ਸਿੱਖ ਖਬਰਾਂ

ਮਾਨਸਾ ਕੇਸ ਦੀ ਸੁਣਵਾਈ ਹੁਣ 9 ਮਾਰਚ ਤੱਕ ਟਲੀ

By ਸਿੱਖ ਸਿਆਸਤ ਬਿਊਰੋ

February 16, 2012

ਮਾਨਸਾ (15 ਫਰਵਰੀ, 2012): ਸਾਲ 2009 ਵਿਚ ਸਿਆਸੀ ਕਾਰਨਾਂ ਕਰਕੇ ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਦੀ ਸੁਣਵਾਈ ਮਾਨਸਾ ਦੀ ਜਿਲ੍ਹਾ (ਸੈਸ਼ਨ) ਅਦਾਲਤ ਵਿਚ 15 ਫਰਵਰੀ ਨੂੰ ਹੋਣੀ ਸੀ ਪਰ ਅੱਜ ਵੀ ਇਸ ਮਾਮਲੇ ਵਿਚ ਸੁਣਵਾਈ ਦੀ ਕਾਰਵਾਈ ਅੱਗੇ ਨਾ ਵਧ ਸਕੀ। ਅਦਾਲਤ ਨੇ ਹੁਣ ਅਗਲੀ ਸੁਣਵਾਈ ਲਈ 9 ਮਾਰਚ ਦੀ ਤਰੀਕ ਮਿੱਥੀ ਹੈ ਤੇ ਤਾਕੀਦ ਜਾਰੀ ਕੀਤੀ ਹੈ ਕਿ ਇਸ ਦਿਨ ਰਹਿੰਦੇ ਸਾਰੇ ਗਵਾਹ ਪੇਸ਼ ਕੀਤੇ ਜਾਣ। ਇਸ ਕੇਸ ਦੀ ਕਾਰਵਾਈ ਹੁਣ ਤੱਕ ਬਹੁਤ ਹੀ ਨਾਟਕੀ ਢੰਗ ਨਾਲ ਬਦਲਦੀ ਰਹੀ ਹੈ। ਇਸ ਮਾਮਲੇ ਵਿਚ ਮ੍ਰਿਤਕ ਲਿੱਲੀ ਸ਼ਰਮਾ ਪਟਵਾਰੀ ਜੋ ਕਿ ਡੇਰਾ ਸਿਰਸਾ ਦਾ ਮਾਨਸਾ ਦਾ ਪ੍ਰਮੁੱਖ ਕਾਰਕੁੰਨ ਸੀ, ਦੇ ਭਰਾ ਨੇ ਦਾਅਵਾ ਕੀਤਾ ਸੀ ਕਿ ਉਹ ਮੌਕੇ ਦਾ ਚਸ਼ਮਦੀਦ ਗਵਾਹ ਹੈ। ਉਸ ਨੇ ਹੀ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਖਿਲਾਫ ਉਨ੍ਹਾਂ ਦੇ ਨਾਂ ਲਿਖਵਾ ਕੇ ਐਫ. ਆਈ. ਆਰ ਦਰਜ ਕਰਵਾਈ ਸੀ, ਪਰ ਪੁਲਿਸ ਨੇ ਬਾਅਦ ਵਿਚ ਬਾਦਲ ਸਰਕਾਰ ਦੇ ਸਿਆਸੀ ਦਬਾਅ ਹੇਠ ਪੰਚ ਪ੍ਰਧਾਨੀ ਦੇ ਆਗੂਆਂ ਨੂੰ ਇਸ ਮਾਮਲੇ ਵਿਚ ਲਪੇਟਣਾ ਸ਼ੁਰੂ ਕਰ ਦਿੱਤਾ। ਹੁਣ ਹਾਲਤ ਇਹ ਬਣੀ ਹੋਈ ਹੈ ਕਿ ਚਸ਼ਮਦੀਦ ਗਵਾਹ ਤੇ ਮ੍ਰਿਤਕ ਦਾ ਭਰਾ ਇਹ ਬਿਆਨ ਦਰਜ਼ ਕਰਵਾ ਰਿਹਾ ਹੈ ਕਿ ਲਿੱਲੀ ਕੁਮਾਰ ਦਾ ਕਤਲ ਉਸ ਨੇ ਆਪਣੀ ਅੱਖੀ ਦੇਖਿਆ ਹੈ ਤੇ ਇਹ ਕਤਲ ਪੰਚ ਪ੍ਰਧਾਨੀ ਨਾਲ ਸੰਬੰਧਤ ਵਿਅਕਤੀਆਂ ਨੇ ਨਹੀਂ ਬਲਕਿ ਹੋਰਨਾਂ ਨੇ ਕੀਤਾ ਹੈ ਜਿਨ੍ਹਾਂ ਦੇ ਨਾਂ ਉਸ ਨੇ ਐਫ. ਆਈ. ਆਰ ਵਿਚ ਹੀ ਲਿਖਵਾ ਦਿੱਤੇ ਸਨ। ਪਰ ਪੁਲਿਸ ਕਹਿ ਰਹੀ ਹੈ ਕਿ ਇਸ ਕਤਲ ਲਈ ਪੰਚ ਪ੍ਰਧਾਨੀ ਦੇ ਆਗੂ ਦੋਸ਼ੀ ਹਨ ਤੇ ਗਵਾਹ ਦਬਾਅ ਕਾਰਨ ਸਹੀ ਗਵਾਹੀ ਨਹੀਂ ਦੇ ਰਿਹਾ। ਪਰ ਗਵਾਹ ਹਾਈ ਕੋਰਟ ਤੱਕ ਇਹ ਹਲਫੀਆ ਬਿਆਨ ਦੇ ਚੁੱਕਾ ਹੈ ਕਿ ਪੁਲਿਸ ਉਸ ਉੱਤੇ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਤੇ ਸਾਥੀਆਂ ਖਿਲਾਫ ਝੂਠੀ ਗਵਾਹੀ ਦੇਣ ਲਈ ਦਬਾਅ ਪਾ ਰਹੀ ਹੈ। ਇਸ ਕਸ਼ਮਕਸ਼ ਦੌਰਾਨ ਕਈ ਜੱਜ ਤਬਦੀਲ ਕੀਤੇ ਜਾ ਚੁੱਕੇ ਹਨ ਤੇ ਤਿੰਨ ਵਾਰ ਪੂਰੀਆਂ ਹੋਈਆਂ ਗਵਾਹੀਆਂ ਪੁਲਿਸ ਰੱਦ ਕਰਵਾ ਚੁੱਕੀ ਹੈ। ਹੁਣ ਬਲੀ ਸਿੰਘ ਨੇ ਮੁੜ ਆਪਣੀ ਗਵਾਹੀ ਦਰਜ ਕਰਵਾਈ ਹੈ ਪਰ ਪਿਛਲੀ ਪੇਸ਼ੀ ਉੱਤੇ ਉਸ ਦੀ ਗੈਰ-ਹਾਜ਼ਰੀ ਕਾਰਨ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਮੁਕਦਮੇਂ ਦੀ ਕਾਰਵਾਈ ਕਾਨੂੰਨ ਦੀ ਸਿਆਸੀ ਮਨੋਰਥਾਂ ਲਈ ਕੀਤੀ ਜਾ ਰਹੀ ਦੁਰਵਰਤੋਂ ਦੀ ਪ੍ਰਤੱਖ ਮਿਸਾਲ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: