ਸਿਆਸੀ ਖਬਰਾਂ

ਬਾਦਲ ਤੋਂ ਵੱਖ ਹੋਇਆ ਜਨਰਲ ਹੁਣ ਬਾਗੀਆਂ ਦੇ ਮੋਰਚੇ ਦੀ ਕਮਾਨ ਸੰਭਾਲੇਗਾ

By ਸਿੱਖ ਸਿਆਸਤ ਬਿਊਰੋ

February 06, 2019

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ): ਭਾਰਤੀ ਫੌਜ ਦੇ ਸੇਵਾਮੁਕਤ ਜਨਰਲ ਜੇ.ਜੇ. ਸਿੰਘ ਅੱਜ ਬਾਦਲਾਂ ਤੋਂ ਬਾਗੀ ਹੋਈ ਆਗੂਆਂ ਵੱਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਿਲ ਹੋ ਗਏ। ਰਣਜੀਤ ਸਿੰਘ ਬ੍ਰਹਮਪੁਰਾ ਦੀ ਨਿੱਜੀ ਰਿਹਾਇਸ਼ ਤੇ ਜੇ.ਜੇ. ਸਿੰਘ ਨੇ ਸ੍ਰੋ.ਅ.ਦ.(ਟ) ਦਾ ਲੜ ਫੜ ਲਿਆ। ਫੌਜ ਚੋਂ ਸੇਵਾ ਮੁਕਤ ਹੋਣ ਉਪਰੰਤ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਰਹਿਣ ਵਾਲੇ ਜਨਰਲ ਜੇ.ਜੇ. ਸਿੰਘ ਲਈ ਮਹਿਜ ਇੱਕ ਸਾਲ ਵਿੱਚ ਇਹ ਦੂਸਰੀ ਸਿਆਸੀ ਪਾਰਟੀ ਹੈ ਜਿਸਦੀ “ਬੇੜੀ ਨੂੰ ਪਾਰ ਲੰਘਾਉਣ” ਲਈ ਉਹ ਅੱਗੇ ਆਏ ਹਨ।

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਿਲ ਹੋਏ ਜੇ.ਜੇ. ਸਿੰਘ ਨੇ ਪਟਿਆਲਾ ਵਿਧਾਨ ਸਭਾ ਤੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਲੜੀ ਪਰ ਨਾਕਾਮ ਰਹੇ  ਕੁਝ ਸਮੇਂ ਬਾਅਦ ਹੀ ਉਹ ਬਾਦਲ ਦਲ ਦੇ ਸਮੁਚੇ ਅਹੁਦਿਆਂ ਤੋਂ ਅਸਤੀਫਾ ਦੇ ਗਏ ਸਨ।

ਸ੍ਰੋ.ਅ.ਦ.(ਟ) ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਨਰਲ ਜੇ.ਜੇ ਸਿੰਘ ਨੇ ਕੈਪਟਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਬਰਗਾੜੀ ਤੇ ਸਾਕਾ ਬਹਿਬਲ ਕਲਾਂ ਕਰਵਾਉਣ ਵਾਲੇ ਬਾਦਲ ਪਰਿਵਾਰ ਤੇ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਕਿ ਬੇਹੱਦ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ,ਜੋ ਵੀ ਜਿੰਮੇਵਾਰੀ ਸੌਪੀ ਜਾਵੇਗੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਸ੍ਰੋ.ਅ.ਦ.(ਟ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਜਨਰਲ ਸਕੱਤਰ ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ ਅਮਰਪਾਲਸਿੰਘ ਬੋਨੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਓਐਸਡੀ. ਦਮਨਜੀਤ ਸਿੰਘ ਤੇ ਯੂਥ ਆਗੂ ਕਵਰ ਸੰਧੂ ਬ੍ਰਹਮਪੁਰਾ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: