ਐਚ.ਐਸ. ਫੂਲਕਾ

ਸਿਆਸੀ ਖਬਰਾਂ

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਫੂਲਕਾ ਵਲੋਂ ਅਸਤੀਫਾ ਦੇਣ ਦਾ ਐਲਾਨ

By ਸਿੱਖ ਸਿਆਸਤ ਬਿਊਰੋ

July 09, 2017

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਦਾਖਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਮੈਂ ਅਗਲੇ ਇਕ ਹਫਤੇ ‘ਚ ਵਿਧਾਨ ਸਭਾ ਸਪੀਕਰ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿਆਂਗਾ ਤੇ ਪਾਰਟੀ ਨਾਲ ਮੇਰੀ ਗੱਲਬਾਤ ਹੋ ਗਈ ਹੈ ਅਤੇ ਪਾਰਟੀ ਹਫਤੇ ‘ਚ ਵਿਰੋਧੀ ਧਿਰ ਦਾ ਨਵਾਂ ਆਗੂ ਚੁਣੇਗੀ।” ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਕੰਵਰ ਸੰਧੂ ਕਾਬਲ ਹਨ ਤੇ ਉਹ ਪਾਰਟੀ ਪਲੇਟਫਾਰਮ ‘ਤੇ ਆਪਣੀ ਰਾਏ ਰੱਖਣਗੇ।

ਫੂਲਕਾ ਨੇ ਕਿਹਾ, “ਮੈਂ ਬਾਰ ਕੌਂਸਲ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੈਲੰਜ ਕਰਾਂਗਾ ਕਿਉਂਕਿ ਬਾਰ ਕੌਂਸਲ ਦਾ ਫੈਸਲਾ ਗਲਤ ਹੈ।” ਉਨ੍ਹਾਂ ਕਿਹਾ, “ਮੈਂ 1984 ਕਤਲੇਆਮ ਦੇ ਸਾਰੇ ਕੇਸ ਮੁਫ਼ਤ ਲੜਦਾ ਹਾਂ। ਉਨ੍ਹਾਂ ਕਿਹਾ ਕਿ ਅਹੁਦਾ ਛੱਡਣਾ ਮੇਰੀ ਇੱਛਾ ਨਹੀਂ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਹੰਗਾਮੇ ਦੌਰਾਨ ਸਾਡਾ (ਫੂਲਕਾ, ਅਮਲ ਅਰੋੜਾ ਤੇ ਕੰਵਰ ਸੰਧੂ) ਦਾ ਬਾਦਲਾਂ ਦੀ ਗੱਡੀ ‘ਚ ਬੈਠਣ ਦਾ ਫੈਸਲਾ ਬਿਲਕੁਲ ਠੀਕ ਸੀ। ਉਨ੍ਹਾਂ ਕਿਹਾ ਕਿ ਉਹ ਪੱਗ ਦੇ ਮੁੱਦੇ ਲਈ ਬਾਦਲਾਂ ਦੀ ਗੱਡੀ ‘ਚ ਬੈਠੇ ਸੀ ਤੇ ਅਕਾਲੀ ਦਲ ਨੇ ਵਿਧਾਨ ਸਭਾ ‘ਚ ਪੱਗ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੱਗ ਦਾ ਸਤਿਕਾਰ ਕਾਰਨ ਵਾਲੇ ਹਰ ਵਿਅਕਤੀ ਦੇ ਨਾਲ ਹਾਂ।”

ਫੂਲਕਾ ਨੇ ਕਿਹਾ, “ਮੈਂ ਹਮੇਸ਼ਾਂ ਆਮ ਆਦਮੀ ਪਾਰਟੀ ਨਾਲ ਰਹਾਂਗਾ ਤੇ ਜੇ ਮੈਂ ਕਿਤੇ ਹੋਰ ਜਾਣਾ ਹੁੰਦਾ ਤਾਂ ਅਹੁਦਾ ਛੱਡਣ ਦੀ ਜ਼ਰੂਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਪਾਰਟੀ ‘ਚੋਂ ਮੇਰੇ ਖ਼ਿਲਾਫ ਕੋਈ ਨਹੀਂ ਹੈ ਤੇ ਮੈਂ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਕਰਾਂਗਾ।” ਉਨ੍ਹਾਂ ਕਿਹਾ ਕਿ ਰੈਫਰੈਂਡਮ 2020 ਪੋਸਟਰ ਮਾਮਲੇ ‘ਚ ਕੇਸ ਦਰਜ ਨਹੀਂ ਹੋਣਾ ਚਾਹੀਦਾ ਤੇ ਇਹ ਬਿਲਕੁਲ ਗਲਤ ਗੱਲ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: