Site icon Sikh Siyasat News

ਜਗਤਾਰ ਸਿੰਘ ਜੱਗੀ ਮਾਮਲਾ: ਐਨ.ਆਈ.ਏ ਵੱਲੋਂ ਗਵਾਹਾਂ ਦੀ ਪਛਾਣ ਗੁਪਤ ਰੱਖਣ ਦੀ ਅਰਜ਼ੀ ’ਤੇ ਬਹਿਸ 29 ਨੂੰ

ਅਦਾਲਤ ਵਿੱਚ ਪੇਸ਼ੀ ਮੌਕੇ ਲਿਆਂਦੇ ਗਏ ਜਗਤਾਰ ਸਿੰਘ ਜੌਹਲ ਦੀ ਪੁਰਾਣੀ ਤਸਵੀਰ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੁਹਾਲੀ : ਭਾਰਤ ਵਿੱਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਅਤੇ ਹੋਰਨਾਂ ਸਿੱਖ ਨੌਜਵਾਨਾਂ ਖਿਲਾਫ ਚੱਲ ਰਹੇ ਮਾਮਲਿਆਂ ਦੀ ਅੱਜ ਐਨ.ਆਈ.ਏ. ਦੀ ਖਾਸ ਅਦਾਲਤ ਵਿੱਚ ਸੁਣਵਾਈ ਹੋਈ। ਅੱਜ ਦੀ ਪੇਸ਼ੀ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿਚੋਂ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ।

ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਐਨ.ਆਈ.ਏ. ਵੱਲੋਂ 6 ਮਾਮਲਿਆਂ ਵਿੱਚ ਵੱਖ-ਵੱਖ ਗਵਾਹਾਂ ਦੀ ਪਛਾਣ ਗੁਪਤ ਰੱਖਣ ਲਈ ਅਰਜੀਆਂ ਲਾਈਆਂ ਗਈਆਂ ਜਿਸ ਨਾਲ ਸੰਬੰਧਤ ਦਸਤਾਵੇਜ਼ਾਂ ਦੀਆਂ ਨਕਲਾਂ ਬਚਾਅ ਪੱਖ ਨੂੰ ਦਿੱਤੀਆਂ ਗਈਆਂ।ਇਨ੍ਹਾਂ ਅਰਜੀਆਂ ਉੱਤੇ ਅਦਾਲਤ ਵਿੱਚ ਬਹਿਸ ਲਈ 29 ਅਗਸਤ ਦੀ ਤਰੀਕ ਮਿੱਥੀ ਗਈ ਹੈ।

ਜਗਤਾਰ ਸਿੰਘ ਜੋਹਲ ਦੀ ਅੱਜ ਪੇਸ਼ੀ ਵੇਲੇ ਦੀ ਤਸਵੀਰ

ਜ਼ਿਕਰਯੋਗ ਹੈ ਕਿ ਇਹ ਸਾਰੇ ਮਾਮਲੇ ਸੀ.ਬੀ.ਆਈ. ਅਤੇ ਐਨ.ਆਈ.ਏ. ਦੇ ਖਾਸ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਵਿੱਚ ਚੱਲਣਗੇ। ਅਦਾਲਤ ਨੇ ਅੱਜ ਇਨ੍ਹਾਂ ਮਾਮਲਿਆਂ ਨੂੰ ਤੇਜੀ ਨਾਲ ਚਲਾਉਣ ਦੇ ਸੰਕੇਤ ਦਿੱਤੇ ਹਨ। ਅਦਾਲਤ ਨੇ ਅਗਲੇ ਹੁਕਮਾਂ ਤੱਕ ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਸਾਰੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਹੀ ਮੱਕੜਤੰਦ (ਵੀਡੀਓ ਕਾਨਫਰੰਸਿੰਗ) ਰਾਹੀਂ ਪੇਸ਼ ਕਰਨ ਲਈ ਕਿਹਾ ਹੈ।

ਅੱਜ ਦੀ ਸੁਣਵਾਈ ਦੌਰਾਨ ਬਚਾਅ ਪੱਖ ਵੱਲੋਂ ਵਕੀਲ ਬਰਜਿੰਦਰ ਸਿੰਘ ਸੋਢੀ ਅਤੇ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version