ਵੀਡੀਓ

ਕੀ ਚੀਨ ਹੁਣ ਲੱਦਾਖ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਦਖਲ ਦੇਣ ਜਾ ਰਿਹਾ ਹੈ? ਦੱਖਣੀ ਏਸ਼ੀਆ ਭੂ-ਸਿਆਸਤ ਦੇ ਤਾਜਾ ਹਾਲਾਤ

August 19, 2020 | By

ਦੱਖਣੀ ਏਸ਼ੀਆ ਦੀ ਭੂ-ਸਿਆਸਤ (ਜੀਓ-ਪਾਲੀਟਿਕਸ) ਦੀ ਸਰਗਰਮੀ ਇਸ ਵੇਲੇ ਜ਼ੋਰਾਂ ਉੱਤੇ ਹੈ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਤਾਂ ਉਦੋਂ ਵੀ ਭੂ-ਸਿਆਸਤ ਦੇ ਮਹਿਰਾਂ ਨੇ ਇਸ ਦਾ ਸਬੰਧ ਦੱਖਣੀ ਏਸ਼ੀਆ ਦੀ ਭੂ-ਸਿਆਸਤ ਅਤੇ ਇਸ ਖਿੱਤੇ ਵਿਚ ਕੌਮਾਂਤਰੀ ਤਾਕਤਾਂ ਦੀ ਵਧੀ ਹੋਈ ਰੁਚੀ ਨਾਲ ਜੋੜਿਆ ਸੀ। ਪਿਛਲੇ ਮਹੀਨਿਆਂ ਦੌਰਾਨ ਲੱਦਾਖ ਵਿਚ ਭਖੇ ਰਹੇ ਚੀਨ-ਇੰਡੀਆ ਤਕਰਾਰ ਨੇ ਤਾਂ ਦੱਖਣੀ ਏਸ਼ੀਆ ਦੀ ਭੂ-ਸਿਆਸਤ ਦੀ ਸਰਗਰਮੀ ਦਾ ਮਸਲਾ ਬਿਲਕੁਲ ਖੋਲ੍ਹ ਕੇ ਆਮ ਅਵਾਮ ਸਾਹਮਣੇ ਵੀ ਰੱਖ ਦਿੱਤਾ ਹੈ।

ਲੱਦਾਖ ਮਾਮਲੇ ਦੌਰਾਨ ਭਾਵੇਂ ਤਿੰਨ ਵਾਰ ਦੋਵਾਂ ਧਿਰਾਂ ਦੇ ਫੌਜੀ ਆਪਸ ਵਿੱਚ ਭਿੜੇ ਤੇ 15 ਜੂਨ ਨੂੰ ਗਲਵਾਨ ਘਾਟੀ ਵਿਖੇ ਹੋਏ ਟਕਰਾਅ ਵਿੱਚ ਜਾਨੀ ਨੁਕਸਾਨ ਵੀ ਹੋਇਆ ਪਰ ਜੁਲਾਈ ਵਿੱਚ ਘੱਟੋ-ਘੱਟ ਕਹਿਣ ਨੂੰ ਦੋਵੇਂ ਧਿਰਾਂ ਟਕਰਾਅ ਟਾਲਣ ਅਤੇ ਤਣਾਅ ਘਟਾਉਣ ਲਈ ਰਾਜੀ ਹੋ ਗਈਆਂ।

ਇਸੇ ਦੌਰਾਨ ਚੀਨ ਨੇ ਇੰਡੀਆ ਨੂੰ ਵਿਦੇਸ਼ ਨੀਤੀ ਵਿੱਚ ਪਛਾੜਦਿਆਂ ਇੰਡੀਆ ਲਈ ਨੇਪਾਲ ਅਤੇ ਭੁਟਾਨ ਵਾਲੇ ਪਾਸਿਓ ਵੀ ਚੁਣੌਤੀਆਂ ਖੜ੍ਹੀਆਂ ਕਰਵਾਈਆਂ ਹਨ। ਫਿਰ ਵੀ ਇੰਡੀਆ ਲਈ ਲੱਦਾਖ ਮਾਮਲੇ ਉੱਤੇ ਟਾਲਾ ਰਾਹਤ ਵਾਲੀ ਗੱਲ ਹੀ ਮੰਨੀ ਜਾ ਰਹੀ ਹੈ।

ਲੱਦਾਖ ਮਸਲੇ ਮੌਕੇ ਕੀਤੀ ਪੜਚੋਲ ਦੌਰਾਨ ਮਾਹਿਰਾਂ ਨੇ ਜੋ ਕਿਆਸ-ਅਰਾਈਆਂ ਕੀਤੀਆਂ ਸਨ ਉਹਨਾਂ ਵਿੱਚੋਂ ਦੋ-ਤਿੰਨ ਅਹਿਮ ਗੱਲਾਂ ਇਹ ਸਨ ਕਿ ਇੱਕ ਤਾਂ ਚੀਨ ਤੇ ਇੰਡੀਆ ਦਰਮਿਆਨ ਹੁਣ ਹਾਲਾਤ ਬਹੁਤੇ ਸਥਿਰ ਨਹੀਂ ਰਹਿਣਗੇ, ਭਾਵ ਕਿ ਇੱਥੇ ਹਲਚਲ ਹੁੰਦੀ ਹੀ ਰਹੇਗੀ; ਦੂਜੀ ਇਹ ਕਿ ਚੀਨ ਹਿਮਾਚਲ ਸਮੇਤ ਜਿੱਥੇ ਕਿਤੇ ਵੀ ਸੰਭਾਵਨਾ ਪਈ ਹੈ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਦਖਲ ਦੇ ਸਕਦਾ ਹੈ ਅਤੇ ਤੀਜੀ ਗੱਲ ਇਹ ਸੀ ਕਿ ਹੁਣ ਸਰਹੱਦਾਂ ਸਖਤ ਹੋਣਗੀਆਂ ਅਤੇ ਇੰਡੀਆ ਨੂੰ ਆਪਣੀ ਫੌਜ ਤੇ ਸਿਰਮਾਇਆ ਚੀਨ ਨਾਲ ਲੱਗਦੀ ਹੱਦ ਉੱਤੇ ਵਧੇਰੇ ਖਚਤ ਕਰਨ ਲਈ ਮਜਬੂਰ ਹੋਣਾ ਪਵੇਗਾ।

ਹੁਣ ਜੋ ਖਬਰਾਂ ਆ ਰਹੀਆਂ ਹਨ ਉਹ ਇਨ੍ਹਾਂ ਹੀ ਗੱਲਾਂ ਵੱਲ ਹੀ ਇਸ਼ਾਰਾ ਕਰ ਰਹੀਆਂ ਹਨ। ਇੰਡੀਅਨ ਫੌਜ ਦੇ ਇੱਕ ਸਾਬਕਾ ਜਨਰਲ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਹੈ ਕਿ ਚੀਨ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਦਖਲ ਦਿੱਤਾ ਜਾ ਸਕਦਾ ਹੈ।

ਖਬਰਾਂ ਹਨ ਕਿ ਅਕਸਾਈ ਚਿਨ ਦੇ ਖੇਤਰ ਵਿੱਚ ਚੀਨ ਦੇ 50,000 ਫੌਜੀ ਤਾਇਨਾਤ ਹਨ। ਇਸ ਦੇ ਮੁਕਾਬਲੇ ਇੰਡੀਆ ਨੇ ਵੀ ਟੀ-90 ਟੈਂਕਾਂ ਦੀ ਇੱਕ ਸੁਕਾਰਡਨ, ਆਰਮਡ ਪਰਸਨਲ ਕੈਰੀਅਰ ਅਤੇ ਇਕ ਟਰੁੱਪ ਬਿ੍ਰਗੇਡ (4000 ਫੌਜੀ) ਤਾਇਨਾਤ ਕੀਤੇ ਹੋਏ ਹਨ।

ਸਾਬਕਾ ਲੈਫਟੀਨੈਂਟ ਜਨਰਲ (ਰਿਟਾਇਰਡ) ਪੀ.ਸੀ. ਕਟੋਚ ਮੁਤਾਬਿਕ ਚੀਨ ਦੀ ਫੌਜ ਖੀਮੋਕੁਲ ਪਾਸ ਕੋਲ ਇੱਕ ਸੜਕ ਬਣਾ ਰਹੀ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜਿਲ੍ਹੇ ਦੀ ਮੋਰੰਗ ਘਾਟੀ ਨੇੜੇ ਆ ਢੁੱਕਦੀ ਹੈ।

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ 260 ਕਿੱਲੋ-ਮੀਟਰ ਹੱਦ ਚੀਨ ਨਾਲ ਲੱਗਦੀ ਹੈ ਜਿਸ ਵਿਚੋਂ 140 ਕਿੱਲੋ-ਮੀਟਰ ਹੱਦ ਕਿੰਨੌਰ ਜਿਲ੍ਹੇ ਦੀ ਹੈ ਅਤੇ 80 ਕਿ.ਮੀ. ਹੱਦ ਲਾਹੌਲ ਤੇ ਸਪੀਤੀ ਜਿਲ੍ਹੇ ਦੀ ਹੈ।

ਤਾਜਾ ਖਬਰਾਂ ਮੁਤਾਬਿਕ ਇਸ ਦੌਰਾਨ ਚੀਨ ਵੱਲੋਂ ਤਿੱਬਤ ਵਿੱਚ ਯਾਮ-ਰੰਗ ਲਾ ਪਾਸ, ਜੋ ਕਿ ਕਿੰਨੌਰ ਜਿਲ੍ਹੇ ਦੀ ਸੰਗਲਾ ਘਾਟੀ ਵਾਲੇ ਪਾਸੇ ਹੈ, ਵੱਲ ਵੀ ਸੜਕ ਬਣਾਈ ਜਾ ਰਹੀ ਹੈ। ਅਸਾਰ ਹਨ ਕਿ ਚੀਨ ਇਸ ਨੂੰ ਦੋ ਕਿੱਲੋਮੀਟਰ ਅੱਗੇ ‘ਨੋ-ਮੈਨਜ਼ ਲੈਂਡ’ ਤੱਕ ਵਧਾ ਲਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,