ਸਿੱਖ ਖਬਰਾਂ

ਭਾਰਤ ਨੇ ਜੇਅ ਲੇਨੋ ਖਿਲਾਫ ਅਮਰੀਕਾ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਕੀਤੀ: ਭਾਈ ਹਰਜੋਤ ਸਿੰਘ ਖਾਲਸਾ ਦੀ ਕੌਮੀ ਆਵਾਜ਼ ਰੇਡੀਓ ਨਾਲ ਗੱਲਬਾਤ

By ਸਿੱਖ ਸਿਆਸਤ ਬਿਊਰੋ

January 28, 2012

ਮੈਲਬਰਨ, ਆਸਟ੍ਰੇਲੀਆ (28 ਜਨਵਰੀ, 2012 – ਸਿੱਖ ਸਿਆਸਤ): ਅਮਰੀਕਾ ਨਿਵਾਸੀ ਭਾਈ ਹਰਜੋਤ ਸਿੰਘ ਖਾਲਸਾ ਜਿਨ੍ਹਾਂ ਸਮਾਜਕ ਸੰਪਰਕ ਮੰਚ “ਫੇਸਬੁੱਕ” ਰਾਹੀਂ ਦਰਬਾਰ ਸਾਹਿਬ ਬਾਰੇ ਘਟੀਆ ਟਿੱਪਣੀ ਕਰਨ ਵਾਲੇ ਅਮਰੀਕੀ ਮਸ਼ਖਰੇ ਜੇਅ ਲੈਨੋ ਖਿਲਾਫ ਮੋਰਚਾ ਖੋਲਿਆ ਹੈ, ਨੇ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਪ੍ਰਸਾਰਤ ਹੁੰਦੇ ਕੌਮਾਂਤਰੀ ਰੇਡੀਓ “ਕੌਮੀ ਆਵਾਜ਼” ਨਾਲ ਖਾਸ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਅੱਜ ਤੱਕ ਅਮਰੀਕਾ ਸਰਕਾਰ ਨੂੰ ਜੇਅ ਲੈਨੋ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ 23 ਜਨਵਰੀ ਨੂੰ ਭਾਰਤ ਦੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਵੀ. ਰਵੀ ਨੇ ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਭਾਰਤ ਜੇਅ ਲੇਨੋ ਦੀ ਦਰਬਾਰ ਸਾਹਿਬ ਬਾਰੇ ਟੱਪਣੀ ਦੀ ਸਖਤ ਨਿੰਦਾ ਕਰਦਾ ਹੈ ਅਤੇ ਭਾਰਤ ਵੱਲੋਂ ਇਸ ਬਾਰੇ ਅਮਰੀਕਾ ਸਰਕਾਰ ਕੋਲ ਸ਼ਿਕਾਇਤ ਕੀਤੀ ਜਾਵੇਗੀ। ਇਸ ਤੋਂ ਅਗਲੇ ਦਿਨ ਅਮਰੀਕਾ ਦੇ ਸਟੇਟ ਮਹਿਕਮੇ ਦੀ ਬੁਲਾਰੀ ਬੀਬੀ ਵਿਕਟੋਰੀਆ ਨੂਲੈਂਡ ਨੇ ਜਿਥੇ ਜੇਅ ਲੈਨੋ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਉਸ ਨੂੰ ਵਿਚਾਰਾਂ ਦੀ ਅਜ਼ਾਦੀ ਦਾ ਹੱਕ ਹਾਸਲ ਹੈ ਓਥੇ ਉਸ ਨੇ ਦਾਅਵਾ ਕੀਤਾ ਸੀ ਕਿ ਭਾਰਤ ਵੱਲੋਂ ਇਸ ਬਾਰੇ ਅਮਰੀਕਾ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।

ਭਾਈ ਹਰਜੋਤ ਸਿੰਘ ਨੇ ਕਿਹਾ ਕਿ ਭਾਰਤ ਦੇ ਮੰਤਰੀ ਦੇ ਬਿਆਨ ਦੇਣ ਨਾਲ ਭਾਵੇਂ ਇਹ ਮਾਮਲਾ ਮੀਡੀਆ ਦੀ ਆਮ ਚਰਚਾ ਵਿਚ ਆ ਗਿਆ ਹੈ ਪਰ ਅੱਜ ਤੱਕ ਵੀ ਭਾਰਤ ਨੇ ਇਸ ਬਾਰੇ ਅਮਰੀਕਾ ਕੋਲ ਕੋਈ ਸ਼ਿਕਾਇਤ ਦਰਜ਼ ਨਹੀਂ ਕਰਵਾਈ।

ਕੌਮੀ ਆਵਾਜ਼ ਦੇ ਸੰਚਾਲਕਾਂ ਦਲਜੀਤ ਸਿੰਘ ਰਾਣਾ ਅਤੇ ਗੁਰਤੇਜ ਸਿੰਘ ਅਕਾਲੀ ਨਾਲ ਗੱਲਬਾਤ ਕਰਦਿਆਂ ਭਾਈ ਹਰਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਜੇਅ ਲੇਨੋ ਨੇ 19 ਜਨਵਰੀ, 2012 ਨੂੰ ਐਨ. ਬੀ. ਸੀ. ਚੈਨਲ ਉੱਤੇ ਦਰਬਾਰ ਸਾਹਿਬ ਨੂੰ ਇਕ ਰਈਸ ਅਮਰੀਕੀ ਸਿਆਸਤਦਾਨ ਦੇ ਗਰਮੀਆਂ ਦੀਆਂ ਛੁੱਟੀਆਂ ਕੱਟਣ ਦੇ ਘਰ ਵੱਜੋਂ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਟਿੱਪਣੀ ਨੀਵੇਂ ਦਰਜ਼ੇ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ “ਸਮਰ-ਹਾਊਸ” ਐਸ਼ਗਾਹ ਨੂੰ ਕਿਹਾ ਜਾਂਦਾ ਹੈ।

ਭਾਈ ਹਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ “ਪੰਜਾਬੀ ਰੇਡੀਓ ਯੂ. ਐਸ. ਏ.” ਦੇ ਕਿਸੇ ਸਰੋਤੇ ਵੱਲੋਂ ਮਿਲੀ ਸੀ। ਭਾਈ ਹਰਜੋਤ ਸਿੰਘ ਇਸ ਰੇਡੀਓ ਦੇ ਮੁੱਖ ਪ੍ਰਬੰਧਕ ਹਨ। ਉਨ੍ਹਾਂ ਦੱਸਿਆ ਕਿ ਉਸੇ ਸਮੇਂ ਰੇਡੀਓ ਵੱਲੋਂ ਇਸ ਮਸਲੇ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਤੇ ਕੁਝ ਸਮੇਂ ਬਾਅਦ ਹੀ ਐਨ. ਬੀ. ਸੀ. ਦੇ ਨੁਮਾਇੰਦੇ ਰੇਡੀਓ ਦੇ ਦਫਤਰ ਪਹੁੰਚ ਗਏ ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਮਹੱਤਵ ਅਤੇ ਜੇਅ ਲੇਨੋ ਦੀ ਟਿੱਪਣੀ ਬਾਰੇ ਸਿੱਖਾਂ ਦੇ ਇਤਰਾਜ਼ਾਂ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਉਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਅਤੇ “ਫੇਸਬੁੱਕ” ਗਰੁੱਪ ਦੇ ਮੈਂਬਰਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਚੁੱਕੀ ਹੈ ਅਤੇ ਜੇਅ ਲੇਨੋ ਖਿਲਾਫ ਸ਼ੁਰੂ ਕੀਤੀ ਗਈ ਪਟੀਸ਼ਨ ਉੱਤੇ ਵੀ ਤਕਰੀਬਨ ਇੰਨੀ ਹੀ ਗਿਣਤੀ ਵਿੱਚ ਦਸਤਖਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿੱਖਸ ਫਾਰ ਜਸਟਿਸ ਨਾਮੀ ਜਥੇਬੰਦੀ ਵੱਲੋਂ 2 ਫਰਵਰੀ, 2012 ਨੂੰ ਐਨ. ਬੀ. ਸੀ. ਚੈਨਲ ਦੇ ਦਫਤਰ ਸਾਹਮਣੇ ਦੋ ਘੰਟੇ ਲਈ ਸ਼ਾਂਤ ਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਅਖੀਰ ਵਿਚ ਭਾਈ ਹਰਜੋਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਚਲੰਤ ਜਿਹੇ ਚੁਟਲਕੇ ਦਾ ਨਹੀਂ ਹੈ ਬਲਕਿ ਜੇਅ ਲੇਨੋ ਜਿਹੇ ਅਨਸਰਾਂ ਨੂੰ ਸਖਤ ਸੁਨੇਹਾ ਦੇਣ ਦਾ ਹੈ ਸਿੱਖ ਆਪਣੇ ਧਰਮ ਬਾਰੇ ਅਪਮਾਨਜਨਕ ਟਿੱਪਣੀਆਂ ਸਹਿਣ ਨਹੀਂ ਕਰਨਗੇ। ਉਨ੍ਹਾਂ ਸਮੂਹ ਸਰੋਤਿਆਂ ਨੂੰ ਜੇਅ ਲੇਨੋਂ ਵਿਰੁਧ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਇੰਟਰਨੈਟ ਰਾਹੀਂ ਦਸਤਖਤ ਕਰਨ ਦੀ ਬੇਨਤੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: