ਵਿਦੇਸ਼

ਭਾਰਤੀ ਏਜੰਸੀਆਂ ਨੇ ਕੈਨੇਡਾ ਦੀ ਟਰੂਡੋ ਸਰਕਾਰ ਨੂੰ ਖ਼ਾਲਿਸਤਾਨੀਆਂ ਦੇ ਸਬੰਧ ਵਿਚ ਅਲਰਟ ਜਾਰੀ ਕੀਤਾ

By ਸਿੱਖ ਸਿਆਸਤ ਬਿਊਰੋ

May 30, 2016

ਚੰਡੀਗੜ੍ਹ: ਹਾਲੇ ਪਿਛਲੇ ਹਫਤੇ ਹੀ ਪੰਜਾਬ ਪੁਲਿਸ ਨੇ ਦੋ ਸਿੱਖਾਂ ਨੂੰ ਨਵਾਂਸ਼ਹਿਰ ਅਤੇ ਜਗਰਾਉਂ ਤੋਂ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਸਿੱਖਾਂ ਵਿਚ ਇਕ ਭਾਈ ਮਨਦੀਪ ਸਿੰਘ, ਜੋ ਕਿ ਪਿੰਡ ਚੱਕ ਕਲਾਂ ਲੁਧਿਆਣਾ ਦੇ ਰਹਿਣ ਵਾਲੇ ਹਨ, ਹਾਲ ਹੀ ਵਿਚ ਕੈਨੇਡਾ ਤੋਂ ਵਾਪਸ ਆਏ ਸਨ।

ਮਨਦੀਪ ਸਿੰਘ ਦੇ ਕੈਨੇਡਾ ਤੋਂ ਆਉਣ ਕਰਕੇ ਪੁਲਿਸ ਨੇ ਇਹ ਕਹਾਣੀ ਬਣਾਈ ਕਿ ਕੈਨੇਡਾ ਵਿਚ ਖ਼ਾਲਿਸਤਾਨੀ ਸਰਗਰਮੀਆਂ ਵਧ ਰਹੀਆਂ ਹਨ। ਅਖੇ ਇਨ੍ਹਾਂ ਫੜ੍ਹੇ ਗਏ ਸਿੱਖਾਂ ਦਾ ਮਕਸਦ ਪਠਾਨਕੋਟ ਦੀ ਤਰਜ਼ ’ਤੇ ਵੱਡੇ ਹਮਲੇ ਕਰਨਾ ਸੀ।

ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਕੈਨੇਡਾ ਸਥਿਤ ‘ਖ਼ਾਲਿਸਤਾਨ ਟਾਈਗਰ ਫੋਰਸ’ ਜਥੇਬੰਦੀ ਪੰਜਾਬ ’ਤੇ ਹਮਲੇ ਦੀ ਫਿਰਾਕ ਵਿਚ ਹੈ। ਭਾਰਤੀ ਏਜੰਸੀਆਂ ਨੇ ਇਹ ਵੀ ਇਲਜ਼ਾਮ ਲਾਏ ਹਨ ਕਿ ਬ੍ਰਿਿਟਸ਼ ਕੋਲੰਬੀਆ ਦੇ ਮਿਸ਼ਨ ਸਿਟੀ ਵਿਚ ਇਨ੍ਹਾਂ ਖ਼ਾਲਿਸਤਾਨੀਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਇਨ੍ਹਾਂ ਦੋਸ਼ਾਂ ਨੂੰ ਆਧਾਰ ਬਣਾ ਕੇ ਭਾਰਤੀ ਏਜੰਸੀਆਂ ਨੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੂੰ ਅਲਰਟ ਜਾਰੀ ਕੀਤਾ ਹੈ।

ਭਾਰਤੀ ਏਜੰਸੀਆਂ ਮੁਤਾਬਕ ਇਕ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਭਾਰਤ ਵਿਚ ਹਮਲਾ ਕਰਨ ਲਈ ਸਿੱਖ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ। ਭਾਰਤੀ ਏਜੰਸੀਆਂ ਵਲੋਂ ਭੇਜੀ ਰਿਪੋਰਟ ਵਿਚ ਪਠਾਨਕੋਟ ਹਮਲੇ ਦਾ ਜ਼ਿਕਰ ਵੀ ਕੀਤਾ ਗਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਖ਼ਾਲਿਸਤਾਨੀਆਂ ਨੇ ਪਾਕਿਸਤਾਨ ਤੋਂ ਹਥਿਆਰ ਮੰਗਵਾ ਲਏ ਸਨ ਪਰ ਪਠਾਨਕੋਟ ਹਮਲੇ ਤੋਂ ਬਾਅਦ ਸੁਰੱਖਿਆ ਵਧਣ ਕਾਰਨ ਉਹ ਸਫਲ ਨਹੀਂ ਹੋ ਸਕੇ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਲੁਧਿਆਣਾ ਦੇ ਚੱਕ ਕਲਾਂ ਤੋਂ ਸਿੱਖ ਨੌਜਵਾਨ ਭਾਈ ਮਨਦੀਪ ਸਿੰਘ ਜਗਰਾਉਂ ਪੁਲਿਸ ਨੇ ਘਰੋਂ ਚੁੱਕ ਲਿਆ ਸੀ। ਪੁਲਿਸ ਮੁਤਾਬਕ ਉਸਨੇ ਦਲ ਖ਼ਾਲਸਾ ਇੰਟਰਨੈਸ਼ਨਲ ਚੀਫ ਗਜਿੰਦਰ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਨਾਲ ਗੱਲ ਕੀਤੀ ਸੀ। ਭਾਰਤੀ ਏਜੰਸੀਆਂ ਵਲੋਂ ਭੇਜੀ ਰਿਪੋਰਟ ਵਿਚ 1981 ਦੇ ਜਹਾਜ਼ ਹਾਈਜੈਕ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਏਜੰਸੀ ਮੁਤਾਬਕ ਨਿੱਝਰ ਦਾ ਨਾਂ ਖ਼ਤਰਨਾਕ ਬੰਦਿਆਂ ਵਿਚ ਸ਼ਾਮਲ ਹੈ ਅਤੇ 2007 ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਧਮਾਕਾ ਕੇਸ ਵਿਚ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਸਾਲ ਜਗਤਾਰ ਸਿੰਘ ਤਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਨਿੱਝਰ ਹੀ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: