Site icon Sikh Siyasat News

ਜਗਮੀਤ ਸਿੰਘ ਬਰਾੜ ਨੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ

ਚੰਡੀਗੜ: ਫਰੀਦਕੋਟ ਤੋਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਪੰਜਾਬ ਇਕਾਈ ਦੇ ਪ੍ਰਧਾਨਗੀ ਅਹੁਦੇ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਕੋਲਕਾਤਾ ਰਿਹਾਇਸ਼ ’ਤੇ ਅਸਤੀਫ਼ੇ ਵਾਲਾ ਪੱਤਰ ਸੌਂਪਿਆ।

ਬਰਾੜ ਨੇ ਕਿਹਾ ਕਿ ਉਹ ਪੰਜਾਬ ’ਚ ਆਪਣੇ ਦੋਸਤਾਂ ਅਤੇ ਹਮਾਇਤੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਦੀ ਆਪਣੀ ਰਣਨੀਤੀ ਬਾਰੇ ਫ਼ੈਸਲਾ ਲੈਣਗੇ।ਬਰਾੜ ਪਿਛਲੇ ਸਾਲ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦਾ ਮੁਖੀ ਬਣਾਇਆ ਗਿਆ ਸੀ।

ਜਗਮੀਤ ਸਿੰਘ ਬਰਾੜ

ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਮਮਤਾ ਬੈਨਰਜੀ ਨਾਲ ਦਿੱਲੀ ਅਤੇ ਕੋਲਕਾਤਾ ’ਚ ਵਾਰ-ਵਾਰ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਨੂੰ ਆਪਣੇ ਹਮਾਇਤੀਆਂ ਨਾਲ ਬਿਲਕੁਲ ਇਕੱਲਿਆਂ ਛੱਡ ਦਿੱਤਾ ਗਿਆ।

ਅਸਤੀਫ਼ੇ ’ਚ ਬਰਾੜ ਨੇ ਕਿਹਾ ਹੈ ਕਿ ਉਨ੍ਹਾਂ ਸਾਂਝੇ ਹਿੱਤਾਂ ਲਈ ਆਪਣੀ ਊਰਜਾ ਅਤੇ ਸਾਧਨ ਜੁਟਾਏ ਸਨ ਪਰ ਇੰਜ ਜਾਪਦਾ ਹੈ ਕਿ ਮਮਤਾ ਬੈਨਰਜੀ ਪੰਜਾਬ ’ਚ ਆਪਣੀ ਦਿਲਚਸਪੀ ਗੁਆ ਚੁੱਕੀ ਹੈ।

ਜਿਕਰਯੋਗ ਹੈ ਕਿ ਪਿਛਲੇ ਸਾਲ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦ ਹੋਣ ਕਰਕੇ ਕਾਂਗਰਸ ਪਾਰਟੀ ਨੂੰ ਵਿਦਾ ਆਖ ਦਿੱਤਾ ਸੀ।ਬਰਾੜ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹੇ ਸਨ। ਉਹ 10 ਸਾਲਾਂ ਤਕ ਕਾਂਗਰਸ ਵਰਕਿੰਗ ਕਮੇਟੀ ਦੇ ਪੱਕੇ ਇਨਵਾਇਟੀ ਰਹੇ ਅਤੇ ਏਆਈਸੀਸੀ ਦੇ 2010 ਤੋਂ 2013 ਤਕ ਜਨਰਲ ਸਕੱਤਰ ਵੀ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version