ਇਨੈਲੋ ਵਰਕਰ ਸ਼ੰਭੂ ਬੈਰੀਅਰ ’ਤੇ ਹਰਿਆਣਾ ਵਾਲੇ ਪਾਸੇ ਐਸਵਾਈਐਲ ਨਹਿਰ ਦੀ ਖੁਦਾਈ ਕਰਦੇ ਹੋਏ

ਖਾਸ ਖਬਰਾਂ

ਐਸ.ਵਾਈ.ਐਲ ਮਾਮਲਾ: ਚੌਟਾਲਿਆਂ ਦੀ ਇਨੈਲੋ ਨੇ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਦਾ ਕੀਤਾ ਐਲਾਨ

By ਸਿੱਖ ਸਿਆਸਤ ਬਿਊਰੋ

April 30, 2018

ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ) ਦਾ ਮਸਲਾ ਇਕ ਵਾਰ ਫੇਰ ਉਭਾਰਨ ਲਈ ਹਰਿਆਣਾ ਦੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨੇ ਮੰਗਲਵਾਰ ਤੋਂ ਭਿਵਾਨੀ ਵਿਚ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਅੰਦੋਲਨ ਤਹਿਤ ਮਈ ਮਹੀਨੇ ਲਈ ਪਾਰਟੀ ਵਲੋਂ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ।

ਪ੍ਰੋਗਰਾਮ ਅਨੁਸਾਰ 1 ਮਈ ਨੂੰ ਪਾਰਟੀ ਵਲੋਂ ਭਿਵਾਨੀ ਵਿਚ ਰੈਲੀ ਕੀਤੀ ਜਾਵੇਗੀ ਜਿਸ ਮਗਰੋਂ ਪਾਰਟੀ ਦੇ ਵਰਕਰ ਆਪਣੀਆਂ ਗ੍ਰਿਫਤਾਰੀਆਂ ਦੇਣਗੇ।

ਹਰਿਆਣਾ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਭਿਵਾਨੀ ਵਿਚ ਗ੍ਰਿਫਤਾਰੀਆਂ ਤੋਂ ਬਾਅਦ ਪਾਰਟੀ ਕਾਰਕੁੰਨ 4 ਮਈ ਨੂੰ ਯਮੁਨਾਨਗਰ, 8 ਮਈ ਨੂੰ ਨੂਹ, 11 ਮਈ ਨੂੰ ਸਿਰਸਾ, 15 ਮਈ ਨੂੰ ਨਾਰਨੌਲ, 18 ਮਈ ਨੂੰ ਕੁਰੂਕਸ਼ੇਤਰਾ, 22 ਮਈ ਨੂੰ ਫਤੇਹਾਬਾਦ, 25 ਮਈ ਨੂੰ ਪਲਵਲ ਅਤੇ 29 ਮਈ ਨੂੰ ਕੈਥਲ ਵਿਖੇ ਗ੍ਰਿਫਤਾਰੀਆਂ ਦੇਣਗੇ।

ਅਭੈ ਚੌਟਾਲਾ ਵਲੋਂ ਇਸ ਮਸਲੇ ਨਾਲ ਸੂਬੇ ਅਤੇ ਕੇਂਦਰ ਵਿਚ ਸਥਾਪਿਤ ਭਾਜਪਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਲਾਹਾ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੈਣਾ ਚਾਹੁੰਦੇ ਹਨ।

ਅਭੈ ਚੌਟਾਲਾ ਨੇ ਕਿਹਾ ਕਿ ਸਰਕਾਰ 1 ਮਈ ਤਕ ਨਹਿਰ ਬਣਾਉਣੀ ਸ਼ੁਰੂ ਕਰੇ ਨਹੀਂ ਤਾਂ ਵੱਡੇ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਗੌਰਤਲਬ ਹੈ ਕਿ ਇਨੈਲੋ ਵਲੋਂ ਇਸ ਮਸਲੇ ਨੂੰ ਚੁੱਕਣ ਲਈ ਲਗਾਤਾਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਸ ਤਹਿਤ ਬੀਤੇ ਸਾਲ ਫਰਵਰੀ ਵਿਚ ਜਲ ਅੰਦੋਲਨ ਸ਼ੁਰੂ ਕੀਤਾ ਗਿਆ, 23 ਫਰਵਰੀ ਨੂੰ ਪਾਰਟੀ ਨੇ ਸੰਭੂ ਬਾਰਡਰ ਨਜ਼ਦੀਕ ਨਹਿਰ ‘ਤੇ ਸੰਕੇਤਕ ਪਟਾਈ ਕੀਤੀ ਸੀ। ਇਸ ਤੋਂ ਇਲਾਵਾ ਬੀਤੇ ਸਾਲ 29 ਜੁਲਾਈ ਨੂੰ ਪੰਜਾਬ ਨੂੰ ਜਾਂਦੇ ਰਸਤੇ ਵੀ ਪਾਰਟੀ ਵਲੋਂ ਬੰਦ ਕੀਤੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: