ਵਿਦੇਸ਼ » ਸਿੱਖ ਖਬਰਾਂ

ਨਨਕਾਣਾ ਸਾਹਿਬ ਵਿਖੇ ਵਕਫ ਬੋਰਡ ਦੀ ਜ਼ਮੀਨ ‘ਤੇ ਸਿਆਸੀ ਸ਼ਹਿ ਕਾਰਨ ਮੁੜ ਨਾਜਾਇਜ਼ ਕਬਜ਼ਾ

May 16, 2016 | By

ਲਾਹੌਰ:  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਦਰਜ ਹੋਈ ਜ਼ਮੀਨ ਛੁਡਵਾਉਣ ਲਈ ਬੀਤੇ ਕੱਲ੍ਹ ਹੋਏ ਖ਼ੂਨੀ ਤਕਰਾਰ ਤੋਂ ਬਾਅਦ ਅੱਜ ਸਿਆਸੀ ਸ਼ਹਿ ਕਾਰਨ ਨਾਜਾਇਜ਼ ਕਾਬਜ਼ਕਾਰਾਂ ਨੇ ਜ਼ਮੀਨ ‘ਤੇ ਮੁੜ ਕਬਜ਼ਾ ਕਰ ਲਿਆ| ਜਾਣਕਾਰੀ ਅਨੁਸਾਰ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਜਨਾਬ ਸਦੀਕ ਉਲ ਫਾਰੂਕ ਨੇ ਦੱਸਿਆ ਕਿ ਨਨਕਾਣਾ ਸਾਹਿਬ ਵਿਖੇ 19 ਹਜ਼ਾਰ ਏਕੜ ਜ਼ਮੀਨ ਹੈ ਜਿਸ ‘ਤੇ ਕਾਬਜ਼ਕਾਰ ਲੋਕ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਓਕਾਫ਼ ਬੋਰਡ ਨੂੰ ਸਾਲਾਨਾ 40 ਕਿਲੋ ਕਣਕ ਦਿੰਦੇ ਸਨ ਤੇ ਕਾਬਜ਼ਕਾਰ ਅੱਗੇ ਹੋਰ ਲੋਕਾਂ ਕੋਲੋਂ 20 ਤੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਲੈ ਕੇ ਹਰ ਸਾਲ ਜ਼ਮੀਨ ਉਨ੍ਹਾਂ ਨੂੰ ਦਿੰਦੇ ਸਨ|

ਨਾਜਾਇਜ਼ ਕਬਜ਼ੇ ਤੋਂ ਬਾਅਦ ਲੋਕਾਂ ਨੇ ਚਾਰਦੀਵਾਰੀ ਕਰ ਲਈ

ਨਾਜਾਇਜ਼ ਕਬਜ਼ੇ ਤੋਂ ਬਾਅਦ ਲੋਕਾਂ ਨੇ ਚਾਰਦੀਵਾਰੀ ਕਰ ਲਈ

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਓਕਾਫ ਬੋਰਡ ਵੱਲੋਂ ਉਕਤ ਸਾਰੀਆਂ ਜ਼ਮੀਨਾਂ ਦਾ ਸਾਲਾਨਾ ਠੇਕਾ 15 ਹਜ਼ਾਰ ਪ੍ਰਤੀ ਏਕੜ ਮੰਗਿਆ ਜਾ ਰਿਹਾ ਸੀ, ਪਰ ਕੁਝ ਲੋਕਾਂ ਨੂੰ ਸਿਆਸੀ ਸ਼ਹਿ ਹੋਣ ਕਾਰਨ ਓਕਾਫ ਬੋਰਡ ਦੀ ਪ੍ਰਵਾਹ ਨਾ ਕਰਦੇ ਹੋਏ ਖ਼ੂਨੀ ਹਿੰਸਾ ਨੂੰ ਅੰਜ਼ਾਮ ਦਿੱਤਾ| ਬੀਤੇ ਕੱਲ੍ਹ ਨਾਜ਼ਾਇਜ ਕਾਬਜ਼ਕਾਰਾਂ ਤੋਂ ਛੁਡਵਾਈ ਜ਼ਮੀਨ ‘ਤੇ ਅੱਜ ਸਿਆਸੀ ਸ਼ਹਿ ‘ਤੇ ਮੁੜ ਉਨ੍ਹਾਂ ਲੋਕਾਂ ਨੇ 8 ਕਨਾਲ ਜਗ੍ਹਾ ‘ਤੇ ਕਬਜ਼ਾ ਕਰਕੇ ਚਾਰਦੀਵਾਰੀ ਕਰ ਲਈ|

ਬੀਤੇ ਕੱਲ੍ਹ ਨਾਜ਼ਾਇਜ ਕਬਜ਼ਾਂ ਛੁਡਵਾਉਣ ਲਈ ਕੋਟ ਸਨਤ ਰਾਮ ਬਾਈਪਾਸ ਨਨਕਾਣਾ ਸਾਹਿਬ ਸ਼ਹਿਰ ਵਿਖੇ ਹੋਈ ਹਿੰਸਾ ਤੋਂ ਬਾਅਦ ਬੀਤੀ ਰਾਤ ਤੇ ਅੱਜ ਸਵੇਰੇ ਤੋਂ ਹੀ ਪੁਲਿਸ ਵੱਲੋਂ ਸ੍ਰੀ ਨਨਕਾਣਾ ਸਾਹਿਬ ਸ਼ਹਿਰ ‘ਚ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ ਦੇ ਰੋਸ ਵਜੋਂ ਮੁਸਲਮਾਨ ਲੋਕਾਂ ਨੇ ਨਾਅਰੇਬਾਜ਼ੀ ਕੀਤੀ|

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰਵਾਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ | ਦੇਰ ਰਾਤ ਤੱਕ ਪੁਲਿਸ ਵੱਲੋਂ ਬੀਤੇ ਕੱਲ੍ਹ ਸਰਕਾਰੀ ਤੇ ਗੈਰ-ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ 106 ਮੁਸਲਮਾਨ ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ|

ਪੁਲਿਸ ਖਿਲਾਫ ਨਾਅਰੇਬਾਜ਼ੀ ਕਰਦੇ ਜ਼ਮੀਨਾਂ 'ਤੇ ਕਾਬਜ਼ ਲੋਕ

ਪੁਲਿਸ ਖਿਲਾਫ ਨਾਅਰੇਬਾਜ਼ੀ ਕਰਦੇ ਜ਼ਮੀਨਾਂ ‘ਤੇ ਕਾਬਜ਼ ਲੋਕ

ਪੁਲਿਸ ਦਾ ਕਹਿਣਾ ਹੈ ਕਿ ਹਿੰਸਾ ਨੂੰ ਅੰਜਾਮ ਦੇਣ ਵਾਲੇ ਜ਼ਿਆਦਾਤਰ ਲੋਕ ਨਨਕਾਣਾ ਸਾਹਿਬ ਤੋਂ ਬਾਹਰਲੇ ਪਿੰਡਾਂ ਤੇ ਸ਼ਹਿਰਾਂ ਦੇ ਸਨ, ਜੋ ਇਥੋਂ ਭੱਜਣ ‘ਚ ਸਫ਼ਲ ਹੋ ਗਏ|

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,