ਸਿਆਸੀ ਖਬਰਾਂ

ਜਗਦੀਸ਼ ਗਗਨੇਜਾ ਕੇਸ: ਏਮਜ਼ ਦੇ ਡਾਕਟਰ ਪੁੱਜੇ; ਹਮਲੇ ਲਈ ਪੁਲੀਸ ਦੀ ਲਾਪ੍ਰਵਾਹੀ ਜ਼ਿੰਮੇਵਾਰ: ਅਨਿਲ ਜੋਸ਼ੀ

By ਸਿੱਖ ਸਿਆਸਤ ਬਿਊਰੋ

August 10, 2016

ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਮੰਗਲਵਾਰ ਗਗਨੇਜਾ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਡਾਕਟਰਾਂ ਕੋਲੋਂ ਜਗਦੀਸ਼ ਗਗਨੇਜਾ ਦੀ ਸਿਹਤ ਬਾਰੇ ਪੁੱਛਿਆ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਗਗਨੇਜਾ ਦੀ ਹਾਲੇ ਵੀ ਸਿਹਤ ਨਾਜ਼ੁਕ ਹੈ। ਉਨ੍ਹਾਂ ਨੇ ਸਿੱਧੇ ਤੌਰ ’ਤੇ ਇਸ ਹਮਲੇ ਲਈ ਪੰਜਾਬ ਪੁਲੀਸ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਪਤਾ ਸੀ ਕਿ ਗਗਨੇਜਾ ਦੀ ਜਾਨ ਨੂੰ ਖਤਰਾ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ। ਉਨ੍ਹਾਂ ਨੇ ਪੁਲੀਸ ਦੀ ਜਾਂਚ ’ਤੇ ਵੀ ਉਂਗਲ ਚੁੱਕੀ। ਉਨ੍ਹਾਂ ਕਿਹਾ ਕਿ ਹਮਲੇ ਨੂੰ ਚਾਰ ਦਿਨ ਹੋ ਚੁੱਕੇ ਹਨ, ਪਰ ਹਾਲੇ ਤੱਕ ਮੁਲਜ਼ਮਾਂ ਬਾਰੇ ਕੋਈ ਸਬੂਤ ਹੱਥ ਨਹੀਂ ਲੱਗਿਆ ਹੈ। ਅਜਿਹੇ ’ਚ ਕੇਂਦਰੀ ਜਾਂਚ ਏਜੰਸੀਆਂ ਦੀ ਮੱਦਦ ਲੈਣੀ ਚਾਹੀਦੀ ਹੈ।

ਦੂਜੇ ਪਾਸੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸੂਬਾ ਮੀਤ ਪ੍ਰਧਾਨ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੀ ਸਿਹਤ ਦੀ ਜਾਂਚ ਕਰਨ ਲਈ ਏਮਜ਼ ਦੇ ਡਾਕਟਰਾਂ ਦੀ ਟੀਮ ਹੀਰੋ ਡੀਐਮਸੀ ਹਸਪਤਾਲ ਪਹੁੰਚੀ। ਮਾਹਿਰ ਡਾਕਟਰਾਂ ਨੇ ਡੀਐਮਸੀ ਅਤੇ ਪੀਜੀਆਈ ਦੇ ਡਾਕਟਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਡਾਕਟਰ, ਗਗਨੇਜਾ ਦੇ ਸਰੀਰ ਵਿੱਚ ਹੋਈ ਇਨਫੈਕਸ਼ਨ ਨੂੰ ਘੱਟ ਕਰਨ ਵਿੱਚ ਲੱਗੇ ਹੋਏ ਹਨ।

ਜਗਦੀਸ਼ ਗਗਨੇਜਾ ਹਾਲੇ ਵੀ ਵੈਂਟੀਲੇਟਰ ’ਤੇ ਹਨ ਅਤੇ ਹਸਪਤਾਲ ਵਿੱਚ ਮਿਲਣ ਵਾਲਿਆਂ ਅਤੇ ਵੀਆਈਪੀਜ਼ ਦਾ ਆਉਣਾ ਲਗਾਤਾਰ ਜਾਰੀ ਹੈ। ਡਾਕਟਰਾਂ ਨੇ ਬੀਤੇ ਦਿਨੀਂ ਸਪੱਸ਼ਟ ਕੀਤਾ ਸੀ ਕਿ ਗਗਨੇਜਾ ਦੇ ਸਰੀਰ ਵਿੱਚ ਹਾਲੇ ਤਿੰਨ ਗੋਲੀਆਂ ਅੰਦਰ ਹੀ ਹੈ। ਗੋਲੀਆਂ ਦੇ ਛਰ੍ਹਿਆਂ ਕਾਰਨ ਉਨ੍ਹਾਂ ਦੇ ਸ਼ਰੀਰ ਵਿੱਚ ਨੌਂ ਜ਼ਖ਼ਮ ਹਨ, ਜਿਨ੍ਹਾਂ ਕਰਕੇ ਸਰੀਰ ਵਿੱਚ ਇਨਫੈਕਸ਼ਨ ਲਗਾਤਾਰ ਵੱਧ ਰਹੀ ਹੈ। ਇਸ ਨੂੰ ਕੰਟਰੋਲ ਕਰਨ ਲਈ ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਡੀਐਮਸੀ ਹਸਪਤਾਲ ਦਾ ਦੌਰਾ ਕੀਤਾ ਅਤੇ ਗਗਨੇਜਾ ਦਾ ਇਲਾਜ ਕਰ ਰਹੇ ਡੀਐਮਸੀ ਅਤੇ ਪੀਜੀਆਈ ਦੇ ਡਾਕਟਰਾਂ ਨੂੰ ਮਿਲ ਕੇ ਅੱਗੇ ਦੇ ਇਲਾਜ ਬਾਰੇ ਚਰਚਾ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: