ਨਵਦੀਪ ਗੋਲਡੀ ਵਲੋਂ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵੇਲੇ ਦੀ ਤਸਵੀਰ

ਸਿਆਸੀ ਖਬਰਾਂ

ਅੰਮ੍ਰਿਤਸਰ ਨਗਰ ਨਿਗਮ ਦੀ ‘ਵਿਕਾਸ ਮੀਟਿੰਗ’ ਵਿੱਚ ਹੰਗਾਮਾ, ਅਕਾਲੀ ਆਗੂ ਗਨਮੈਨ ਦੀ ਸੰਤਾਲੀ ਸਮੇਤ ਫਰਾਰ

By ਸਿੱਖ ਸਿਆਸਤ ਬਿਊਰੋ

August 05, 2016

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਅਕਾਲੀ-ਭਾਜਪਾ ਗਠਜੋੜ ਵਾਲੇ ਨਗਰ ਨਿਗਮ ਦੀ ਵਿਕਾਸ ਮੀਟਿੰਗ ਅੱਜ ਉਸ ਵੇਲੇ ਲੜਾਈ ਦੇ ਮੈਦਾਨ ਦਾ ਰੂਪ ਧਾਰਣ ਕਰ ਗਈ ਜਦੋਂ ਵਿਕਾਸ ਨੂੰ ਲੈਕੇ ਸਾਬਕਾ ਕਾਂਗਰਸੀ ਕੌਂਸਲਰ ਤੋਂ ਸੀਨੀਅਰ ਅਕਾਲੀ ਆਗੂ ਬਣੇ ਨਵਦੀਪ ਸਿੰਘ ਗੋਲਡੀ ਅਤੇ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦਰਮਿਆਨ ਹੋਈ ਤਲਖ-ਕਲਾਮੀ ਨੇ ਮਾਰਕੁੱਟ ਅਤੇ ਦਸਤਾਰ ਲਾਹੇ ਜਾਣ ਤੀਕ ਦੀ ਨੌਬਤ ਲੈ ਆਂਦੀ।

ਪ੍ਰਾਪਤ ਜਾਣਕਾਰੀ ਅਨੁਸਾਰ ਆਉਂਦੀਆਂ ਚੋਣਾਂ ਅਤੇ ਵਿਸ਼ੇਸ਼ ਕਰਕੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਨਗਰ ਨਿਗਮ ਦੇ ਕੌਂਸਲਰਾਂ ਅਤੇ ਵਿਕਾਸ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਕਮਿਸ਼ਨਰ ਨਗਰ ਨਿਗਮ, ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਬੈਠੇ ਹੋਏ ਸਨ। ਜਿਉਂ ਹੀ ਮੇਅਰ ਅਰੋੜਾ ਨੇ ਵੱਖ-ਵੱਖ ਵਾਰਡਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਰਿਪੋਰਟ ਪੜ੍ਹਨੀ ਸ਼ੁਰੂ ਕੀਤੀ ਤਾਂ ਉਥੇ ਮੌਜੂਦ ਨਵਦੀਪ ਗੋਲਡੀ ਨੇ ਕੁਝ ਹਲਕਿਆਂ ਨੂੰ ਵੀ ਵਿਕਾਸ ਕਾਰਜਾਂ ਵਿੱਚ ਸ਼ਾਮਿਲ ਕਰਨ ਦੀ ਗੱਲ ਕਹਿ ਦਿੱਤੀ।

ਮੇਅਰ ਨਗਰ ਨਿਗਮ ਨੇ ਬਾਰ-ਬਾਰ ਗੋਲਡੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਸ਼ੁਰੂ ਕੀਤੇ ਹੋਏ ਵਿਕਾਸ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹ ਲਿਆ ਜਾਵੇ ਫਿਰ ਹੀ ਦੁਸਰੇ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਸਹੀ ਰਹੇਗਾ। ਦੱਸਿਆ ਗਿਆ ਹੈ ਕਿ ਮੀਟਿੰਗ ਵਿੱਚ ਚੱਲ ਰਹੇ ਇਸ ਸ਼ਬਦੀ ਵਿਕਾਸ ਦੌਰਾਨ ਹੀ ਨਵਦੀਪ ਗੋਲਡੀ ਨੇ ਕਿਸੇ ਗੱਲੋਂ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਨੂੰ ਗਾਲ੍ਹ ਕੱਢ ਦਿੱਤੀ ਜਿਸਤੇ ਟਰੱਕਾਂ ਵਾਲੇ ਨੇ ਗੋਲਡੀ ਦਾ ਕੁਟਾਪਾ ਚਾੜ੍ਹ ਦਿੱਤਾ। ਗੋਲਡੀ ਹਾਲ ਦੇ ਬਾਹਰ ਆਏ ਤਾਂ ਕਿਸੇ ਵਾਕਫਕਾਰ ਨੇ ਨੱਕ ਵਿੱਚੋਂ ਨਿਕਲ ਰਹੇ ਖੂਨ ਬਾਰੇ ਦੱਸਿਆ। ਇਸ ਵਾਰ ਗੋਲਡੀ ਐਨੇ ਤੈਸ਼ ਵਿੱਚ ਆਏ ਕਿ ਆਪਣੇ ਸਰਕਾਰੀ ਗਨਮੈਨ ਦੀ ਏ.ਕੇ. ਸੰਤਾਲੀ ਲੈਕੇ ਹਾਲ ਅੰਦਰ ਦਾਖਲ ਹੋਏ ਅਤੇ ਆਉਂਦਿਆਂ ਹੀ ਸੀਟ ਤੇ ਬੈਠੇ ਟਰੱਕਾਂਵਾਲੇ ਦੀ ਦਸਤਾਰ ਉਛਾਲ ਦਿੱਤੀ।

ਗੋਲਡੀ ਨੇ ਸੰਤਾਲੀ ਵੀ ਸੀਨੀਅਰ ਡਿਪਟੀ ਮੇਅਰ ਵੱਲ ਤਾਣ ਦਿੱਤੀ। ਉੱਧਰ ਟਰੱਕਾਂ ਵਾਲੇ ਨੇ ਵੀ ਗੋਲਡੀ ਨੰ ਗੋਲੀ ਮਾਰਨ ਲਈ ਵੰਗਾਰਿਆ। ਲੇਕਿਨ ਇਸ ਸਮੇਂ ਤੀਕ ਮੀਟਿੰਗ ਵਿੱਚ ਸ਼ਾਮਿਲ ਹਰ ਸ਼ਖਸ ਹਰਕਤ ਵਿੱਚ ਆ ਚੁੱਕਾ ਸੀ। ਗੋਲਡੀ ਨੇ ਗਨਮੈਨ ਦੀ ਸੰਤਾਲੀ ਸੰਭਾਲੀ ’ਤੇ ਮੌਕੇ ਤੋਂ ਖਿਸਕ ਗਏ। ਦੇਰ ਸ਼ਾਮ ਤੀਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਅਕਾਲੀ ਆਗੂ ਅੱਜ ਦੀ ‘ਵਿਕਾਸ ਮੀਟਿੰਗ’ ਬਾਰੇ ਮੂੰਹ ਖੋਹਲਣ ਲਈ ਤਿਆਰ ਨਹੀਂ ਹੋਇਆ। ਕਮਿਸ਼ਨਰ ਪੁਲਿਸ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਗੰਨਮੈਨ ਦੀ ਸੰਤਾਲੀ ਖੋਹ ਕੇ ਭੱਜੇ ਨਵਦੀਪ ਗੋਲਡੀ ਦੀ ਭਾਲ ਜਾਰੀ ਹੈ।

ਜ਼ਿਕਰਯੋਗ ਹੈ ਕਿ ਗੋਲਡੀ ਦੀ ਕੌਂਸਲਰ ਚੋਣ ਵੇਲੇ ਸਾਲ 2008 ਵਿਚ ਵੀ ਗੋਲੀ ਚੱਲੀ ਸੀ। ਉਹ ਕਾਂਗਰਸ ਨਾਲ ਜੁੜੇ ਰਹੇ ਹਨ ਲੇਕਿਨ ਆਪਣੀ ਡੀ.ਟੀ.ਓ.ਧਰਮ ਪਤਨੀ ਦੀ ਜ਼ਿਲ੍ਹੇ ਤੋਂ ਕਿਸੇ ਸੰਭਾਵੀ ਤਬਦੀਲੀ ਨੂੰ ਰੋਕਣ ਲਈ ਅਕਾਲੀ ਦਲ ਵਿਚ ਸ਼ਾਮਿਲ ਹੋਏ ਦੱਸੇ ਜਾਂਦੇ ਹਨ।

ਖਬਰ ਲਿਖੇ ਜਾਣ ਤਕ ਇਹ ਜਾਣਕਾਰੀ ਵੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਵਦੀਪ ਸਿੰਘ ਗੋਲਡੀ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੋਲਡੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ’ਚੋਂ ਮੁਅੱਤਲ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: