ਲੇਖ

1 ਜਨਵਰੀ 1993: ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਕਦੋਂ?

By ਸਿੱਖ ਸਿਆਸਤ ਬਿਊਰੋ

February 27, 2018

– ਐਡਵੋਕੇਟ ਜਸਪਾਲ ਸਿੰਘ ਮੰਝਪੁਰ

“1 ਜਨਵਰੀ 1993 ਦੀ ਸ਼ਾਮ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸਦਰ ਪੁਲਿਸ ਠਾਣੇ ਜਗਰਾਓਂ ਤੋਂ ਚੁੱਕ ਕੇ ਕਿਸੇ ਹੋਰ ਥਾਂ ’ਤੇ ਲਿਜਾਇਆ ਗਿਆ। ਉਸ ਸਮੇਂ ਉਹ ਲਗਭਗ ਮਰਿਆ ਹੋਇਆ ਸੀ, ਕਿਉਂਕਿ ਜਿੰਨਾ ਤਸ਼ੱਦਦ ਉਸ ’ਤੇ ਹੋਇਆ ਸੀ, ਉਹ ਬਿਆਨ ਕਰਨਾ ਔਖਾ ਹੈ।” ਇਹ ਬਿਆਨ ਮਨੁੱਖੀ ਹੱਕਾਂ ਦੇ ਕਾਰਕੁੰਨ ਰਾਮ ਨਰਾਇਣ ਕੁਮਾਰ ਦੀ ਪੁਸਤਕ “ਪੰਜਾਬ ਵਿੱਚ ਦਹਿਸ਼ਤ”  ਵਿਚ ਉਸ ਸਮੇਂ ਡਿਊਟੀ ’ਤੇ ਤਾਇਨਾਤ ਇੱਕ ਐਸ. ਐਸ. ਪੀ ਨਾਲ ਮੁਲਾਕਾਤ ਦੇ ਹਵਾਲੇ ਰਾਹੀਂ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਧਾਰਮਿਕ ਸਖਸ਼ੀਅਤ ਜਥੇਦਾਰ ਕਾਉਂਕੇ ਨੂੰ ਉਸ (ਐਸ. ਐਸ. ਪੀ) ਦੀ ਮੌਜੂਦਗੀ ਵਿੱਚ ਸਦਰ ਪੁਲਿਸ ਠਾਣੇ ਜਗਰਾਓਂ ਵਿੱਚ ਤਸ਼ੱਦਦ ਕਰਕੇ ਮੌਤ ਦੇ ਨੇੜੇ ਪਹੁੰਚਾਇਆ ਗਿਆ। ਐਸ. ਐਸ. ਪੀ ਜਗਰਾਓਂ ਸਵਰਨ ਸਿੰਘ ਨੇ ਜਥੇਦਾਰ ਕਾਉਂਕੇ ਨੂੰ ਇਸ ਕਰਕੇ ਮਾਰਨ ਦਾ ਫੈਸਲਾ ਕੀਤਾ ਕਿ ਉਸਦਾ ਤਬਾਦਲਾ ਰੁਕ ਜਾਵੇ। ਪੁਸਤਕ ਦੇ ਲੇਖਕ ਨੇ ਜਿਸ ਐਸ. ਐਸ. ਪੀ ਨਾਲ ਮੁਲਾਕਾਤ ਕੀਤੀ ਉਸ ਦਾ ਨਾਂ ਕਿਤਾਬ ਵਿੱਚ ਜ਼ਾਹਰ ਨਹੀਂ ਕੀਤਾ।

ਇਸ ਮੁਲਾਕਾਤ (ਇੰਟਰਵਿਊ) ਮੁਤਾਬਕ ‘1 ਜਨਵਰੀ 1993 ਦੀ ਸ਼ਾਮ ਨੂੰ ਉਸਨੇ ਦੇਖਿਆ ਕਿ ਜਥੇਦਾਰ ਕਾਉਂਕੇ ਸਦਰ ਪੁਲਿਸ ਠਾਣਾ ਜਗਰਾਓਂ ਦੇ ਇੱਕ ਸੈੱਲ ਵਿੱਚ ਫਰਸ਼ ਉੱਤੇ ਗੁੱਛਾ-ਮੁੱਛਾ ਬਣ ਕੇ ਲੇਟਿਆ ਹੋਇਆ ਸੀ। ਇਸੇ ਦੌਰਾਨ ਸਵਰਨ ਸਿੰਘ (ਘੋਟਨਾ) ਐੱਸ. ਐੱਸ. ਪੀ ਜਗਰਾਓਂ ਨੇ ਜਥੇਦਾਰ ਕਾਉਂਕੇ ਉੱਤੇ ਪਾਇਆ ਹੋਇਆ ਕੰਬਲ ਲਾਹ ਕੇ ਸੁੱਟ ਦਿੱਤਾ ਤੇ ਡੀ. ਐਸ. ਪੀ ਸੋਢੀ ਤੇ ਇੱਕ ਪੁਲਿਸ ਮੁਲਾਜ਼ਮ ਚਾਨਣ ਸਿੰਘ ਨੇ ਉਸਦੇ ਠੁੱਢੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਉਸਦਾ ਖੂਨ ਵਗਣਾ ਸ਼ੁਰੂ ਹੋਇਆ ਤਾਂ ਸਵਰਨ ਸਿੰਘ ਨੇ ਮੇਰੇ ਵੱਲ ਵੇਖਿਆ ਤੇ ਕਿਹਾ “ਤੁਹਾਡੇ ਜਥੇਦਾਰ ਦਾ …’’। ਉਸਨੇ ਵਾਰ-ਵਾਰ ਇਹ ਗੱਲ ਕਹੀ ਕਿਉਂਕਿ ਜਥੇਦਾਰ ਕਾਉਂਕੇ ਨਾਲ ਹਮਦਰਦੀ ਕਾਰਨ ਉਹ ਮੈਨੂੰ ਟਾਂਚਬਾਜ਼ੀ ਕਰ ਰਿਹਾ ਸੀ’।

ਐਸ. ਐਸ. ਪੀ ਮੁਤਬਿਕ ਜਥੇਦਾਰ ਕਾਉਂਕੇ ਦੇ ਕਿਸੇ ਵੀ ਕੇਸ ਵਿੱਚ ਸ਼ਾਮਿਲ ਹੋਣ ਬਾਰੇ ਕੋਈ ਪੱਕਾ ਸਬੂਤ ਨਹੀਂ ਸੀ ਮਿਲ ਰਿਹਾ ਅਤੇ ਉਸਨੇ ਸਮੇਂ ਦੇ ਐਸ. ਐਸ. ਪੀ ਸਵਰਨ ਸਿੰਘ ਨਾਲ ਇਸ ਮਸਲੇ ’ਤੇ ਝਗੜਾ ਵੀ ਕੀਤਾ। ਉਸ ਸਮੇਂ ਠਾਣਾ ਸਦਰ ਜਗਰਾਓਂ ਦੇ ਐਸ. ਐਚ. ਓ. ਗੁਰਮੀਤ ਸਿੰਘ ਨੇ ਉਸ ’ਤੇ ਤਰਸ ਖਾ ਕੇ ਕਾਉਂਕੇ ਦੇ ਸੈਲ ਵਿੱਚ ਇਕ ਕੰਬਲ ਤੇ ਹੀਟਰ ਲਾ ਦਿੱਤਾ। ਉਸਦੀ ਇਸ ਹਮਦਰਦੀ ਕਾਰਨ ਐਸ. ਐਸ. ਪੀ ਸਵਰਨ ਸਿੰਘ ਨੇ ਉਸਨੂੰ ਗਾਲਾਂ ਤੱਕ ਕੱਢੀਆਂ ਤੇ ਇਸ ਪਿੱਛੋਂ ਉਸ ’ਤੇ ਫਿਰ ਤਸ਼ੱਦਦ ਕੀਤਾ ਗਿਆ ਜਿਸ ਨਾਲ ਉਸ ਦਾ ਲੱਕ ਤੋਂ ਹੇਠਲਾ ਹਿੱਸਾ ਟੁੱਟ ਗਿਆ ਤੇ ਬੁਰੀ ਤਰ੍ਹਾਂ ਖੁਨ ਵਹਿਣਾ ਸ਼ੁਰੂ ਹੋ ਗਿਆ।

