ਕੌਮਾਂਤਰੀ ਖਬਰਾਂ

ਲੰਡਨ ’ਚ ਨਮਾਜ਼ ਪੜ੍ਹ ਕੇ ਨਿਕਲ ਰਹੇ ਮੁਸਲਮਾਨਾਂ ’ਤੇ ਚੜ੍ਹਾਈ ਵੈਨ, ਇੱਕ ਦੀ ਮੌਤ

June 20, 2017 | By

ਲੰਡਨ: ਬਰਤਾਨੀਆ ਦੀ ਰਾਜਧਾਨੀ ਲੰਡਨ ’ਚ ਇੱਕ ਮਸਜਿਦ ’ਚੋਂ ਨਮਾਜ਼ ਪੜ੍ਹ ਕੇ ਬਾਹਰ ਨਿਕਲ ਰਹੇ ਨਮਾਜ਼ੀਆਂ ’ਤੇ ਇੱਕ ਵਿਅਕਤੀ ਨੇ ਆਪਣੀ ਵੈਨ ਚੜ੍ਹਾ ਦਿੱਤੀ ਜਿਸ ਨਾਲ ਇੱਕ ਨਮਾਜ਼ੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਇਸ ਘਟਨਾ ਨੂੰ ਮੁਸਲਮਾਨਾਂ ’ਤੇ ਘਿਨਾਉਣਾ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ। ਪਿਛਲੇ ਚਾਰ ਮਹੀਨਿਆਂ ’ਚ ਬ੍ਰਿਟੇਨ ’ਚ ਇਹ ਚੌਥਾ ਦਹਿਸ਼ਤੀ ਹਮਲਾ ਹੈ। ਸੈਵਨ ਸਿਸਟਰਜ਼ ਰੋਡ ’ਤੇ ਪੈਂਦੇ ਮੁਸਲਿਮ ਵੈਲਫੇਅਰ ਹਾਊਸ, ਜਿਥੇ ਮਸਜਿਦ ਵੀ ਹੈ, ਦੇ ਬਾਹਰ ਅੱਧੀ ਰਾਤ ਤੋਂ ਬਾਅਦ ਇਹ ਹਮਲਾ ਹੋਇਆ ਜਦੋਂ ਕੁਝ ਵਿਅਕਤੀ ਉਥੇ ਡਿੱਗੇ ਪਏ ਬੰਦੇ ਦੀ ਸਹਾਇਤਾ ਕਰ ਰਹੇ ਸਨ। ਲੋਕਾਂ ਨੇ ਵੈਨ ਦੇ ਡਰਾਈਵਰ (48) ਨੂੰ ਥਾਂ ’ਤੇ ਹੀ ਫੜ ਲਿਆ ਅਤੇ ਫਿਰ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੇ ਸ਼ੱਕ ’ਚ ਉਸ ਨੂੰ ਹਿਰਾਸਤ ’ਚ ਲੈ ਲਿਆ। ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸ ਦੀ ਮਾਨਸਿਕ ਹਾਲਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ਲੰਡਨ ਦੀ ਘਟਨਾ ਵਾਲੀ ਥਾਂ ਤੋਂ ਫੜੇ ਬੰਦੇ ਨੂੰ ਲਿਜਾ ਰਹੇ ਪੁਲਿਸ ਮੁਲਾਜ਼ਮ

ਲੰਡਨ ਦੀ ਘਟਨਾ ਵਾਲੀ ਥਾਂ ਤੋਂ ਫੜੇ ਬੰਦੇ ਨੂੰ ਲਿਜਾ ਰਹੇ ਪੁਲਿਸ ਮੁਲਾਜ਼ਮ

ਮੈਟਰੋਪੋਲਿਟਨ ਪੁਲਿਸ ਡਿਪਟੀ ਅਸਿਸਟੈਂਟ ਕਮਿਸ਼ਨਰ ਨੀਲ ਬਾਸੂ ਨੇ ਕਿਹਾ ਕਿ ਜਿਹੜੇ ਬੰਦੇ ਦੀ ਮੌਤ ਹੋਈ ਹੈ, ਉਸ ਨੂੰ ਲੋਕਾਂ ਵੱਲੋਂ ਪਹਿਲਾਂ ਹੀ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਸੀ ਅਤੇ ਇਹ ਨਹੀਂ ਪਤਾ ਲੱਗ ਸਕਿਆ ਕਿ ਉਸ ਦੀ ਮੌਤ ਹਮਲੇ ਨਾਲ ਹੋਈ ਹੈ। ਬਾਸੂ ਨੇ ਕਿਹਾ ਕਿ ਇਸ ਨੂੰ ਦਹਿਸ਼ਤੀ ਹਮਲੇ ਵਜੋਂ ਲਿਆ ਜਾ ਰਿਹਾ ਹੈ ਅਤੇ ਦਹਿਸ਼ਤਗਰਦੀ ਵਿਰੋਧੀ ਕਮਾਂਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪ੍ਰਤੱਖਦਰਸ਼ੀ ਅਬਦੁੱਲ ਰਹਿਮਾਨ ਨੇ ਕਿਹਾ ਕਿ ਡਰਾਈਵਰ ਆਖ ਰਿਹਾ ਸੀ ਕਿ ਉਹ ਸਾਰੇ ਮੁਸਲਮਾਨਾਂ ਨੂੰ ਮਾਰਨਾ ਚਾਹੁੰਦਾ ਹੈ। ਪੁਲਿਸ ਕਮਿਸ਼ਨਰ ਕਰੇਸਿਡਾ ਡਿਕ ਨੇ ਕਿਹਾ ਕਿ ਲੰਡਨ ਕਈ ਧਰਮਾਂ ਅਤੇ ਕਈ ਕੌਮਾਂ ਦਾ ਸ਼ਹਿਰ ਹੈ ਅਤੇ ਇੱਕ ਭਾਈਚਾਰੇ ’ਤੇ ਹਮਲੇ ਦਾ ਮਤਲਬ ਸਾਰਿਆਂ ’ਤੇ ਹਮਲਾ ਹੈ। ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਕਿਹਾ ਕਿ ਜ਼ਖ਼ਮੀਆਂ, ਉਨ੍ਹਾਂ ਦੇ ਨਜ਼ਦੀਕੀਆਂ ਅਤੇ ਹੰਗਾਮੀ ਸੇਵਾਵਾਂ ’ਚ ਜੁੜੇ ਵਿਅਕਤੀਆਂ ਨਾਲ ਉਨ੍ਹਾਂ ਦੀਆਂ ਦੁਆਵਾਂ ਹਨ। ਉਨ੍ਹਾਂ ਕਿਹਾ ਕਿ ਈਦ ਮੌਕੇ ਭਾਈਚਾਰੇ ’ਚ ਭਰੋਸਾ ਪੈਦਾ ਕਰਨ ਲਈ ਸਾਰੀਆਂ ਮਸਜਿਦਾਂ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਬਾਹਰ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,