ਪੀੜਤ ਕਿਸਾਨ ਨੂੰ ਹਸਪਤਾਲ ਦਾਖ਼ਲ ਕਰਵਾਉਂਦੇ ਸਾਥੀ ਕਿਸਾਨ

ਆਮ ਖਬਰਾਂ

ਤੀਹ ਲੱਖ ਰੁਪਏ ਦਾ ਕਰਜ਼ਦਾਰ ਸੀ ਕਿਸਾਨ ਦਰਸ਼ਨ ਸਿੰਘ ਸੱਦੋਪੁਰ; ਢੀਂਡਸਾ ਦੀ ਕੋਠੀ ਮੂਹਰੇ ਖਾਧਾ ਸੀ ਜ਼ਹਿਰ

By ਸਿੱਖ ਸਿਆਸਤ ਬਿਊਰੋ

December 20, 2016

ਸੰਗਰੂਰ: ਇਥੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਅੱਗੇ ਕਰਜ਼ਾ ਮਾਫ਼ੀ ਅਤੇ ਹੋਰ ਮੰਗਾਂ ਲਈ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤੇ ਰੋਸ ਧਰਨੇ ਦੌਰਾਨ ਕਿਸਾਨ ਦਰਸ਼ਨ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਅਤਿ ਨਾਜ਼ੁਕ ਦੱਸਦਿਆਂ ਡਾਕਟਰਾਂ ਨੇ ਪਟਿਆਲਾ ਰੈਫ਼ਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ।

ਕੱਲ੍ਹ ਰਾਤੀਂ ਸਵਾ ਨੌਂ ਵਜੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਕਿਸਾਨ ਦਰਸ਼ਨ ਸਿੰਘ ਦੀ ਮੌਤ ਹੋ ਗਈ। ਕਿਸਾਨ ਸਿਰ ਕਰੀਬ ਤੀਹ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ। ਕਿਸਾਨ ਦੀ ਪਛਾਣ ਮਾਲੇਰਕੋਟਲਾ ਨੇੜਲੇ ਪਿੰਡ ਸੱਦੋਪੁਰ ਦੇ ਦਰਸ਼ਨ ਸਿੰਘ (55) ਵਜੋਂ ਹੋਈ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਕਿਸਾਨੀ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ।

ਜਾਣਕਾਰੀ ਅਨੁਸਾਰ ਵਿੱਤ ਮੰਤਰੀ ਦੀ ਕੋਠੀ ਅੱਗੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਸੀ ਜਿਸ ਵਿੱਚ ਕਿਸਾਨ ਦਰਸ਼ਨ ਸਿੰਘ ਆਪਣੇ ਸਾਥੀ ਕਿਸਾਨਾਂ ਸਮੇਤ ਸ਼ਾਮਲ ਹੋਇਆ ਸੀ। ਬਾਅਦ ਦੁਪਹਿਰ ਕਰੀਬ ਡੇਢ ਵਜੇ ਧਰਨੇ ਦੌਰਾਨ ਦਰਸ਼ਨ ਸਿੰਘ ਉਲਟੀਆਂ ਕਰਨ ਲੱਗਾ ਜਿਸ ਮਗਰੋਂ ਉਸ ਦੇ ਸਾਥੀਆਂ ਨੂੰ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਦਾ ਪਤਾ ਲੱਗਾ। ਉਹ ਉਸ ਨੂੰ ਤੁਰੰਤ ਆਪਣੀ ਗੱਡੀ ’ਚ ਸਿਵਲ ਹਸਪਤਾਲ ਲੈ ਗਏ। ਇਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਪਟਿਆਲਾ ਭੇਜ ਦਿੱਤਾ। ਜਾਣਕਾਰੀ ਅਨੁਸਾਰ ਕਿਸਾਨ ਦਰਸ਼ਨ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਜਿਸ ਵਿੱਚੋਂ ਹੁਣ ਕਰੀਬ ਸੱਤ ਵਿਘੇ ਜ਼ਮੀਨ ਬਾਕੀ ਰਹਿ ਗਈ ਹੈ। ਉਸ ਦੇ ਸਾਥੀਆਂ ਨੇ ਦੱਸਿਆ ਕਿ ਕਿਸਾਨ ਸਿਰ ਤੀਹ ਲੱਖ ਰੁਪਏ ਦਾ ਕਰਜ਼ਾ ਹੈ ਜਿਸ ਵਿੱਚੋਂ ਕਰੀਬ 22 ਲੱਖ ਰੁਪਏ ਦਾ ਬੈਂਕ ਦਾ ਦੇਣਦਾਰ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨ ਨੂੰ ਵਾਰ-ਵਾਰ ਕਰਜ਼ਾ ਵਾਪਸ ਕਰਨ ਲਈ ਧਮਕਾਇਆ ਜਾ ਰਿਹਾ ਸੀ।

ਸਬੰਧਤ ਖ਼ਬਰ: ਵਿੱਤ ਮੰਤਰੀ ਪਰਮਿੰਦਰ ਢੀਂਡਸਾ ਦੀ ਕੋਠੀ ਅੱਗੇ ਕਿਸਾਨ ਦਰਸ਼ਨ ਸਿੰਘ ਸੈਦੋਪੁਰ ਨੇ ਖਾਧਾ ਜ਼ਹਿਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: