ਇਟਲੀ ਨੇ ਕਈ ਸਿੱਖਾਂ ਨੂੰ ਨਾਗਰਿਕਤਾ ਦੇਣ ਤੋਂ ਕੀਤਾ ਇਨਕਾਰ

ਸਿੱਖ ਖਬਰਾਂ

ਭਾਰਤੀ ਦੂਤਾਘਰ ਦੀ ਰਿਪੋਰਟ ਸਦਕਾ ਇਟਲੀ ਨੇ ਕਈ ਸਿੱਖਾਂ ਨੂੰ ਨਾਗਰਿਕਤਾ ਦੇਣ ਤੋਂ ਕੀਤਾ ਇਨਕਾਰ

By ਸਿੱਖ ਸਿਆਸਤ ਬਿਊਰੋ

July 19, 2015

ਮਿਲਾਨ/ਇਟਲੀ ( 18 ਜੁਲਾਈ, 2015): ਇਟਲੀ ਵਿੱਚ  ਲੰਮੇ ਸਮੇਂ ਤੋਂ ਰਹਿ ਰਹੇ ਸਿੱਖਾਂ ਨੂੰ ਇਟਲੀ ਸਰਕਾਰ ਨੇ ਇਸ ਕਰਕੇ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਟਲੀ ਸਥਿਤ ਭਾਰਤੀ ਦੂਤਾਘਰ ਆਪਣੀ ਰਿਪੋਰਟ ਵਿੱਚ ਉਨ੍ਹਾਂ ਦੇ ਵਧੀਆਂ ਚਰਿੱਤਰ ਦੀ ਹਾਮੀ ਨਹੀਂ ਭਰਦਾ।

ਅੱਜ ਜਦੋਂ ਇਟਲੀ ‘ਚ ਮਹਾਨ ਸਿੱਖ ਧਰਮ ਰਜਿਸਟਰਡ ਹੋਣ ਜਾ ਰਿਹਾ ਹੈ ਤਾਂ ਇਟਲੀ ਦੀ ਪੂਰੀ ਤਰਕਾਰ ‘ਚ ਸਿੱਖ ਧਰਮ ਦੇ ਚਰਚੇ ਹਨ। ਅਜਿਹੇ ਬੁਲੰਦੀ ਵਾਲੇ ਮਾਹੌਲ ‘ਚ ਜੇਕਰ ਇਟਲੀ ਦੀ ਸਰਕਾਰ ਕਿਸੇ ਸਿੱਖ ਨੂੰ ਇਹ ਕਹਿ ਕਿ ਇਟਾਲੀਅਨ ਨਾਗਰਿਕਤਾ ਦੇਣ ਤੋਂ ਇਨਕਾਰੀ ਹੋ ਜਾਵੇ ਕਿ ਉਸ ਦਾ ਚਾਲ-ਚਲਣ ਠੀਕ ਨਹੀਂ, ਇਟਲੀ ‘ਚ ਸਥਿਤ ਭਾਰਤੀ ਦੂਤਘਰ ਉਸ ਦੇ ਵਧੀਆ ਚਰਿੱਤਰ ਦੀ ਗਵਾਹੀ ਨਹੀਂ ਭਰਦੀ ਤਾਂ ਇਹ ਗੱਲ ਇਟਲੀ ਦੇ ਸਮੁੱਚੇ ਸਿੱਖ ਭਾਈਚਾਰੇ ਦੇ ਨਾਲ-ਨਾਲ ਇਟਲੀ ਦੀਆਂ ਨਾਮੀ ਗ੍ਰਾਮੀ ਸਿੱਖ ਜੱਥੇਵੰਦੀਆਂ ਲਈ ਵੀ ਆਉਣ ਵਾਲੇ ਸਮੇਂ ‘ਚ ਵੱਡੀ ਮੁਸ਼ਕਿਲ ਬਣ ਸਕਦੀ ਹੈ।

ਪੰਜਾਬੀ ਅਖਬਾਰ ਅਜੀਤ ਵਿੱਚ ਇਟਲੀ ਤੋਂ ਨਸ਼ਰ ਖ਼ਬਰ ਅਨੁਸਾਰ ਹਾਲ ਹੀ ‘ਚ ਇਟਲੀ ਦੇ ਸਭ ਤੋਂ ਅਮੀਰ ਸੂਬੇ ਏਮਿਲੀਆ ਰੋਮਾਨਾ ਤੋਂ ਕੁਝ ਸਿੱਖਾਂ ਨੇ ਇਟਾਲੀਅਨ ਨਾਗਰਿਕਤਾ ਲਈ ਦਰਖਾਸਤ ਦਿੱਤੀ ਹੋਈ ਹੈ, ਜਿਸ ਨੂੰ ਇਟਾਲੀਅਨ ਸਰਕਾਰ ਨੇ ਇਹ ਕਹਿ ਕਿ ਖਾਰਜ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਚਾਲ-ਚਲਣ ਠੀਕ ਨਾ ਹੋਣ ਕਾਰਨ ਤੇ ਭਾਰਤੀ ਦੂਤਘਰ ਵੱਲੋਂ ਉਨ੍ਹਾਂ ਦੀ ਜਿੰਮੇਵਾਰੀ ਨਾਲ ਚੁੱਕਣ ਕਾਰਨ ਇਟਾਲੀਅਨ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ।

ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਇਕ ਸਿੱਖ (ਜਿਸ ਨੂੰ ਕਿ ਨਾਗਰਿਕਤਾ ਦੇਣ ਤੋਂ ਨਾਂਹ ਹੋਈ ਹੈ) ਨੇ ਦੱਸਿਆ ਕਿ ਉਹ ਪਿਛਲੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਟਲੀ ਰੈਣ-ਬਸੇਰਾ ਕਰ ਰਹੇ ਹਨ। ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ ਤੇ ਉਹ ਅਨੇਕਾਂ ਵਾਰ ਭਾਰਤ ਅਤੇ ਕਈ ਹੋਰ ਦੇਸ਼ਾਂ ‘ਚ ਘੁੰਮ ਚੁੱਕਾ ਹੈ। ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ ਤੇ ਨਾਂ ਹੀ ਕਦੇ ਭਾਰਤ ਵਿੱਚ ਉਨ੍ਹਾਂ ਦੇ ਨਾਂਅ ਕੇਸ ਦਰਜ ਹੋਇਆ ਫਿਰ ਪਤਾ ਨਹੀਂ ਕਿਉਂ ਇਟਲੀ ਸਰਕਾਰ ਨੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਸਿੱਖ ਨੇ ਦੱਸਿਆ ਕਿ ਉਸ ਨਾਲ 10 ਹੋਰ ਅਜਿਹੇ ਸਿੱਖ ਹਨ, ਜਿਨ੍ਹਾਂ ਨੂੰ ਇਟਲੀ ਸਰਕਾਰ ਨੇ ਨਾਗਰਿਕਤਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

ਇਸ ਕਾਰਵਾਈ ਨੇ ਇਹ ਗੱਲ ਜੱਗ ਜ਼ਾਹਿਰ ਕਰ ਦਿੱਤੀ ਹੈ ਕਿ ਇਕ ਕਾਲੀ ਸੂਚੀ ਸੰਨ 84 ‘ਚ ਬਣੀ ਸੀ ਤੇ ਇਕ ਕਾਲੀ ਸੂਚੀ ਹੁਣ ਇਟਲੀ ‘ਚ ਤਿਆਰ ਹੋ ਰਹੀ ਹੈ, ਜਿਸ ‘ਚ ਪਤਾ ਨਹੀਂ ਕਿਸ-ਕਿਸ ਦਾ ਨਾਂਅ ਸ਼ਾਮਿਲ ਹੋ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: