ਮਹੇਸ਼ ਕੁਮਾਰ ਝਾਅ ਦਾ ਪੁਰਾਣਾ ਡਰਾਈਵਰ ਪੂਰਨ ਸਿੰਘ; ਨਾਲ ਮਹੇਸ਼ ਕੁਮਾਰ ਝਾਅ ਉਰਫ ਆਸ਼ੂਤੋਸ਼ ਦਾ ਪੁੱਤਰ ਦਿਲੀਪ ਕੁਮਾਰ ਝਾਅ ਆਪਣੇ ਪੁੱਤਰ ਹੋਣ ਦੇ ਸਬੂਤ ਪੇਸ਼ ਕਰਦਾ ਹੋਇਆ

ਆਮ ਖਬਰਾਂ

ਆਸ਼ੂਤੋਸ਼ ਦੀ ਲਾਸ਼ ਢਾਈ ਸਾਲਾਂ ਤੋਂ ਫਰੀਜ਼ਰ ‘ਚ: ਹਾਈਕੋਰਟ ਨੇ 16 ਸਤੰਬਰ ਨੂੰ ਸਰਕਾਰ ਤੋਂ ਰਿਪੋਰਟ ਮੰਗੀ

By ਸਿੱਖ ਸਿਆਸਤ ਬਿਊਰੋ

August 03, 2016

ਚੰਡੀਗੜ੍ਹ: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ੂਤੋਸ਼ ਦੀ ‘ਸਮਾਧੀ’ ਮਾਮਲੇ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੂਰੇ ਮਾਮਲੇ ਦੀ ਰਿਪੋਰਟ 16 ਸਤੰਬਰ ਨੂੰ ਪੇਸ਼ ਕਰਨ ਲਈ ਆਖਿਆ ਹੈ। ਇਸ ਤੋਂ ਪਹਿਲਾਂ ਸੁਣਵਾਈ ਕਰਦੇ ਹੋਏ ਅਦਾਲਤ ਨੇ ਸਾਰੇ ਪੱਖਾਂ ਨੂੰ ਇਸ ਮੁੱਦੇ ਦਾ ਹੱਲ ਆਪਸੀ ਸਹਿਮਤੀ ਨਾਲ ਕੱਢਣ ਲਈ ਵੀ ਆਖਿਆ। ਅਸਲ ਵਿਚ ਡਾਕਟਰ ਆਸ਼ੂਤੋਸ਼ ਨੂੰ ਕਲੀਨੀਕਲੀ ਡੈੱਡ ਐਲਾਨ ਚੁੱਕੇ ਹਨ, ਪਰ ਆਸ਼ੂਤੋਸ਼ ਦੇ ਭਗਤਾਂ ਅਨੁਸਾਰ ਉਹ ਸਮਾਧੀ ਵਿਚ ਹੈ। ਡਾਕਟਰਾਂ ਵੱਲੋਂ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਉਸ ਦੇ ਭਗਤਾਂ ਨੇ ਉਸ ਨੂੰ 29 ਜਨਵਰੀ, 2014 ਤੋਂ ਫਰੀਜ਼ਰ ਵਿਚ ਰੱਖਿਆ ਹੋਇਆ ਹੈ। ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਉਸ ਦੇ ਸਸਕਾਰ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਬਿਹਾਰ ਦੇ ਦਰਬੰਗਾ ਦਾ ਰਹਿਣ ਵਾਲਾ ਸੀ। ਪਹਿਲਾਂ ਉਹ ਦਿੱਲੀ ਦੇ ਕਿਸੇ ਸੰਸਥਾਨ ਨਾਲ ਜੁੜਿਆ ਹੋਇਆ ਸੀ, ਉਥੋਂ ਜਦੋਂ ਉਸ ਨੂੰ ਕੱਢ ਦਿੱਤਾ ਗਿਆ ਤਾਂ ਉਸਨੇ ਆਪਣਾ ਨਵਾਂ ਟਿਕਾਣਾ ਪਟਿਆਲਾ ਨੂੰ ਬਣਾਇਆ, ਫਿਰ ਨੂਰਮਹਿਲ (ਜਲੰਧਰ) ਨੂੰ। ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾ ਹੈ। ਇਸਦੀ ਮੌਤ ਤੋਂ ਬਾਅਦ ਇਸਦਾ ਪੁੱਤਰ ਵੀ ਸਾਹਮਣੇ ਆਇਆ। ਪਰ ਰਾਜਨੀਤਕ ਪੁਸ਼ਤਪਨਾਹੀ ਅਤੇ ਹੋਰ ਕਾਰਨਾਂ ਕਰਕੇ ਇਸਦੇ ਪੁੱਤਰ ਦਿਲੀਪ ਕੁਮਾਰ ਝਾਅ ਨੂੰ ਇਸਦੀ ਲਾਸ਼ ਨਹੀਂ ਸੌਂਪੀ ਗਈ। ਹੁਣ ਪਿਛਲੇ ਢਾਈ ਸਾਲਾਂ ਤੋਂ ਮਹੇਸ਼ ਕੁਮਾਰ ਝਾਅ ਉਰਫ ਆਸ਼ੂਤੋਸ਼ ਦੀ ਲਾਸ਼ ਨੂੰ ਉਸਦੇ ਚੇਲਿਆਂ ਨੇ ਫਰੀਜ਼ਰ ਵਿਚ ਰੱਖਿਆ ਹੋਇਆ ਹੈ। ਸਿਆਸਤ ਅਤੇ ਸੰਘ ਪਰਿਵਾਰ ਦੇ ਸਮਰਥਨ ਕਰਕੇ ਇਸ ਮਸਲੇ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਪਿਛਲੇ ਸਮੇਂ ਦੌਰਾਨ ਆਸ਼ੂਤੋਸ਼ ਦੇ ਚੇਲਿਆਂ ਅਤੇ ਸਿੱਖਾਂ ਵਿਚਕਾਰ ਕਈ ਵਾਰ ਝੜਪਾਂ ਵੀ ਹੋਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: