ਸਿਆਸੀ ਖਬਰਾਂ

ਫੂਲਕਾ ਵਿਧਾਨ ਸਭਾ ‘ਚ ਜੂਨ 84 ਦੇ ਫੌਜੀ ਹਮਲੇ, ਝੂਠੇ ਮੁਕਾਬਲਿਆਂ ਦੀ ਜਾਂਚ ਦਾ ਮਤਾ ਪੇਸ਼ ਕਰਨ: ਖਾਲੜਾ ਮਿਸ਼ਨ

By ਸਿੱਖ ਸਿਆਸਤ ਬਿਊਰੋ

June 17, 2017

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਸਾਂਝੀ ਮੀਟਿੰਗ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਹਰਵਿੰਦਰ ਸਿੰਘ ਫੂਲਕਾ ਬਤੌਰ ਵਿਰੋਧੀ ਧਿਰ ਦੇ ਆਗੂ ਪੰਜਾਬ ਵਿਧਾਨ ਸਭਾ ਵਿੱਚ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਅਤੇ 25000 ਸਿੱਖਾਂ ਦੇ ਝੂਠੇ ਮੁਕਾਬਲਿਆਂ ਦੀ ਪੜਤਾਲ ਦਾ ਮਤਾ ਲੈ ਕੇ ਆਉਣ।

ਖਾਲੜਾ ਮਿਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਅਤੇ ਕਮੇਟੀ ਆਗੂ ਜਸਬੀਰ ਸਿੰਘ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦੇ ਮੌਕੇ ‘ਤੇ ਫੂਲਕਾ ਨੇ ਗਿੱਲ ਦੇ ਕਾਲੇ ਕਾਰਨਾਮਿਆਂ ਨੂੰ ਨੰਗਿਆ ਤਾਂ ਕੀ ਕਰਨਾ ਸੀ ਸਗੋਂ ਚੁੱਪ ਰਹਿ ਕੇ ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਅਪਰਾਧ ਕੀਤਾ ਹੈ। ਉਨ੍ਹਾਂ ਕਿਹਾ ਕਿ ਫੂਲਕਾ ਨੇ ਬਤੌਰ ਆਮ ਆਦਮੀ ਪਾਰਟੀ ਦੇ ਆਗੂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਨਿੰਦਾ ਨਹੀਂ ਕੀਤੀ ਅਤੇ ਨਾਂ ਹੀ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੁਸ਼ਟਾਂ ਖਿਲਾਫ ਆਵਾਜ਼ ਚੁੱਕੀ ਹੈ।

ਸਬੰਧਤ ਖ਼ਬਰ: ਗਿੱਲ ਨੂੰ ਸ਼ਰਧਾਂਜਲੀ ਦੇਣ ‘ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਕੈਪਟਨ ਦੇ ਨਾਮ ਖੁੱਲੀ ਚਿੱਠੀ …

ਜੱਥੇਬੰਦੀਆਂ ਨੇ ਕਿਹਾ ਕਿ ਫੂਲਕਾ ਨੂੰ ਚਾਹੀਦਾ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਫੌਜੀ ਹਮਲੇ ਸਮੇਂ ਹਜ਼ਾਰਾਂ ਸ਼ਹੀਦਾਂ ਨੂੰ ਅਤੇ ਝੂਠੇ ਮੁਕਾਬਲਿਆਂ ਵਿੱਚ ਜ਼ੁਲਮੀ ਰਾਜ ਦੀ ਭੇਟ ਚੜ੍ਹ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲਾ ਸਰਕਾਰੀ ਅੱਤਵਾਦ ਦੀ ਸਿਖਰ ਸੀ। ਸੰਤ ਭਿੰਡਰਾਂਵਾਲਿਆਂ ਨੂੰ ਭਾਰਤ ਸਰਕਾਰ ਜਾਂ ਭਾਰਤ ਦੀ ਕਿਸੇ ਅਦਾਲਤ ਨੇ ਅੱਤਵਾਦੀ ਕਰਾਰ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ, ਆਰ.ਐਸ.ਐਸ. ਹੀ ਨਹੀਂ ਸਗੋਂ ਬਾਦਲਕੇ ਵੀ ਸੰਤਾਂ ਨਾਲ ਵੈਰ ਕਮਾਉਂਦੇ ਰਹੇ ਅਤੇ ਉਨ੍ਹਾਂ ਨੂੰ ਅੱਤਵਾਦੀ ਦੇ ਤੌਰ ‘ਤੇ ਪ੍ਰਚਾਰਦੇ ਰਹੇ। ਉਨ੍ਹਾਂ ਕਿਹਾ ਕਿ ਗੁਰਾਂ ਦੇ ਨਾਮ ‘ਤੇ ਵੱਸਦਾ ਪੰਜਾਬ ਧਰਮ ਨਿਰਪੱਖਤਾ ਅਤੇ ਝੂਠੇ ਇਨਕਲਾਬੀ ਨਾਅਰਿਆਂ ਹੇਠ ਕਾਤਲਾਂ ਦੀ ਸਰਪ੍ਰਸਤੀ ਬਰਦਾਸ਼ਤ ਨਹੀਂ ਕਰ ਸਕਦਾ।

ਸਬੰਧਤ ਖ਼ਬਰ: ਪੰਜਾਬ ਵਿਧਾਨ ਸਭਾ ‘ਚ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਅਕਾਲੀ ਦਲ ਵਲੋਂ ਵਿਰੋਧ; ਕੀਤਾ ਵਾਕਆਊਟ …

ਜੂਨ 1984 ਦੇ ਫੌਜੀ ਹਮਲੇ ਸਮੇਂ ਹੋਏ ਸ਼ਹੀਦਾਂ ਦੀ ਤਸਵੀਰਾਂ ਲਾਉਣ ਬਾਰੇ ਚੱਲ ਰਹੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਤਸਵੀਰਾਂ ਅਕਾਲ ਤਖਤ ਸਾਹਿਬ ਹੇਠ ਬਣੀ ਸ਼ਹੀਦੀ ਗੈਲਰੀ ਵਿੱਚ ਹੀ ਲੱਗਣੀਆਂ ਚਾਹੀਦੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਬਾਦਲਕਿਆਂ ਵੱਲੋਂ ਲਿਖੀਆਂ ਚਿੱਠੀਆਂ ਅਤੇ ਗੁਪਤ ਮੀਟਿੰਗਾਂ ਇਸ ਯਾਦਗਾਰ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ। ਅਖੀਰ ਵਿੱਚ ਉਨ੍ਹਾਂ ਕਿਹਾ ਜੇਕਰ ਫੂਲਕਾ ਮਤਾ ਲਿਆਂਉਂਦੇ ਹਨ ਤਾਂ ਬਾਦਲਕੇ ਅਤੇ ਕਾਂਗਰਸ ਪੂਰੀ ਤਰ੍ਹਾਂ ਨੰਗੇ ਹੋ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: