ਖਾਸ ਖਬਰਾਂ

ਆਸਾਰਾਮ ਨੂੰ ਬਲਾਤਕਾਰ ਕੇਸ ਵਿਚ ਮੌਤ ਤਕ ਉਮਰ ਕੈਦ ਦੀ ਸਜ਼ਾ

By ਸਿੱਖ ਸਿਆਸਤ ਬਿਊਰੋ

April 25, 2018

ਜੋਧਪੁਰ: ਅੱਜ ਜੋਧਪੁਰ ਦੀ ਸਥਾਨਕ ਅਦਾਲਤ ਨੇ 2013 ਵਿਚ 16 ਸਾਲਾ ਕੁੜੀ ਨਾਲ ਹੋਏ ਬਲਾਤਕਾਰ ਕੇਸ ਵਿਚ ਫੈਂਸਲਾ ਸੁਣਾਉਂਦਿਆਂ ਆਸਾਰਾਮ ਨੂੰ ਦੋਸ਼ੀ ਐਲਾਨਿਆ ਹੈ। ਜੋਧਪੁਰ ਸੈਂਟਰਲ ਜੇਲ੍ਹ ਵਿਚ ਲੱਗੀ ਅਦਾਲਤ ਵਿਚ ਜੱਜ ਮਧੂਸੂਦਨ ਸ਼ਰਮਾ ਨੇ ਇਹ ਫੈਂਸਲਾ ਸੁਣਾਇਆ। ਗੌਰਤਲਬ ਹੈ ਕਿ ਆਸਾਰਾਮ 2013 ਤੋਂ ਜੋਧਪੁਰ ਜੇਲ੍ਹ ਵਿਚ ਕੈਦ ਹੈ।

ਅੱਜ ਆਸਾਰਾਮ ਸਬੰਧੀ ਆਉਣ ਵਾਲੇ ਇਸ ਫੈਂਸਲੇ ਦੇ ਮੱਦੇਨਜ਼ਰ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਆਸਾਰਾਮ ਦਾ ਇਹਨਾਂ ਇਲਾਕਿਆਂ ਵਿਚ ਕਾਫੀ ਪ੍ਰਭਾਵ ਮੰਨਿਆ ਜਾਂਦਾ ਹੈ।

ਇਸ ਕੇਸ ਵਿਚ ਆਸਾਰਾਮ ਤੋਂ ਇਲਾਵਾ ਸੰਚਿਤਾ ਉਰਫ ਸ਼ਿਲਪੀ, ਸ਼ਰਦ ਚੰਦਰਾ, ਪ੍ਰਕਾਸ਼ ਅਤੇ ਸ਼ਿਵਾ ਉਰਫ ਸਾਵਾ ਰਾਮ ਹੇਥਵਾਡੀਆ ਦੇ ਨਾਂ ਵੀ ਚਾਰਜਸ਼ੀਟ ਵਿਚ ਸ਼ਾਮਿਲ ਸਨ। ਆਸਾਰਾਮ ਖਿਲਾਫ ਪੋਸਕੋ ਕਾਨੂੰਨ, ਜੁਵਿਨਾਈਲ ਜਸਟਿਸ ਕਾਨੂੰਨ ਅਤੇ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਅੱਜ ਜੋਧਪੁਰ ਦੀ ਸਥਾਨਕ ਅਦਾਲਤ ਨੇ 2013 ਵਿਚ 16 ਸਾਲਾ ਨਾਬਾਲਗ ਕੁੜੀ ਨਾਲ ਹੋਏ ਬਲਾਤਕਾਰ ਕੇਸ ਵਿਚ ਫੈਂਸਲਾ ਸੁਣਾਉਂਦਿਆਂ ਆਸਾਰਾਮ ਨੂੰ ਦੋਸ਼ੀ ਐਲਾਨਦਿਆਂ ਮੌਤ ਤਕ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਐਸ.ਸੀ/ਐਸ.ਟੀ ਅਦਾਲਤ ਵਿਚ ਅੱਜ ਖਾਸ ਜੱਜ ਮਧੂਸੂਦਨ ਸ਼ਰਮਾ ਨੇ ਕੇਸ ਵਿਚ ਹਿੰਦੂ ਪ੍ਰਚਾਰਕ ਆਸਾਰਾਮ ਅਤੇ ਉਸਦੇ ਚਾਰ ਸਹਿਯੋਗੀਆਂ ਸ਼ਿਲਪੀ, ਸ਼ਰਦ ਚੰਦਰਾ, ਪ੍ਰਕਾਸ਼ ਅਤੇ ਸ਼ਿਵਾ ਉਰਫ ਸਾਵਾ ਰਾਮ ਹੇਥਵਾਡੀਆ ਸਬੰਧੀ ਅੱਜ ਜੋਧਪੁਰ ਜੇਲ੍ਹ ਵਿਚ ਹੋਈ ਸੁਣਵਾਈ ਦੌਰਾਨ ਫੈਂਸਲਾ ਸੁਣਾਇਆ।

ਆਸਾਰਾਮ ਦੇ ਸਹਿਯੋਗੀਆਂ ਵਿਚੋਂ ਸੰਚਿਤਾ ਉਰਫ ਸ਼ਿਲਪੀ ਅਤੇ ਸ਼ਰਦ ਚੰਦਰਾ ਉਰਫ ਸ਼ਰਤ ਚੰਦਰਾ ਦੋਵਾਂ ਨੂੰ 22-22 ਸਾਲ ਦੀ ਸਜ਼ਾ ਸੁਣਾਈ ਗਈ ਜਦਕਿ ਪ੍ਰਕਾਸ਼ ਅਤੇ ਸ਼ਿਵਾ ਨੂੰ ਬਰੀ ਕਰ ਦਿੱਤਾ ਗਿਆ। ਪੀੜਤ ਧਿਰ ਦੇ ਵਕੀਲ ਨੇ ਕਿਹਾ ਕਿ ਬਰੀ ਕੀਤੇ ਗਏ ਦੋਵੇਂ ਦੋਸ਼ੀਆਂ ਖਿਲਾਫ ਉਹ ਅੱਗੇ ਅਪੀਲ ਕਰਨਗੇ।

ਕੇਸ ਅਨੁਸਾਰ ਅਗਸਤ 2013 ਵਿਚ 16 ਸਾਲਾਂ ਦੀ ਪੀੜਤ ਕੁੜੀ ਨਾਲ ਆਸਾਰਾਮ ਨੇ ਇਹ ਕਹਿ ਕੇ ਜ਼ਬਰਨ ਬਲਾਤਕਾਰ ਕੀਤਾ ਸੀ ਕਿ ਉਸ ਵਿਚ ਕਿਸੇ ਪ੍ਰੇਤ ਆਤਮਾ ਨੇ ਵਾਸ ਕਰ ਲਿਆ ਹੈ। ਦਸਤਾਵੇਜਾਂ ਅਨੁਸਾਰ ਪੀੜਤ ਕੁੜੀ ਦੇ ਮਾਤਾ ਪਿਤਾ 14 ਅਗਸਤ, 2013 ਨੂੰ ਆਪਣੀ ਕੁੜੀ ਨੂੰ ਆਸਾਰਾਮ ਦੇ ਮਾਨਾਈ ਆਸ਼ਰਮ ਲੈ ਕੇ ਗਏ ਜਿੱਥੇ 15 ਅਗਸਤ ਅਤੇ 16 ਅਗਸਤ ਦੀ ਵਿਚਕਾਰਲੀ ਰਾਤ ਨੂੰ ਆਸਾਰਾਮ ਨੇ ਪੀੜਤ ਕੁੜੀ ਦੇ ਮਾਤਾ ਪਿਤਾ ਨੂੰ ਆਪਣੇ ਕਮਰੇ ਵਿਚੋਂ ਬਾਹਰ ਭੇਜ ਦਿੱਤਾ ਤੇ ਬਾਅਦ ਵਿਚ ਜ਼ਬਰਨ ਕੁੜੀ ਨਾਲ ਬਲਾਤਕਾਰ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: