ਸੁਖਬੀਰ ਬਾਦਲ ਨੇ ਆਪਣੇ ਚਹੇਤੇ ਗੋਬਿੰਦ ਸਿੰਘ ਲੋਂਗੋਵਾਲ ਨੂੰ ਕਮੇਟੀ ਪ੍ਰਧਾਨ ਬਣੇ ਰਹਿਣ ਦੀ ਦਿੱਤੀ ਇਜਾਜਤ

ਖਾਸ ਖਬਰਾਂ

ਅੱਜ ਸ਼੍ਰੋ.ਗੁ.ਪ੍ਰ.ਕ ਦੇ ਜਨਰਲ ਇਜਲਾਸ ਵਿੱਚ ਕਿਵੇਂ ਹੋਈ ਪ੍ਰਧਾਨ ਦੀ ਚੋਣ ? ਪੜ੍ਹੋ

By ਸਿੱਖ ਸਿਆਸਤ ਬਿਊਰੋ

November 13, 2018

ਸ੍ਰੀ ਅੰਮ੍ਰਿਤਸਰ ਸਾਹਿਬ : (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਕਮੇਟੀ ਦੇ ਅੱਜ ਇਥੇ ਹੋਏ ਜਨਰਲ ਅਜਲਾਸ ਦੌਰਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਲਗਾਤਾਰ ਦੂਸਰੀ ਵਾਰ ਕਮੇਟੀ ਪ੍ਰਧਾਨ ਚੁਣ ਲਿਆ ਗਿਆ।ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਅਤੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ ਵੀ ਲਗਾਤਾਰ ਦੂਸਰੀ ਵਾਰ, ਚੁਣੇ ਜਾਣ ਵਾਲੇ ਕਮੇਟੀ ਅਹੁਦੇਦਾਰ ਬਣੇ । ਕਾਰਜਕਾਰਣੀ ਦੇ ਇੱਕ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇ ਵਾਲਾ ਵੀ ਦੂਸਰੀ ਵਾਰ ਕਾਰਜਕਾਰਣੀ ਵਿੱਚ ਸ਼ਾਮਿਲ ਕੀਤੇ ਗਏ।ਲੁਧਿਆਣਾ ਤੋਂ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਤੇ ਮਹਿੰਦਰ ਸਿੰਘ ਹੁਸੈਨਪੁਰ ਉਸ ਵੇਲੇ ਰੋਸ ਵਜੋਂ ਜਨਰਲ ਅਜਲਾਸ ਵਿੱਚੋਂ ਵਾਕ ਆਊਟ ਕਰ ਗਏ ਜਦੋਂ ਕਮੇਟੀ ਪ੍ਰਧਾਨ ਨੇ ਉਨ੍ਹਾਂ ਵਲੋਂ ਬੇਅਦਬੀ ਮੁੱਦੇ ‘ਤੇ ਬਹਿਸ ਕਰਵਾਏ ਜਾਣ ਦੀ ਮੰਗ ਨੂੰ ਸੁਣਨਾ ਵੀ ਜਰੂਰੀ ਨਾ ਸਮਝਿਆ।

ਪੰਥਕ ਫਰੰਟ ਨਾਲ ਸਬੰਧਤ ਕਮੇਟੀ ਮੈਂਬਰਾਾਂ ਨੇ ਜਨਰਲ ਅਜਲਾਸ ਤੋਂ ਦੂਰੀ ਹੀ ਬਣਾਈ ਰੱਖੀ।ਤੈਅ ਸ਼ੂਦਾ ਪ੍ਰੋਗਰਾਮ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਅਜਲਾਸ ਬਾਅਦ ਦੁਪਿਹਰ ਇੱਕ ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਗਿਆਨੀ ਰਘਬੀਰ ਸਿੰਘ ਵਲੋ ਅਰਦਾਸ ਕਰਨ ਨਾਲ ਹੋਇਆ।ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਲਿਆ।ਉਪਰੰਤ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ.ਰੂਪ ਸਿੰਘ ਨੇ ਜਨਰਲ ਅਜਲਾਸ ਬੁਲਾਏ ਜਾਣ ਸੰਬੰਧੀ ਕਮੇਟੀ ਪ੍ਰਧਾਨ ਦੇ ਹੁਕਮ ਅਤੇ ਮਕਸਦ ਵਾਲੀ ਚਿੱਠੀ ਪੜ੍ਹਕੇ ਸੁਣਾਈ।ਇਸੇ ਦੌਰਾਨ ਹੀ ਲੁਧਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੇ ਸ਼੍ਰੋਮਣੀ ਕਮੇਟੀ ਵਲੋਂ ਜਨਰਲ ਹਾਊਸ ਬੁਲਾਕੇ ਖੁੱਲੀ ਬਹਿਸ ਹੋਣੀ ਚਾਹੀਦੀ ਹੈ ।ਉਧਰ ਹਾਊਸ ਦੀ ਪ੍ਰਧਾਨਗੀ ਕਰ ਰਹੇ ਗੋਬਿੰਦ ਸਿੰਘ ਲੋਂਗੋਵਾਲ ਨੇ ਸ਼੍ਰੌਮਣੀ ਕਮੇਟੀ ਪ੍ਰਧਾਨ ਦੀ ਚੋਣ ਦੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ।ਕੋਈ ਸੁਣਵਾਈ ਨਾ ਹੋਣ ਕਾਰਣ ਨਾਰਾਜ ਹੋਏ ਸ.ਬੈਂਸ ਹਾਊਸ ‘ਚੋਂ ਵਾਕ ਆਊਟ ਕਰ ਗਏ।ਨਵੇਂ ਕਮੇਟੀ ਪ੍ਰਧਾਨ ਦਾ ਨਾਮ ਪੇਸ਼ ਕਰਦਿਆਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੋਂਗੋਵਾਲ ਦਾ ਨਾਮ ਪੇਸ਼ ਕੀਤਾ ਜਿਸਦੀ ਤਾਈਦ, ਸਾਬਕਾ ਪਰਧਾਨ ਅਵਤਾਰ ਸਿੰਘ ਮੱਕੜ ਤੇ ਤਾਈਦ ਮਾਜੀਦ ਅਲਵਿੰਦਰ ਪਾਲ ਸਿੰਘ ਪਖੋਕੇ ਨੇ ਕੀਤੀ।ਕੋਈ ਹੋਰ ਨਾਮ ਸਾਹਮਣੇ ਨਾ ਆਣ ਤੇ ਗੋਬਿੰਦ ਸਿੰਘ ਲੋਂਗੋਵਾਲ ਨੂੰ ਜੈਕਾਰਿਆਂ ਦੀ ਗੂੰਜ ਦਰਮਿਆਨ ਪਰਧਾਨ ਐਲ਼ਾਨ ਦਿੱਤਾ ਗਿਆ।ਸੀਨੀਅਰ ਮੀਤ ਪਰਧਾਨ ਦੇ ਅਹੁਦੇ ਲਈ ਰਘੁਜੀਤ ਸਿੰਘ ਵਿਰਕ ਦਾ ਨਾਮ ਗੁਰਮੇਜ ਸਿੰਘ ਨੇ ਪੇਸ਼ ਕੀਤਾ,ਤਾਈਦ ਗੁਰਵਿੰਦਰ ਪਾਲ ਸਿੰਘ ਗੋਰਾ ਨੇ ਕੀਤੀ ਤੇ ਤਾਈਦ ਮਾਜੀਦ ਨਵਤੇਜ ਸਿੰਘ ਕਾਉਣੀ ਨੇ ਕੀਤੀ ।ਜੂਨੀਅਰ ਮੀਤ ਪ੍ਰਧਾਨ ਵਜੋਂ ਸ. ਬਿੱਕਰ ਸਿੰਘ ਚੰਨੋ ਨੂੰ ਚੁਣਿਆ ਗਿਆ।ਉਨ੍ਹਾਂ ਦਾ ਨਾਮ ਸ. ਗੁਰਪ੍ਰੀਤ ਸਿੰਘ ਝੱਬਰ ਨੇ ਪੇਸ਼ ਕੀਤਾ, ਤਈਦ ਮਜੀਦ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਪਦ ਲਈ ਸ. ਗੁਰਬਚਨ ਸਿੰਘ ਕਰਮੂੰਵਾਲਾ ਚੁਣੇ ਗਏ। ਉਨ੍ਹਾਂ ਦਾ ਨਾਮ ਭਾਈ ਮਨਜੀਤ ਸਿੰਘ ਨੇ ਪੇਸ਼ ਕੀਤਾ, ਤਾਈਦ ਗੁਰਮੇਲ ਸਿੰਘ ਸੰਗਤਪੁਰਾ ਤਾਈਦ ਮਜੀਦ ਪ੍ਰੀਤਮ ਸਿੰਘ ਮਲਸੀਆਂ ਨੇ ਕੀਤੀ। ਇਸ ਉਪਰੰਤ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਵਾਨਗੀ ’ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦਾ ਨਾਂ ਪੇਸ਼ ਕੀਤਾ, ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਪ੍ਰਵਾਨ ਕੀਤਾ। ਅੰਤ੍ਰਿੰਗ ਕਮੇਟੀ ਦੇ ਚੁਣੇ ਗਏ ਮੈਂਬਰਾਂ ਵਿਚ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਵਿਛੋਆ, ਖੁਸ਼ਵਿੰਦਰ ਸਿੰਘ ਭਾਟੀਆ, ਸ਼ਿੰਗਾਰਾ ਸਿੰਘ ਲੋਹੀਆਂ, ਜਰਨੈਲ ਸਿੰਘ ਕਰਤਾਰਪੁਰ, ਤਾਰਾ ਸਿੰਘ ਸੱਲਾ, ਭੁਪਿੰਦਰ ਸਿੰਘ ਭਲਵਾਨ, ਅਮਰੀਕ ਸਿੰਘ ਕੋਟ ਸ਼ਮੀਰ, ਬੀਬੀ ਜਸਵੀਰ ਕੌਰ ਜੱਫਰਵਾਲ ਤੇ ਜਗਜੀਤ ਸਿੰਘ ਤਲਵੰਡੀ ਨੂੰ ਚੁਣਿਆ ਗਿਆ। ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਨਾਂ ਦੀ ਤਾਈਦ ਗੁਰਿੰਦਰਪਾਲ ਸਿੰਘ ਗੋਰਾ, ਤਾਈਦ ਮਜੀਦ ਸ. ਸੁਰਜੀਤ ਸਿੰਘ ਭਿੱਟੇਵਡ ਨੇ ਕੀਤੀ।

ਇਸ ਉਪਰੰਤ ਗੋਬਿੰਦ ਸਿੰਘ ਲੌਂਗੋਵਾਲ ,ਚੁਣੇ ਗਏ ਹੋਰ ਅਹੁਦੇਦਾਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁਜੇ।ਜਿੱਥੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ। ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗਏ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਮਲਕੀਤ ਸਿੰਘ ਨੇ ਸਾਂਝੇ ਤੌਰ ’ਤੇ ਭਾਈ ਲੌਂਗੋਵਾਲ ਅਤੇ ਹੋਰ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਨਰਲ ਹਾਊਸ ਦੌਰਾਨ ਹਾਜਰ ਸ਼੍ਰੋਮਣੀ ਕਮੇਟੀ ਦੇ 153 ਮੈਂਬਰਾਂ ਵਿਚ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਜਥੇਦਾਰ ਅਵਤਾਰ ਸਿੰਘ ਮੱਕੜ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ. ਅਲਵਿੰਦਰਪਾਲ ਸਿੰਘ ਪੱਖੋਕੇ ਪ੍ਰਮੁਖਤਾ ਨਾਲ ਮੌਜੂਦ ਸਨ।

 

ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ 153 ਮੈਂਬਰਾਂ ਨੇ ਕੀਤੀ ਸ਼ਮੂਲੀਅਤ- ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ 153 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਸਮੇਤ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਮੈਂਬਰੀ ਅੰਤ੍ਰਿੰਗ ਕਮੇਟੀ ਚੁਣੇ ਜਾਣ ਸਮੇਂ ਸਾਰੇ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦੇ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਸਾਰੇ ਅਹੁਦੇਦਾਰਾਂ ਦੀ ਚੋਣ ਸਮੇਂ ਕੋਈ ਵੀ ਹੋਰ ਨਾਂ ਪੇਸ਼ ਨਾ ਹੋਣ ਕਾਰਨ ਸਾਰੀ ਚੋਣ ਪ੍ਰਕਿਿਰਆ ਸਰਬਸੰਮਤੀ ਨਾਲ ਨੇਪਰੇ ਚੜ੍ਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: