ਆਮੀਰ ਖਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ

ਆਮ ਖਬਰਾਂ

ਅਸਿਹਣਸ਼ੀਲਤਾ ਬਾਰੇ ਆਮੀਰ ਦੀ ਟਿੱਪਣੀ ਤੋਂ ਬਾਅਦ ਰਾਸ਼ਟਰਵਾਦੀਆਂ ਦੀ ਸਹਿਣਸ਼ੀਲਤਾ ਦਾ ਬੰਨ ਮੁੜ ਟੁੱਟਿਆ

By ਸਿੱਖ ਸਿਆਸਤ ਬਿਊਰੋ

November 26, 2015

ਚੰਡੀਗੜ੍ਹ: ਬੀਤੇ ਦਿਨੀਂ ਦਿੱਲੀ ਵਿਖੇ ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜ਼ਰਨਲੀਸਮ ਐਵਾਰਡ ਸਮਾਰੋਹ ਦੌਰਾਨ ਬੋਲਦਿਆਂ ਆਮੀਰ ਖਾਨ ਵੱਲੋਂ ਪਿਛਲੇ ਸਮੇਂ ਦੌਰਾਨ ਭਾਰਤ ਵਿੱਚ ਘੱਟਗਿਣਤੀਆਂ ਅਤੇ ਦਲਿਤਾਂ ਖਿਲਾਫ ਫੈਲੀ ਅਸਹਿਣਸ਼ੀਲਤਾ ਤੇ ਮਾਰੀ ਗਈ ਸੱਟ ਤੋਂ ਬਾਅਦ ਉੱਠੇ ਵਿਰੋਧ ਨੇ ਭਾਰਤ ਵਿੱਚ ਫੈਲ ਰਹੀ ਅਸਹਿਣਸ਼ੀਲਤਾ ਨੂੰ ਇੱਕ ਵਾਰ ਫੇਰ ਨੰਗਾ ਕਰ ਦਿੱਤਾ ਹੈ।

ਉਸ ਸਮਾਗਮ ਦੌਰਾਨ ਆਮੀਰ ਖਾਨ ਨੇ ਕਿਹਾ ਸੀ ਕਿ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਉਸ ਦਾ ਪਰਿਵਾਰ ਬਹੁਤ ਚਿੰਤਿਤ ਹੈ ਤੇ ਉਸ ਦੀ ਪਤਨੀ ਕਿਰਨ ਰਾਓ ਨੇ ਉਸ ਨੂੰ ਇੱਕ ਦਿਨ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ ਸ਼ਾਇਦ ਉਨ੍ਹਾਂ ਨੂੰ ਭਾਰਤ ਛੱਡ ਕੇ ਕਿਸੇ ਹੋਰ ਦੇਸ਼ ਜਾਣਾ ਪਵੇਗਾ।

ਇਸ ਸਮਾਗਮ ਵਿੱਚ ਭਾਰਤ ਦੇ ਕੇਂਦਰੀ ਮੰਤਰੀ ਅਰੁਣ ਜੇਤਲੀ ਵੀ ਹਾਜਿਰ ਸਨ।ਉਨ੍ਹਾਂ ਦੇ ਸਾਹਮਣੇ ਆਮਿਰ ਨੇ ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਫੈਲ ਰਹੀ ਅਸਿਹਣਸ਼ੀਲਤਾ ਤੋਂ ਬਹੁਤ ਲੋਕ ਦੁਖੀ ਹਨ ਜਿਸ ਦੇ ਚਲਦਿਆਂ ਕਈ ਕਲਾਕਾਰਾਂ, ਇਤਿਹਾਸਕਾਰਾਂ ਅਤੇ ਵਿਗਿਆਨੀਆਂ ਵੱਲੋਂ ਆਪਣੇ ਸਨਮਾਨ ਇਸ ਅਸਿਹਣਸ਼ੀਲਤਾ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਭਾਰਤ ਸਰਕਾਰ ਨੂੰ ਵਾਪਿਸ ਕੀਤੇ ਗਏ ਜਿਸ ਦਾ ਉਹ ਸਮਰਥਨ ਕਰਦੇ ਹਨ ਕਿਉਂਕਿ ਹਰ ਇੱਕ ਇਨਸਾਨ ਨੂੰ ਸ਼ਾਤਮਈ ਢੰਗ ਨਾਲ ਰੋਸ ਪ੍ਰਗਟ ਕਰਨ ਦਾ ਪੂਰਾ ਹੱਕ ਹੈ।

ਅਮੀਰ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਸਮਰਥਕਾਂ ਅਤੇ ਕਈ ਬਾਲੀਵੁੱਡ ਅਦਾਕਾਰਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ।ਅੱਜ ਭਾਰਤੀ ਪਾਰਲੀਮੈਂਟ ਵਿੱਚ ਆਮੀਰ ਖਾਨ ਦਾ ਨਾਮ ਲਏ ਬਿਨਾਂ ਅਸਿਹਣਸ਼ੀਲਤਾ ਤੇ ਟਿੱਪਣੀ ਕਰਦਿਆਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭੀਮ ਰਾਓ ਅੰਬੇਦਕਰ ਨੂੰ ਦਲਿਤ ਹੋਣ ਕਾਰਨ ਭਾਰਤ ਵਿੱਚ ਕਈ ਵਾਰ ਬੇਇਜ਼ਤੀ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਦਿਆਂ ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ।

ਹਿੰਦੂ ਰਾਸ਼ਟਰਵਾਦੀ ਪਾਰਟੀ ਸ਼ਿਵ ਸੈਨਾ ਵੱਲੋਂ ਕੱਲ੍ਹ ਆਪਣੀ ਫਿਲਮ ਦੀ ਸ਼ੁਟਿੰਗ ਦੇ ਸੰਬੰਧ ਵਿੱਚ ਲੁਧਿਆਣਾ ਆਏ ਹੋਏ ਅਮੀਰ ਖਾਨ ਦਾ ਉਸ ਹੋਟਲ ਬਾਹਰ ਵਿਰੋਧ ਕੀਤਾ ਗਿਆ ਜਿੱਥੇ ਉਹ ਰੁੱਕੇ ਹੋਏ ਸਨ ਤੇ ਉਨ੍ਹਾਂ ਦੇ ਪੁਤਲੇ ਸਾੜੇ ਗਏ।ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ ਵੱਲੋਂ ਇਸ ਦੌਰਾਨ ਅਮੀਰ ਖਾਨ ਦੇ ਥੱਪੜ ਮਾਰਨ ਵਾਲੇ ਲਈ ਇੱਕ ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ ਕਰ ਦਿੱਤਾ ਗਿਆ।

ਹਲਾਂਕਿ ਇਸ ਵਿਰੋਧ ਦਾ ਜਵਾਬ ਦਿੰਦਿਆਂ ਅਮੀਰ ਖਾਨ ਨੇ ਬੀਤੇ ਕੱਲ੍ਹ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ ਕਿ ਵਿਰੋਧ ਕਰਨ ਵਾਲਿਆਂ ਨੇ ਜਾ ਤਾਂ ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਫੇਰ ਉਹ ਜਾਣ ਬੁੱਝ ਕੇ ਉਸ ਨੂੰ ਗਲਤ ਢਮਗ ਨਾਲ ਪੇਸ਼ ਕਰ ਰਹੇ ਹਨ।ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਭਾਰਤੀ ਹੋਣ ਤੇ ਮਾਣ ਹੈ ਤੇ ਉਨ੍ਹਾਂ ਦਾ ਤੇ ਉਨ੍ਹਾਂ ਦੀ ਪਤਨੀ ਦਾ ਭਾਰਤ ਨੂੰ ਛੱਡ ਕੇ ਜਾਣ ਦਾ ਕੋਈ ਵੀਚਾਰ ਨਹੀਂ ਹੈ।ਉਨ੍ਹਾਂ ਇਹ ਵੀ ਲਿਖਿਆ ਕਿ ਉਸ ਦਿਨ ਸਮਾਗਮ ਵਿੱਚ ਉਨ੍ਹਾਂ ਜੋ ਕਿਹਾ ਉਹ ਅੱਜ ਵੀ ਉਸ ਗੱਲ ਤੋਂ ਮੁਨਕਰ ਨਹੀਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: