਿਕਲਾਂ ਭਰੇ ਅਤੇ ਤਿੱਖੇ ਸੰਘਰਸ਼ ਵਿਚੋਂ ਗੁਜ਼ਰ ਰਹੇ ਹਾਂ।

ਉਨ੍ਹਾਂ ਨੇ ਕਿਹਾ ਕਿ ਬੀਤੇ 70 ਸਾਲਾਂ ਵਿੱਚ ਵਾਪਰੀਆਂ ਅਤੇ ਖਾਸ ਤੌਰ ‘ਤੇ ਪਿਛਲੇ ਕੁਝ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ, ਜਿਨ੍ਹਾਂ ਵਿੱਚ ਦਰਿਆਈ ਪਾਣੀਆਂ ਦੀ ਲੁੱਟ, ਰਾਜਨੀਤਕ ਦਮਨ, ਸਿੱਖਾਂ, ਕਸ਼ਮੀਰੀਆਂ, ਦਲਿਤਾਂ ੱਤੇ ਹੋਏ ਜ਼ੁਲਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਿੱਖ ਅਜ਼ਾਦੀ ਲਈ ਸੰਘਰਸ਼ ਨੂੰ ਜਾਰੀ ਰੱਖਣ ਲਈ ਸਾਨੂੰ ਹਿੰਮਤ ਦਿੱਤੀ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਵਿਧੀਪੂਰਵਕ, ਗੈਰਲੋਕਤੰਤਰਿਕ ਢੰਗ ਨਾਲ ਸਿੱਖਾਂ ਅਤੇ ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਹੱਕ ਨੂੰ ਖੋਹਣਾ, ਭਾਰਤੀ ਰਾਜ ਦੀ ਜ਼ਾਲਮ ਕਾਰਜਪ੍ਰਣਾਲੀ ਨੂੰ ਨੰਗਾ ਕਰਦਾ ਹੈ। ਭਾਰਤੀ ਅਜ਼ਾਦੀ ਦਿਹਾੜੇ ਨੂੰ ਸਿੱਖਾਂ ਲਈ ਕਾਲਾ ਦਿਨ ਦੱਸਦਿਆਂ, ਪੰਥਕ ਜਥੇਬੰਦੀਆਂ ਨੇ ਸਾਂਝੇ ਤੌਰ ੱਤੇ ਭਾਰਤੀ ਅਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ, “ਅਸੀਂ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਸਮੂਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ 15 ਅਗਸਤ ਨੂੰ ਮਨਾਏ ਜਾਣ ਵਾਲੇ ਜਸ਼ਨਾਂ ਦਾ ਬਾਈਕਾਟ ਕਰਨ, ਕਿਉਂਕਿ ਸਿੱਖਾਂ ਲਈ ਭਾਰਤੀ ਅਜ਼ਾਦੀ ਦੇ ਜਸ਼ਨਾਂ ਨੂੰ ਮਨਾਉਣ ਦਾ ਕੋਈ ਕਾਰਨ ਨਹੀਂ ਹੈ”। ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਆਰ.ਪੀ. ਸਿੰਘ, ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸਾ, ਭਾਈ ਜਰਨੈਲ ਸਿੰਘ, ਜਸਵੀਰ ਸਿੰਘ ਖੰਡੂਰ, ਯੂਥ ਆਗੂ ਪਰਮਜੀਤ ਸਿੰਘ, ਫੈਡਰੇਸ਼ਨ ਦੇ ਨੁਮਾਇੰਦੇ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: