ਭਾਈ ਜਗਤਾਰ ਸਿੰਘ ਹਵਾਰਾ(ਫਾਈਲ ਫੋਟੋ)

ਸਿੱਖ ਖਬਰਾਂ

ਭਾਈ ਜਗਤਾਰ ਸਿੰਘ ਹਵਾਰਾ 1996 ਦੇ ਅਸਲਾ ਕੇਸ ਚ ਬਰੀ

By ਪਰਦੀਪ ਸਿੰਘ

August 31, 2012

ਲੁਧਿਆਣਾ (31 ਅਗਸਤ, 2012): ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੀਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਇੱਥੇ ਪਹਿਲਾ ਦਰਜਾ ਜੁਡੀਸ਼ਲ ਮੈਜਿਸਟ੍ਰੇਟ ਸ੍ਰੀ ਅਤੁਲ ਕੰਬੋਜ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਜਗਤਾਰ ਸਿੰਘ ਨੂੰ ਭਾਰੀ ਸੁਰੱਖਿਆ ਫੋਰਸ ਦੀ ਮੌਜੂਦਗੀ ਵਿਚ ਤਿਹਾੜ ਜੇਲ੍ਹ, ਦਿੱਲੀ ਤੋਂ ਪੇਸ਼ ਕੀਤਾ ਗਿਆ ਅਤੇ ਜਿਲ੍ਹਾ ਪੁਲਿਸ ਵਲੋਂ ਵੀ ਭਾਰੀ ਮਾਤਰਾ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਮੋਜਿਸਟ੍ਰੇਟ ਦੀ ਕੋਰਟ ਪੰਜਵੀਂ ਮੰਜਿਲ ‘ਤੇ ਹੋਣ ਕਾਰਨ ਸਾਰੇ ਰਾਹ ਪੁਲਿਸ ਵਲੋਂ ਰੋਕ ਦਿੱਤੇ ਗਏ ਤੇ ਆਮ ਲੋਕਾਂ ਵਿਚ ਪੁਲਿਸ ਵਲੋਂ ਦਹਿਸ਼ਤ ਦਾ ਮਾਹੌਲ ਸਿਰਜਿਆ ਗਿਆ ਸੀ ਜਿਸ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਅਤੁਲ ਕੰਬੋਜ ਦੀ ਕੋਰਟ ਵਿਚ ਭਾਈ ਹਵਾਰਾ ਨੂੰ ਸਵੇਰੇ 11.30 ਪੇਸ਼ ਕੀਤਾ ਗਿਆ ਜਿਸ ਨਾਲ ਉਹਨਾਂ ਦੇ ਵਕੀਲ ਸ. ਕੰਵਲਦੀਪ ਸਿੰਘ ਤੇ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। ਮੈਜਿਸਟ੍ਰੇਟ ਨੇ ਭਾਈ ਹਵਾਰਾ ਨੂੰ ਬਾ-ਇੱਜ਼ਤ ਬਰੀ ਕਰਨ ਦਾ ਫੈਸਲਾ ਸਣਾਇਆ।

ਜਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ 2, ਮਿਤੀ 4 ਜਨਵਰੀ 1996 ਨੂੰ ਅਸਲਾ ਐਕਟ ਦੀ ਧਾਰਾ 2੫ ਅਧੀਨ, ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਭਾਈ ਹਵਾਰਾ ਪਾਸੋਂ 30 ਬੋਰ ਦੇ 14  ਪਿਸਟਲ 20 ਰੌਂਦਾ ਸਮੇਤ, 38 ਬੋਰ ਦੇ 9 ਪਿਸਟਲ ਅਤੇ ਇਕ ਰਾਕਟ ਲਾਂਚਰ ਦੀ ਬਰਾਮਦਗੀ ਦਿਖਾਈ ਗਈ ਸੀ। ਇਸ ਕੇਸ ਦਾ ਚਲਾਨ 7 ਅਗਸਤ 1996 ਨੂੰ ਪੇਸ਼ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਬੇਅੰਤ ਕਤਲ ਕਾਂਡ ਕੇਸ ਬੁੜੈਲ ਜੇਲ੍ਹ ਵਿਚ ਚੱਲਣ ਦਾ ਨੋਟੀਫਿਕੇਸ਼ਨ ਹੋਣ ਕਾਰਨ ਇਸ ਕੇਸ ਦੀ ਕਾਰਵਾਈ ਰੁਕ ਗਈ ਸੀ ਤੇ 30 ਮਾਰਚ 2011 ਨੂੰ ਭਾਈ ਹਵਾਰਾ ਖਿਲਾਫ ਇਸ ਕੇਸ ਦਾ ਚਾਰਜ਼ ਲਗਾਇਆ ਗਿਆ ਸੀ। ਇਸ ਕੇਸ ਵਿਚ ਸਬ ਇੰਸਪੈਕਟ ਚਮਕੌਰ ਸਿੰਘ, ਅਸਿਸਟੈਂਟ ਸਬ ਇੰਸਪੈਕਟ ਰਾਮ ਬਹਾਦਰ, ਅਹਿਲਮਦ ਡੀ.ਸੀ ਪ੍ਰਭਜੋਤ ਸਿੰਘ, ਇੰਸਪੈਕਟਰ ਗੁਰਮੀਤ ਪਿੰਕੀ ਤੇ ਅਸਿਸਟੈਂਟ ਸਬ ਇੰਸਪੈਕਟ ਕੁਲਦੀਪ ਸਿੰਘ ਦੀਆਂ ਗਵਾਹੀਆਂ ਦਰਜ਼ ਹੋਈਆਂ ਸਨ। ਇਸ ਕੇਸ ਸਬੰਧੀ ਭਾਈ ਹਵਾਰਾ ਨੂੰ ਪਿਛਲੀਆਂ ਤਰੀਕਾਂ ‘ਤੇ ਸਿੱਧੇ ਰੂਪ ਵਿਚ ਹਾਜ਼ਰ ਨਾ ਕਰਕੇ ਵੀਡਿਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਭੁਗਤਾਈ ਜਾ ਰਹੀ ਸੀ ਪਰ ਅੱਜ ਫੈਸਲਾ ਸੁਣਾਉਂਣ ਲਈ ਦੋਸ਼ੀ ਦਾ ਸਿੱਧੇ ਰੂਪ ਵਿਚ ਹਾਜ਼ਰ ਹੋਣਾ ਜਰੂਰੀ ਹੋਣ ਕਾਰਨ ਪਿਛਲੀ ਤਰੀਕ 22 ਅਗਸਤ ਨੂੰ ਤਿਹਾੜ ਜੇਲ੍ਹ ਨੂੰ ਭਾਈ ਹਵਾਰਾ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ।

ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਕੇਵਲ ਪੁਲਿਸ ਦੀਆਂ ਗਵਾਹੀਆਂ ਹੀ ਦਰਜ਼ ਕੀਤੀਆਂ ਗਈਆਂ ਸਨ ਤੇ ਕੋਈ ਵੀ ਪਬਲਿਕ ਦਾ ਗਵਾਹ ਨਹੀਂ ਸੀ ਪੇਸ਼ ਹੋਇਆ ਤੇ ਪੁਲਿਸ ਦੇ ਵੱਖ-ਵੱਖ ਅਫਸਰਾਂ ਵਲੋਂ ਦਿੱਤੀਆਂ ਗਈਆਂ ਵਿਚ ਵੱਡੀਆਂ ਭਿੰਨਤਾਵਾਂ ਹੋਣ ਦਾ ਫਾਇਦਾ ਕੋਰਟ ਵਲੋਂ ਭਾਈ ਹਵਾਰਾ ਨੂੰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਸਰਕਾਰ ਇਹ ਵੀ ਸਾਬਤ ਕਰਨ ਵਿਚ ਫੇਲ ਸਿੱਧ ਹੋਈ ਹੈ ਕਿ ਇਸ ਕੇਸ ਵਿਚ ਪੇਸ਼ ਕੀਤਾ ਗਿਆ ਅਸਲਾ ਇਸ ਕੇਸ ਵਿਚ ਹੀ ਬਰਾਮਦ ਕੀਤਾ ਗਿਆ ਸੀ, ਸਭ ਤੋਂ ਵੱਧ ਕੇ ਬਰਾਮਦਗੀ ਅਸਲੇ ਦੇ ਪੁਲੰਦਿਆਂ ਉੱਤੇ ਕੋਈ ਸੀਲ ਜਾਂ ਮੋਹਰ ਨਹੀਂ ਸੀ ਲੱਗੀ ਹੋਈ ਤੇ ਸਭ ਤੋਂ ਵੱਧ ਕੇ ਚਲਾਨ ਵਿਚ ਦੱਸੇ ਗਏ ਰਾਕਟ ਲਾਂਚਰ ਨੂੰ ਕਦੇ ਕੋਰਟ ਵਿਚ ਪੇਸ਼ ਹੀ ਨਹੀਂ ਕੀਤਾ ਗਿਆ।

ਉਹਨਾਂ ਅੱਗੇ ਦੱਸਿਆ ਕਿ ਭਾਈ ਹਵਾਰਾ ਉੱਤੇ ਦੂਜਾ ਕੇਸ ਸੈਸ਼ਨ ਕੋਰਟ ਵਿਚ ਐਕਸਪਲੋਸਿਵ ਐਕਟ ਅਧੀਨ ਚੱਲ ਰਿਹਾ ਹੈ ਜਿਸਦੀ ਅਗਲੀ ਤਰੀਕ ਪੇਸ਼ੀ 6 ਸਤੰਬਰ 2012 ਹੈ ਅਤੇ ਉਹ ਕੇਸ ਵੀ ਵੀਡਿਓ ਕਾਨਫਰੈਂਸਿੰਗ ਰਾਹੀਂ ਹੀ ਚੱਲ ਰਿਹਾ ਹੈ ਅਤੇ ਉਸ ਕੇਸ ਦੇ ਪੈਰ ਵੀ ਨਹੀਂ ਹਨ ਅਤੇ ਉਹ ਕੇਸ ਵੀ ਆਉਂਦੇ ਸਮੇਂ ਵਿਚ ਦਮ ਤੋੜ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: