ਸਿੱਖ ਖਬਰਾਂ

“ਹਮ ਦੇਖੇਂਗੇ…” ਕਵਿਤਾ ਪੜ੍ਹਨ ਲਈ ਸਮਾਂ ਅਤੇ ਥਾਂ ਢੁੱਕਵੇਂ ਨਹੀਂ ਸਨ: ਆਈ.ਆਈ.ਟੀ. ਕਾਨਪੁਰ ਦੀ ਜਾਂਚ ਦਾ ਫੈਸਲੇ

By ਸਿੱਖ ਸਿਆਸਤ ਬਿਊਰੋ

March 16, 2020

ਕਾਨਪੁਰ/ਚੰਡੀਗੜ੍ਹ: ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਹਮ ਦੇਖੇਂਗੇ ਕਿਸੇ ਵੇਲੇ ਪਾਕਿਸਤਾਨ ਵਿੱਚ ਜ਼ਿਆ ਉਲ ਹੱਕ ਦੀ ਸਰਕਾਰ ਵਿਰੁੱਧ ਉੱਠੇ ਲੋਕ ਰੋਹ ਦੇ ਪ੍ਰਤੀਕ ਵਜੋਂ ਮਕਬੂਲ ਹੋਈ ਸੀ ਉੱਥੇ ਇਹ ਕਵਿਤਾ ਆਈ.ਆਈ.ਟੀ. ਕਾਨਪੁਰ ਵਿਖੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਉੱਠੇ ਲੋਕ ਰੋਹ ਦੀ ਆਵਾਜ਼ ਬਣ ਕੇ ਉੱਭਰੀ। 

ਨਾ.ਸੋ.ਕਾ. ਵਿਰੁੱਧ ਹੋਏ ਮੁਜ਼ਾਹਰਿਆਂ ਦੌਰਾਨ ਇਹ ਕਵਿਤਾ ਆਈਆਈਟੀ ਕਾਨਪੁਰ ਵਿਖੇ ਪੜ੍ਹੀ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਆਈਆਈਟੀ ਕਾਨਪੁਰ ਦੇ ਪ੍ਰਸ਼ਾਸਨ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ। ਹੁਣ ਉਸ ਜਾਂਚ ਕਮੇਟੀ ਵੱਲੋਂ ਆਪਣੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਹਮ ਦੇਖੇਂਗੇ ਪੜ੍ਹਨ ਵਾਸਤੇ ਕਾਨਪੁਰ ਆਈਆਈਟੀ ਅਤੇ ਨਾ.ਸੋ.ਕਾ. ਵਿਰੋਧੀ ਧਰਨਾ ਢੁੱਕਵੀਂ ਥਾਂ ਅਤੇ ਮੌਕਾ ਨਹੀਂ ਸਨ।

ਹਮ ਦੇਖੇਂਗੇ…

ਫ਼ੈਜ਼ ਅਹਿਮਦ ਫ਼ੈਜ਼ ਨੇ ਇਹ ਕਵਿਤਾ 1979 ਵਿੱਚ ਲਿਖੀ ਸੀ ਅਤੇ ਇਹ ਪਹਿਲੀ ਵਾਰ 1981 ਵਿੱਚ ਛਪੀ ਸੀ। 

ਇੱਕੀ ਸਤਰਾਂ ਦੀ ਇਸ ਕਵਿਤਾ ਵਿੱਚ ਇਸਲਾਮ ਦੇ ਪ੍ਰਤੀਬਿੰਬਾਂ ਨੂੰ ਵਰਤਦਿਆਂ ਜ਼ਿਆ ਉਲ ਹੱਕ ਦੇ ਸ਼ਾਸਨ ਵਿਰੁੱਧ ਆਵਾਜ ਬੁਲੰਦ ਕੀਤੀ ਗਈ ਸੀ।

ਇਹ ਕਵਿਤਾ 13 ਫਰਵਰੀ 1986 ਨੂੰ ਅਲਹਮਰਾ ਆਰਟਸ ਕੌਂਸਲ ਵਿਖੇ ਪ੍ਰਸਿੱਧ ਗਾਇਕਾ ਇਕਬਾਲ ਬਾਨੋ ਵੱਲੋਂ ਜ਼ਿਆ ਉਲ ਹੱਕ ਵੱਲੋਂ ਜਾਰੀ ਕੀਤੇ ਫੈਸਲਿਆਂ ਦੇ ਵਿਰੋਧ ਵਿੱਚ ਗਾਈ ਗਈ ਸੀ ਜਿਸ ਤੋਂ ਬਾਅਦ ਇਹ ਬਹੁਤ ਮਕਬੂਲ ਹੋ ਗਈ ਸੀ।

ਨਾ.ਸੋ.ਕਾ. ਵਿਰੋਧ ਅਤੇ ਆਈ.ਆਈ.ਟੀ. ਕਾਨਪੁਰ ਮਾਮਲਾ:

ਦਸੰਬਰ 2019 ਵਿੱਚ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਉੱਪਰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਵੱਡੇ ਪੱਧਰ ਉੱਪਰ ਹੋਰਨਾਂ ਵਿੱਦਿਅਕ ਅਦਾਰਿਆਂ ਵਿੱਚ ਵਿਰੋਧ ਹੋਇਆ। 

ਅਜਿਹੇ ਹੀ ਇੱਕ ਵਿਰੋਧ ਧਰਨੇ ਦੌਰਾਨ ਆਈ.ਆਈ.ਟੀ. ਕਾਨਪੁਰ ਵਿਖੇ ਪ੍ਰਦਰਸ਼ਨਕਾਰੀਆਂ ਵੱਲੋਂ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ “ਹਮ ਦੇਖੇਂਗੇ” ਪੜ੍ਹੀ ਗਈ।

ਕੁਝ ਹਿੰਦੂ ਅਧਿਆਪਕਾਂ ਵੱਲੋਂ ਇਸ ਕਵਿਤਾ ਨੂੰ ਹਿੰਦੂ ਵਿਰੋਧੀ ਗਰਦਾਨਦਿਆਂ ਆਈ.ਆਈ.ਟੀ. ਕਾਨਪੁਰ ਵਿੱਚ ਇਹ ਕਵਿਤਾ ਪੜ੍ਹਨ ਉੱਤੇ ਇਤਰਾਜ ਪ੍ਰਗਟ ਕੀਤਾ ਗਿਆ। ਜਿਸ ਤੋਂ ਬਾਅਦ ਆਈ.ਆਈ.ਟੀ. ਕਾਨਪੁਰ ਦੇ ਪ੍ਰਸ਼ਾਸਨ ਵੱਲੋਂ ਇਸ ਬਾਰੇ ਵਿੱਚ ਇੱਕ ਜਾਂਚ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। 

ਅਖਬਾਰੀ ਖਬਰਾਂ ਮੁਤਾਬਿਕ ਹੁਣ ਇਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਆਈ.ਆਈ.ਟੀ. ਕਾਨਪੁਰ ਨੂੰ ਸੌਂਪ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਇਹ ਕਵਿਤਾ ਥਾਂ ਅਤੇ ਸਮੇਂ ਮੁਤਾਬਿਕ ਢੁੱਕਵੀਂ ਨਹੀਂ ਸੀ ਅਤੇ ਇਸ ਨੂੰ ਗਾਉਣ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: