ਸਿੱਖ ਖਬਰਾਂ

ਦੋਵੇਂ ਕਾਂਗਰਸੀ ਸਰਕਾਰਾਂ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਬਦਲੀ ਦਾ ਰਾਹ ਪੱਧਰਾ ਕਰਨ: ਰਾਜਸਥਾਨ ਕਮੇਟੀ

December 29, 2018 | By

ਸ੍ਰੀ ਗੰਗਾਨਗਰ: ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਸਥਾਨ ਦੀ ਨਵੀਂ ਬਣੀ ਕਾਂਗਰਸ ਸਰਕਾਰ ਨੂੰ ਜੈਪੁਰ ਜੇਲ੍ਹ ਵਿਚ ਕੈਦ ਸਿੱਖ ਰਾਜਸੀ ਕੈਦੀ (ਬੰਦੀ ਸਿੰਘ) ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਪੰਜਾਬ ਵਿਚ ਬਦਲਣ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖੀ ਹੈ।

ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ.ਬਲਜਿੰਦਰ ਸਿੰਘ ਮੋਰਜੰਡ ਵਲੋਂ ਲਿਖੀ ਇਸ ਚਿੱਠੀ ਵਿਚ ਉਹਨਾਂ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਬਣਨ ਉੱਤੇ ਵਧਾਈ ਦੇਂਦਿਆਂ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਬਦਲੀ ਪੰਜਾਬ ਕਰਨ ਦੀ ਮੰਗ ਕੀਤੀ ਹੈ।

ਉਹਨਾਂ ਅੱਗੇ ਲਿਖਿਆ ਕਿ “ਪਿਛਲੀ ਭਾਜਪਾਈ ਵਸੁੰਧਰਾ ਰਾਜੇ ਦੀ ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ  ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਬਦਲੀ ਦੀ ਜੋ ਗੱਲਬਾਤ ਚਲ ਰਹੀ ਸੀ ਸੂਬੇ ਵਿਚ ਚੋਣਾਂ ਹੋਣ ਕਾਰਣ ਉਹ ਟੁੱਟ ਗਈ ਸੀ, ਹੁਣਜੇ ਨਵੀਂ ਸਰਕਾਰ ਕਾਂਗਰਸ ਦੀ ਬਣੀ ਹੈ ਤਾਂ ਦੋਵਾਂ ਸੂਬਿਆਂ ਦੀਆਂ ਕਾਂਗਰਸੀ ਸਰਕਾਰਾਂ ਨੂੰ ਆਪਸੀ ਸਹਿਯੋਗ ਨਾਲ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਬਦਲੀ ਦੇ ਕਾਰਜ ਨੂੰ ਨੇਪਰੇ ਚਾੜ੍ਹਨਾ ਚਾਹੀਦਾ ਹੈ।

ਸੰਬੰਧਤ ਲੇਖ – ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਲਈ ਸਿਆਸੀ ਇੱਛਾ ਸ਼ਕਤੀ ਦਾ ਪ੍ਰਗਟਾਅ ਸਮੇਂ ਦੀ ਲੋੜ

ਸਿੱਖ ਰਾਜਸੀ ਕੈਦੀ (ਬੰਦੀ ਸਿੰਘ) ਭਾਈ ਹਰਨੇਕ ਸਿੰਘ ਭੱਪ ਦੀ ਤਸਵੀਰ।

ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਆਪਣੇ ਲੇਖ- ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਲਈ ਸਿਆਸੀ ਇੱਛਾ ਸ਼ਕਤੀ ਦਾ ਪ੍ਰਗਟਾਅ ਸਮੇਂ ਦੀ ਲੋੜ- ਵਿਚ ਭਾਈ ਹਰਨੇਕ ਸਿੰਘ ਭੱਪ ਜੀ ਦਾ ਜਿਕਰ ਕਰਦੇ ਹੋਏ ਲਿਖਦੇ ਹਨ ਕਿ “ਭਾਈ ਹਰਨੇਕ ਸਿੰਘ ਭੱਪ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੁਟਾਹਰੀ, ਥਾਣਾ ਡੇਹਲੋ, ਜਿਲ੍ਹਾ ਲੁਧਿਆਣਾ 2004 ਤੋਂ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ (ਰਾਜਸਥਾਨ) ਵਿਚ ਅਗਵਾ ਦੇ ਇਕ ਕੇਸ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਉਹ ਰਾਜਸਥਾਨ ਸਰਕਾਰ ਦੇ ਉਮਰ ਕੈਦੀ ਹਨ ਅਤੇ ਹੋਰ ਕੋਈ ਕੇਸ ਦਰਜ਼ ਨਹੀਂ ਹੈ ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ। ਭਾਈ ਭੱਪ ਦੀ ਪੰਜਾਬ ਵਿਚ ਜੇਲ੍ਹ ਤਬਦੀਲੀ ਪਹਿਲਾਂ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਸੀ ਕਿ ਉਹਨਾਂ ਵਲੋਂ ਰਾਜਸਥਾਨ ਹਾਈ ਕੋਰਟ ਵਿਚ ਲਾਈ ਅਪੀਲ ਵਿਚਾਰ ਅਧੀਨ ਹੈ ਪਰ ਅਸਲ ਵਿਚ ਹਾਈ ਕੋਰਟ ਵਿਚ ਕੋਈ ਅਪੀਲ ਨਾ ਤਾਂ ਪਹਿਲਾਂ ਲਗਾਈ ਗਈ ਸੀ ਅਤੇ ਨਾ ਹੀ ਭਵਿੱਖ ਵਿਚ ਲਗਾਈ ਜਾਵੇਗੀ ਅਤੇ ਜਦੋਂ ਇਹ ਗੱਲ ਜੇਲ੍ਹ ਸੁਪਰਡੈਂਟ ਨੂੰ ਦੱਸੀ ਗਈ ਤਾਂ ਉਸਨੇ ਭਾਈ ਭੱਪ ਦੀ ਜੈਪੁਰ ਜੇਲ੍ਹ ਰਾਜਸਥਾਨ ਤੋਂ ਨਾਭਾ ਜੇਲ੍ਹ ਪੰਜਾਬ ਵਿਚ ਤਬਦੀਲ ਕਰਨ ਦੀ ਸਿਫਾਰਸ ਡਿਸਪੈਚ ਨੰਬਰ 10623 ਤਰੀਕ 4-9-2018 ਨੂੰ ਕੀਤੀ ਜਾ ਚੁੱਕੀ ਹੈ ਪਰ ਡੀ. ਜੀ. ਪੁਲਿਸ (ਜੇਲ੍ਹਾਂ) ਜੈਪੁਰ ਰਾਜਸਥਾਨ ਦੇ ਦਫਤਰ ਵਿਚ ਰੋਕੀ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,