ਅਸਲ ਵਿੱਚ 25 ਦਸੰਬਰ 1992 ਨੂੰ ਜਥੇਦਾਰ ਕਾਉਂਕੇ ਨੂੰ ਹਜ਼ਾਰਾਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡੋਂ ਚੁੱਕਿਆ ਗਿਆ ਸੀ ਤੇ 4 ਜਨਵਰੀ 1993 ਦੀਆਂ ਅਖਬਾਰਾਂ ਵਿੱਚ ਉਸਦੀ ਫਰਾਰੀ ਦੀਆਂ ਖਬਰਾਂ ਲੱਗ ਗਈਆਂ। ਇਸ ਦਰਮਿਆਨ ਦੀ ਵਾਪਰੀ ਸੱਚਾਈ ਉੱਤੋਂ ਪਰਦਾ ਚੁੱਕਣ ਲਈ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ 1997 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਏ. ਡੀ. ਜੀ. ਪੀ ਸ਼੍ਰੀ ਬੀ. ਪੀ. ਤਿਵਾੜੀ ਨੂੰ ਇਸ ਕਾਂਡ ਦੀ ਜਾਂਚ ਸੌਂਪੀ ਗਈ ਜਿਸ ਨੇ ਜਥੇਦਾਰ ਕਾਉਂਕੇ ਦੇ ਕਤਲ ਲਈ ਪੁਲਿਸ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਪਰ ਬਾਦਲ ਸਰਕਾਰ ਨੇ ਇਸ ਰਿਪੋਰਟ ਦੇ ਅਧਾਰ ’ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ, ਹਾਲਾਂ ਕਿ ਸ਼੍ਰੀ ਤਿਵਾੜੀ ਦੇ 22 ਫਰਵਰੀ 2000 ਨੂੰ ਛਪੇ ਬਿਆਨ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਸ ਕਾਂਡ ਵਿੱਚ ਪੁਲਿਸ ਪੂਰੀ ਤਰ੍ਹਾਂ ਦੋਸ਼ੀ ਹੈ।

ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਮਾਮਲੇ ਦੀ ਮੁੜ ਜਾਂਚ ਸੰਨ 2003 ਵਿੱਚ ਪੁਲਿਸ ਦੇ ਆਈ. ਜੀ. ਐੱਸ. ਕੇ. ਸ਼ਰਮਾ, ਜਗਰਾਓਂ ਦੇ ਐੱਸ. ਐੱਸ. ਪੀ ਸੁਖਵਿੰਦਰ ਸਿੰਘ ਛੀਨਾ ਤੇ ਦੋ ਹੋਰ ਪੁਲਿਸ ਕਪਤਾਨਾਂ ਤੋਂ ਕਰਵਾਈ। ਨਵੀਂ ਜਾਂਚ ਵਿੱਚ ਪੁਲਿਸ ਨੂੰ ‘ਕਲੀਨ ਚਿੱਟ’ ਦੇ ਦਿੱਤੀ ਗਈ ਤੇ ਨਾਲ ਹੀ ਪੁਲਿਸ ਨੂੰ ਹਿਦਾਇਤ ਕੀਤੀ ਗਈ ਕਿ ਉਹ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਲੱਭੇ ਤੇ ਗ੍ਰਿਫਤਾਰ ਕਰੇ।

ਪਿਛਲੇ ਦਿਨੀਂ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਨੂੰ ਪੰਜਾਬ ਵਿਚਲੇ ਅਠਾਰਾਂ ਹਜ਼ਾਰ ਭਗੌੜਿਆ ਵਿੱਚੋਂ ਅੱਧੇ ਭਗੌੜਿਆਂ ਨੂੰ 6 ਮਹੀਨਿਆਂ ਵਿੱਚ ਗ੍ਰਿਫਤਾਰ ਕਰਨ ਲਈ ਕਿਹਾ ਹੈ। ਪਰ ਇਹਨਾਂ ਭਗੌੜਿਆਂ ਵਿੱਚੋਂ ਬਹੁਤਿਆਂ ਦੀ ਸੱਚਾਈ ਜਥੇਦਾਰ ਕਉਂਕੇ ਵਰਗੀ ਹੈ, ਜਿਨਹਾਂ ਨੂੰ ਪੁਲਿਸ ਨੇ ਮਾਰ ਕੇ ਖਪਾ ਦਿੱਤਾ ਹੈ, ਲੇਕਿਨ ਪੁਲਿਸ ਰਿਕਾਰਡ ਵਿੱਚ ਉਹ ਅਜੇ ਵੀ ਭਗੌਵੇ ਕਰਾਰ ਦਿੱਤੇ ਹੋਏ ਹਨ।

ਸੋ ਮਨੁੱਖੀ ਹੱਕਾਂ ਦੀ ਪੈਰਵੀ ਕਰਨ ਵਾਲੀਆਂ ਜਥੇਬੰਦੀਆਂ ਦੀ ਇਹ ਜ਼ਿੰਮੇਵਾਰੀ ਬਣੀ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ 18ਵੀਂ ਬਰਸੀ ਮੌਕੇ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਆਵਾਜ਼ ਬੁਲੰਦ ਕਰਨ। ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ; ਕਿਉਂਕਿ ਉਨਹਾਂ ਦੇ ਹਮ-ਰੁਤਬਾ ਤੇ ਕੌਮ ਦੀ ਸਿਰਮੌਰ ਹਸਤੀ ਨੂੰ ਪੁਲਿਸ ਵੱਲੋਂ ਮਾਰ ਕੇ ਖਪਾ ਦਿੱਤਾ ਗਿਆ ਹੈ ਤੇ ਕਾਤਲ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: