ਇੰਡਕਸ਼ਨ ਪ੍ਰੋਗਰਾਮ ਦੌਰਾਨ ਲਾਅ ਸਕੂਲ ਦੇ ਵਿਦਿਆਰਥੀ

ਆਮ ਖਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਲਾਅ ਵਿਭਾਗ ਵੱਲੋਂ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ

By ਸਿੱਖ ਸਿਆਸਤ ਬਿਊਰੋ

August 02, 2016

ਫਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਲਾਅ ਵਿਭਾਗ ਵੱਲੋਂ ਯੂਨੀਵਰਸਿਟੀ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਆਪਣੇ ਭਾਸ਼ਣ ਵਿਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਵਿੱਦਿਆ ਅਤੇ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦੀ ਪੂਰਤੀ ਲਈ ਯੂਨੀਵਰਸਿਟੀ ਵੱਲੋਂ ਅਤਿ ਆਧੁਨਿਕ ਲਾਅ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ।

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਲਾਅ ਵਿਭਾਗ ਕੋਲ ਵਿਦਿਆਰਥੀਆਂ ਦਾ ਵਿਹਾਰਕ ਗਿਆਨ ਵਧਾਉਣ ਲਈ ਮੂਟ ਕੋਰਟ ਤੋਂ ਇਲਾਵਾ ਈ-ਜਰਨਲਾਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ ਅਤੇ ਇਕ ਸ਼ਤਾਬਦੀ ਪੁਰਾਣੇ ਕਾਨੂੰਨੀ ਰਸਾਲੇ ਮੌਜੂਦ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਅਣਥੱਕ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਜੀਵਨ ਦਾ ਕੋਈ ਨਿਸ਼ਚਿਤ ਟੀਚਾ ਮਿੱਥਣ ਅਤੇ ਉਸਨੂੰ ਪੂਰਾ ਕਰਨ ਲਈ ਪ੍ਰੇਰਿਆ।

ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਮੁਖੀ ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਲਾਅ ਵਿਸ਼ੇ ਵਿਚ ਮੌਜੂਦ ਖੇਤਰਾਂ ਅਤੇ ਮੌਕਿਆਂ ਬਾਰੇ ਭਾਵਪੂਰਤ ਜਾਣਕਾਰੀ ਉਪਲਬਧ ਕਰਵਾਉਂਦਿਆਂ ਉਨ੍ਹਾਂ ਨੂੰ ਆਪਣਾ ਸਫ਼ਲ ਕਰੀਅਰ ਬਣਾਉਣ ਲਈ ਪ੍ਰੇਰਿਆ।ਉਨ੍ਹਾਂ ਲੀਗਲ ਸਟੱਡੀਜ਼ ਦੇ ਵਿਦਿਆਰਥੀਆਂ ਨੂੰ ਜੂਡੀਸ਼ਿਅਲ ਸੇਵਾਵਾਂ, ਲੀਗਲ ਸੇਵਾਵਾਂ, ਐਮਐਨਸੀਜ਼ ਅਤੇ ਸਿਵਿਲ ਸੇਵਾਵਾਂ ਆਦਿ ਵਿਚ ਵੀ ਕਰੀਅਰ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਆਈਟੀ ਟਰੇਨਿੰਗ ਅਤੇ ਵਿਅਕਤੀਗਤ ਵਿਕਾਸ ਦੀ ਕਲਾ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਉਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਕੰਵਲਜੀਤ ਸਿੰਘ, ਡੀਨ ਰਿਸਰਚ ਡਾ. ਬੀ.ਐਸ. ਭਾਟੀਆ, ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਡਾ. ਬੀਰਬਿਕਰਮ ਸਿੰਘ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: