ਤਰਨਤਾਰਨ / ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕੱਤਰਤਾ ਵਿੱਚ ਖਾਲੜਾ ਮਿਸ਼ਨ ਦੇ ਸੀਨੀਅਰ ਆਗੂ ਚਮਨ ਲਾਲ ਦੇ ਅਕਾਲ ਚਲਾਣੇ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਚਮਨ ਲਾਲ ਦੀ ਮੌਤ ਨਾਲ ਜਥੇਬੰਦੀ ਨੂੰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ੍ਰੀ ਚਮਨ ਲਾਲ ਤਰਨ ਤਾਰਨ ਗੁਲਸ਼ਨ ਕੁਮਾਰ ਦੇ ਪਿਤਾ ਸਨ ਜਿਨ੍ਹਾਂ ਨੂੰ ਤਰਨ ਤਾਰਨ ਦੀ ਪੁਲਿਸ ਜਿਸ ਦੀ ਅਗਵਾਈ ਡੀ.ਐਸ.ਪੀ. ਦਿਲਬਾਗ ਸਿੰਘ ਕਰ ਰਿਹਾ ਸੀ ਨੇ 21/06/1993 ਨੂੰ ਘਰੋਂ ਚੁੱਕ ਕੇ ਮਹੀਨਾ ਭਰ ਤਸ਼ੱਦਦ ਢਾਹੁਣ ਤੋਂ ਬਾਅਦ 22/07/1993 ਨੂੰ ਤਿੰਨ ਹੋਰਨਾਂ ਨਾਲ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ।
ਸ੍ਰੀ ਚਮਨ ਲਾਲ ਦਾ ਸੰਸਕਾਰ ਤਰਨ ਤਾਰਨ ਦੀ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਜਿੱਥੇ ਪ੍ਰੀਵਾਰਕ ਮੈਂਬਰਾਂ ਤੋਂ ਬਿਨਾਂ ਖਾਲੜਾ ਮਿਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਭਾਈ ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਪਲਾਸੌਰ, ਹਰਮਨਦੀਪ ਸਿੰਘ ਸਰਹਾਲੀ, ਭਾਈ ਜੋਗਿੰਦਰ ਸਿੰਘ ਫੌਜੀ, ਬਾਬਾ ਦਰਸ਼ਨ ਸਿੰਘ, ਕਾਬਲ ਸਿੰਘ ਜੋਧਪੁਰ, ਸੇਵਾ ਸਿੰਘ ਦੇਊ, ਬਲਕਾਰ ਸਿੰਘ ਕੱਦਗਿੱਲ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਸਨ।
ਸ੍ਰੀ ਚਮਨ ਲਾਲ ਨੇ ਆਪਣੇ ਪੁੱਤਰ ਦੇ ਝੂਠੇ ਮੁਕਾਬਲੇ ਦਾ ਨਿਆਂ ਲੈਣ ਖਾਤਰ ਤਰਨ ਤਾਰਨ ਤੋਂ ਲੈ ਕੇ ਪਟਿਆਲਾ, ਚੰਡੀਗੜ੍ਹ ਅਤੇ ਦਿੱਲੀ ਤੱਕ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਦਾਲਤਾਂ ਦੇ ਚੱਕਰ ਲਗਾਏ ਪਰ ਜਿਉਂਦੇ ਜੀਅ ਨਿਆਂ ਫਿਰ ਵੀ ਨਾ ਮਿਲਿਆ। ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਚਮਨ ਲਾਲ ਦੇ ਪੁੱਤਰ ਦੇ ਕੇਸ ਉੱਪਰ 13 ਸਾਲਾਂ ਬਾਅਦ ਸਟੇਅ ਖਤਮ ਕੀਤਾ ਸੀ ਅਤੇ ਅਦਾਲਤ ਨੇ ਪੁਲਿਸ ਅਧਿਕਾਰੀਆਂ ਤੇ ਕੇਸ ਚਲਾਉਣ ਦੀ ਆਗਿਆ ਦਿੱਤੀ ਸੀ।
ਪਟਿਆਲਾ ਵਿਖੇ ਕਲ 02/07/2016 ਨੂੰ ਕੇਸ ਦੀ ਸੁਣਵਾਈ ਸੀ। ਚਮਨ ਲਾਲ 100 ਸਾਲ ਦੀ ਪੂਰੀ ਉਮਰ ਜ਼ੁਲਮ ਤੇ ਲੋਟੂਆਂ ਦੇ ਖਿਲਾਫ ਸੰਘਰਸ਼ ਕਰਦਾ ਰਿਹਾ, ਨਾ ਉਹ ਅੱਕਿਆ, ਨਾ ਉਹ ਥੱਕਿਆ ਤੇ ਨਾ ਝੁਕਿਆ। ਰੇਹੜੀ ਲਾਕੇ ਪ੍ਰੀਵਾਰ ਪਾਲਣ ਵਾਲੇ ਚਮਨ ਲਾਲ ਨੂੰ 1947 ਤੋਂ ਬਾਅਦ ਪਟਵਾਰੀ ਦੀ ਨੌਕਰੀ ਮਿਲੀ ਜੋ ਰਾਸ ਨਾ ਆਈ ਅਤੇ ਪੰਜ ਸਾਲ ਬਾਅਦ ਨੌਕਰੀ ਛੱਡ ਦਿੱਤੀ। 1947 ਦੀ ਵੰਡ ਦਾ ਚਮਨ ਲਾਲ ਡਟ ਕੇ ਵਿਰੋਧ ਕਰਦਾ ਸੀ ਕਿਉਂ ਕਿ ਵੰਡ ਸਮੇਂ ਉਸ ਦੇ 31 ਜੀਅ ਮਾਰੇ ਗਏ ਸਨ। 1993 ਵਿੱਚ ਪੁੱਤਰ ਦੀ ਝੂਠੇ ਮੁਕਾਬਲੇ ਵਿੱਚ ਮੌਤ ਨੇ ਚਮਨ ਲਾਲ ਨੂੰ ਬੁਰੀ ਤਰ੍ਹਾਂ ਝੰਜੋੜਿਆ। ਉਹ ਮੌਜੂਦਾ ਜ਼ੁਲਮੀ ਰਾਜ ਨਾਲੋਂ ਅੰਗਰੇਜ਼ ਦੇ ਰਾਜ ਨੂੰ ਵਡਿਆਉਂਦਾ ਕਹਿੰਦਾ ਸੀ ਕਿ ਅੰਗਰੇਜ਼ ਦਾ ਰਾਜ ਹੁੰਦਾ ਤਾਂ ਝੂਠੇ ਮੁਕਾਬਲਿਆਂ ਦਾ ਨਿਆਂ ਮਿਲਿਆ ਹੁੰਦਾ।
ਆਖਰੀ ਸਮੇਂ ਉਸ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਘਰ ਜਾਣ ਬਾਰੇ ਗੁੱਸੇ ਵਿੱਚ ਕਿਹਾ ਕਿ ਬਾਦਲ ਸਿੱਖ ਨਹੀਂ ਹੋ ਸਕਦਾ ਜਿਹੜਾ ਕੇ.ਪੀ.ਐਸ ਗਿੱਲ ਤੇ ਬੇਅੰਤ ਸਿੰਘ ਦੇ ਘਰ ਤਾਂ ਜਾਂਦਾ ਹੈ ਪਰ ਝੂਠੇ ਮੁਕਾਬਲਿਆਂ ਵਾਲਿਆਂ ਦੇ ਘਰੀ ਨਹੀਂ ਜਾਂਦਾ।
ਚਮਨ ਲਾਲ ਆਪਣੇ ਪੁੱਤਰ ਦੇ ਲਾਪਤਾ ਕੀਤੇ ਜਾਣ ਬਾਰੇ ਦੱਸਦਾ ਹੋਇਆ:
ਬਾਪੂ ਚਮਨ ਲਾਲ ਦੀ ਇਹ ਵੀਡੀਓ 25 ਨਵੰਬਰ 2012 ਨੂੰ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰੋਗਰਾਮ ਵਿਚ ਰਿਕਾਰਡ ਕੀਤੀ ਗਈ ਸੀ। ਵੀਡੀਓ ਦੀ ਮਾੜੀ ਕੁਆਲਿਟੀ ਲਈ ਅਦਾਰਾ ਸਿੱਖ ਸਿਆਸਤ ਖਿਮਾ ਚਾਹੁੰਦਾ ਹੈ।